ਸੰਪਾਦਕੀ

ਪੰਜਾਬੀਆਂ ਤੋਂ ‘ਵੀਰ ਬਾਲ ਦਿਵਸ’ ਨੂੰ ਮਾਨਤਾ ਨਹੀਂ ਮਿਲੇਗੀ

January 11, 2022 11:22 AM

ਇੱਕ ਮੁੱਦਤ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਫ਼ਿਰਕੂ ਵਿਚਾਰਧਾਰਾ ਦੇ ਕੱਟੜ ਸਮਰਥਕ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਸੰਘ ਦੇ ਸੰਪਰਦਾਇਕ ਏਜੰਡੇ ਨੂੰ ਲਾਗੂ ਕਰਨ ਲਈ ਵਰਤਣ ਦਾ ਯਤਨ ਕਰਦੇ ਰਹੇ ਹਨ ਹਾਲਾਂਕਿ ਸਿੱਖ ਗੁਰੂਆਂ ਦੀਆਂ ਸਭ ਸਿੱਖਿਆਵਾਂ ਮਨੁੱਖਾਂ ਨੂੰ ਇੱਕ ਸਮਾਨ ਸਮਝਣ ’ਤੇ ਹੀ ਜ਼ੋਰ ਦਿੰਦੀਆਂ ਹਨ। ਕੁਝ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਸੰਘ ਸਮਰਥਕ 14 ਨਵੰਬਰ ਨੂੰ ਸਾਹਿਬਜ਼ਾਦਿਆਂ ਦਾ ਜਨਮ ਦਿਵਸ ਮਨਾਉਣ ਲਈ ਨਿਸ਼ਚਿਤ ਕਰਨ ਦੀਆਂ ਅਪੀਲਾਂ ਕਰਦੇ ਰਹੇ ਹਨ। 14 ਨਵੰਬਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ-ਦਿਨ ਹੈ ਅਤੇ ਇਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਬਾਲ ਦਿਵਸ ਵਿਰੁੱਧ ਪ੍ਰਚਾਰ ਦਾ ਨਿਸ਼ਾਨਾ ਜਵਾਹਰ ਲਾਲ ਨਹਿਰੂ ਨੂੰ ਬਣਾਉਣਾ ਸੀ ਅਤੇ ਪ੍ਰਚਾਰ ਦਾ ਢੰਗ ਤਰੀਕਾ ਠੇਠ ਸੰਘੀ ਰੰਗ ਵਿੱਚ ਰੰਗਿਆ ਸੀ ਕਿ ਆਪਣੇ ਸੌੜੇ ਸਿਆਸੀ ਅਤੇ ਫ਼ਿਰਕੂ ਮੰਤਵ ਪ੍ਰਾਪਤ ਕਰਨ ਲਈ ਧਾਰਮਿਕ ਭਾਵਨਾਵਾਂ ਜਗਾਓ ਤੇ ਭੜਕਾਓ ਅਤੇ ਤੱਥਾਂ ਪ੍ਰਤੀ ਵੀ ਭਰਮ ਫੈਲਾਓ। ਇਸ ਸਿਲਸਿਲੇ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਬਾਬਤ ਵੀ ਗੁਮਰਾਹਕੁਨ ਪ੍ਰਚਾਰ ਕੀਤਾ ਗਿਆ ਸੀ ਅਤੇ ਇਸ ਦਿਨ ਨੂੰ ਤੱਥਾਂ ਦੀ ਪ੍ਰਵਾਹ ਕੀਤੇ ਬਗ਼ੈਰ 14 ਨਵੰਬਰ ਨਾਲ ਜੋੜਿਆ ਜਾਂਦਾ ਰਿਹਾ ਹੈ। ਪੰਜਾਬ ’ਚ ਦਸੰਬਰ ਦੇ 21 ਤੋਂ 27 ਤਾਰੀਕ ਤੱਕ ਦੇ ਦਿਨ ਵੱਡਮੁੱਲੀ ਮਹੱਤਵਤਾ ਵਾਲੇ ਹਨ ਜਿਨ੍ਹਾਂ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਚਾਰੋਂ ਸਾਹਿਬਜ਼ਾਦੇ ਸ਼ਹਾਦਤ ਪਾ ਗਏ। ਉਨ੍ਹਾਂ ਦਿਨਾਂ ਦੀ ਯਾਦ ’ਚ ਰਿਣੀ ਪੰਜਾਬ ਹਰੇਕ ਦਸੰਬਰ ਦੀ 25 ਤੋਂ 27 ਤਰੀਕ ਨੂੰ ਸ਼ਹੀਦੀ-ਸਭਾ ਮਨਾ ਕੇ ਸ਼ਰਧਾ ਤੇ ਸਨਮਾਨ ਅਰਪਿਤ ਕਰਦਾ ਹੈ। ਹਿੰਦੂਤਵੀ ਤੱਤਾਂ ਨੇ ਜੋੜ ਮੇਲ ਦੇ ਦਿਨਾਂ ਨੂੰ ਕ੍ਰਿਸਮਿਸ ਦਿਵਸ ਦੇ ਉਲਟ ਖੜ੍ਹਾ ਕਰਨ ਦਾ ਵੀ ਯਤਨ ਕੀਤਾ ਕਿ ਅਸੀਂ ਆਪਣਾ ਵਿਰਸਾ ਭੁੱਲ ਕੇ ਹੋਰਨਾਂ ਧਰਮਾਂ ਦੇ ਮੁਰੀਦ ਬਣ ਰਹੇ ਹਨ। ਇਹ ਤੱਤ ਇਸ ਤੱਥ ਤੋਂ ਅਗਿਆਨੀ ਹਨ ਕਿ ਸਿੱਖ ਧਰਮ ’ਚ ਸਭਨਾ ਧਰਮਾਂ ਦਾ ਆਦਰ ਕਰਨਾ ਅਤੇ ਸਭ ਧਰਮਾਂ ਦੇ ਅਨੁਯਾਈਆਂ ਨੂੰ ਇੱਕ ਸਮਾਨ ਸਮਝਣਾ ਕੇਂਦਰੀ ਅਕੀਦਾ ਹੈ ਜਿਸ ਲਈ ਸਿੱਖ ਗੁਰੂਆਂ ਨੇ ਲਾਸਾਨੀ ਕੁਰਬਾਨੀਆਂ ਵੀ ਦਿੱਤੀਆਂ ਹਨ।
ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਰੇਕ ਸਾਲ 26 ਦਸੰਬਰ ਦੇ ਦਿਨ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਐਲਾਨ ਕਰਦਿਆਂ ਕਿਹਾ ‘‘ਇਨ੍ਹਾਂ ਦੋ ਮਹਾਨਾਂ ਨੇ ਧਰਮ ਦੇ ਸ਼ਾਨਦਾਰ ਅਸੂਲਾਂ ਦਾ ਤਿਆਗ ਕਰਨ ਦੀ ਥਾਂ ਜਾਨ ਕੁਰਬਾਨ ਕਰਨ ਨੂੰ ਤਰਜੀਹ ਦਿੱਤੀ। ਪ੍ਰਧਾਨ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਚਾਰੋਂ ਸਾਹਿਬਜ਼ਾਦਿਆਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ‘‘ਉਹ ਕਦੇ ਬੇਇਨਸਾਫੀ ਸਾਹਮਣੇ ਨਹੀਂ ਝੁਕੇ।’’
ਪ੍ਰਧਾਨ ਮੰਤਰੀ ਨੇ ਖਾਲਸ ਭਾਜਪਾਈ ਢੰਗ ਨਾਲ ‘ਵੀਰ’ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਪਾਰਟੀ ਨੇ ਵਿਨਾਇਕ ਦਾਮੋਦਰ ਸਾਵਰਕਰ ਨੂੰ ਵੀ ‘ਵੀਰ ਸਾਵਰਕਰ’ ਵਜੋਂ ਪ੍ਰਸਿੱਧ ਕੀਤਾ ਹੋਇਆ ਹੈ। ਪੰਜਾਬ ’ਚ ਗੁਰੂ ਗੋਬਿੰਦ ਸਿੰਘ ਜੀ ਦੀ ਔਲਾਦ ‘ਸਾਹਿਬਜ਼ਾਦਿਆਂ’ ਵਜੋਂ ਜਾਣੀ ਜਾਂਦੀ ਹੈ ਅਤੇ ਸਤਕਾਰ ਨਾਲ ਉਨ੍ਹਾਂ ਨੂੰ ‘ਬਾਬਾ’ ਆਖਿਆ ਜਾਂਦਾ ਹੈ। ‘ਵੀਰ ਬਾਲ’ ਸਾਹਿਬਜ਼ਾਦਿਆਂ ਦੇ ਮੇਚ ਨਹੀਂ ਆਉਂਦਾ ਅਤੇ ‘ਵੀਰਤਾ’ ਸ਼ਹਾਦਤ ਤੋਂ ਬਹੁਤ ਹੇਠਾਂ ਰਹਿ ਜਾਂਦੀ ਹੈ। ਪੰਜਾਬੀਆਂ ਤੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਲਈ ‘ਵੀਰ ਬਾਲ ਦਿਵਸ’ ਨੂੰ ਮਾਨਤਾ ਨਹੀਂ ਮਿਲੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਜਿਹਾ ਐਲਾਨ ਕਰਨ ਤੋਂ ਪਹਿਲਾਂ ਸਿੱਖ ਇਤਹਾਸ ਦੇ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਸੀ। ‘ਵੀਰ ਬਾਲ ਦਿਵਸ’ ਦੇ ਨਾਮ ਹੇਠ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਔਰੰਗਜ਼ੇਬ ਦਾ ਨਾਂ ਲੈਂਦਿਆਂ ਮੁਗ਼ਲਾਂ ਤੇ ਫਿਰ ਮੁਸਲਮਾਨਾਂ ਖ਼ਿਲਾਫ਼ ਹਰ ਸਾਲ ਭੰਡੀ ਪ੍ਰਚਾਰ ਕਰਨਾ ਹੈ ਜੋ ਕਿ ਸਿੱਖ ਗੁਰੂਆਂ ਦੀਆਂ ਸ਼ਹਾਦਤਾਂ ਤੇ ਸਿੱਖ ਧਰਮ ਦੇ ਮੂਲ ਸੁਨੇਹੇ ਦੇ ਅਨੁਸਾਰੀ ਨਹੀਂ ਹੋਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ