ਲੇਖ

ਸੜੇਵਾਂ ਤੇ ਸ਼ਰਾਰਤ

January 11, 2022 11:24 AM

ਰਾਜਿੰਦਰਪਾਲ ਸ਼ਰਮਾ

ਸੜੇਵਾਂ ਤੇ ਸ਼ਰਾਰਤ ਬੰਦੇ ਦੇ ਖ਼ੂਨ ’ਚ ਥੋੜੀ ਬਹੁਤੀ ਮਾਤਰਾ ’ਚ ਹੁੰਦੇ ਹਨ। ਮਾਨਸਿਕ ਵਿਕਾਸ ਨਾਲ ਕਈ ਇਨ੍ਹਾਂ ਤੋਂ ਖਹਿੜਾ ਛੁਡਾਉਂਦੇ ਹਨ ਪਰ ਕਈਆਂ ’ਚ ਕੀਟਾਣੂ ਜ਼ਿਆਦਾ ਹੋਣ ਕਾਰਨ ਵੇਲੇ ਕੁਵੇਲੇ ਜਾਹਿਰ ਹੋ ਕੇ ਰਹਿੰਦੇ ਹਨ। ਜਮਾਂਦਰੂ ਨੁਕਸ ਵਾਲਿਆਂ ਦਾ ਇਲਾਜ ਅਸੰਭਵ ਜਿਹੀ ਗੱਲ ਹੋ ਜਦੀ ਹੈ ਚਾਹੇ ਵੱਧ ਲਾਹਨਤਾਂ ਪੈਣ ਚੰਗੀ ਸੇਹਤ ਤੇ ਚੰਗੀ ਸੋਚ ਨਾਲ ਕਮੀ ਤਾਂ ਆ ਸਕਦੀ ਹੈ ਪਰ ਬੀਜ ਨਾਸ ਨਹੀਂ ਹੋ ਸਕਦਾ। ਹਰ ਸਮਾਜ ਵਿੱਚ ਕਈ ਤਾਂ ਮਹਾਨ ਕਲਾਕਾਰਾਂ ਵਾਂਗ ਵਿਚਰਦੇ ਹਨ। ਸੜੇਵੇਂ ਸਦਕਾ ਦੂਜੇ ਦੇ ਨੁਕਸਾਨ ਤੇ ਆਪਣੇ ਫਾਇਦੇ ਨਾਲੋਂ ਵੱਧ ਖੁਸ਼ ਹੁੰਦੇ ਹਨ। ਚੰਗੇ ਭਲੇ ਚਲਦੇ ਕੰਮ ਵਿੱਚ ਕੋਈ ਨਾ ਕੋਈ ਸ਼ਰਾਰਤ ਕਰਕੇ ਵਿਗਾੜ ਪਾ ਕੇ ਸਵਾਦ ਲੈਂਦੇ ਹਨ। ਭਲੇ ਮਾਨਸਾ ਵਾਲੀ ਇਹ ਪੱਕੀ ਸਿਰਦਰਦੀ ਅਤੇ ਖ਼ਤਰੇ ਦਾ ਰੂਪ ਹੁੰਦੇ ਹਨ।
ਜਿਹੜੇ ਬੰਦੇ ਪ੍ਰਾਪਤੀਆਂ ਕਰਦੇ ਹਨ ਤੇ ਜਾਂ ਮੱਲਾਂ ਮਾਰਦੇ ਹਨ ਉਹ ਸੜੇਵਾਂ ਗ੍ਰਸਤ ਸੱਜਣਾਂ ਲਈ ਜ਼ਿਆਦਾ ਤਕਲੀਫ਼ ਦਾ ਕਾਰਨ ਬਣਦੇ ਹਨ। ਇੱਕੋ ਜਿਹੇ ਸਾਧਾਰਨ ਪ੍ਰਕਾਰ ਦੇ ਸੱਜਣ ਇਕ ਦੂਜੇ ਨੁੰ ਦੇਖ ਕੇ ਕੋਈ ਤਕਲੀਫ਼ ਮਹਿਸੂਸ ਨਹੀਂ ਕਰਦੇ ਸਗੋਂ ਸੰਤੁਸ਼ਟ ਤੇ ਖੁਸ਼ ਰਹਿੰਦੇ ਹਨ। ਇਸੇ ਪ੍ਰਕਾਰ ਸ਼ਰਾਰਤੀ ਅਕਸਰ ਜੋ ਕੋਈ ਨਾ ਕੋਈ ਤਮਾਸ਼ਾ ਖੜਾ ਕਰਕੇ ਅਨੰਦ ਮਾਣਦੇ ਹਨ, ਉਦਾਸ ਹੋ ਜਾਂਦੇ ਹਨ ਜੇ ਇਨ੍ਹਾਂ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਾ ਮਿਲੇ। ਇਹ ਕਈ ਵਾਰ ਸਮੁੱਚੇ ਤੌਰ ’ਤੇ ਸਮਾਜ ਲਈ ਹਾਨੀਕਾਰਕ ਸਿੱਧ ਹੁੰਦੇ ਹਨ। ਅਫ਼ਵਾਹਾਂ ਫੈਲਾ ਕੇ ਖੁਸ਼ ਹੁੰਦੇ ਹਨ। ਤੇ ਹੁਣ ਫੇਸਬੁੱਕ ਤੇ ਵਟਸਅਪ ਆਦਿ ਇਨ੍ਹਾਂ ਲਈ ਚੰਗੇ ਹਥਿਆਰ ਉਪਲਬੱਧ ਹੋ ਗਏ ਹਨ। ਤਮਾਸ਼ਾ ਖੜਾ ਕਰਨਾ, ਦੂਜੇ ਨੂੰ ਤਕਲੀਫ਼ ਦੇਣੀ ਜਾਂ ਉਸਦਾ ਹੁਲੀਆ ਵਗਾੜਣ ’ਚ ਇਹ ਚੰਗੀ ਮੁਹਾਰਤ ਰੱਖਦੇ ਹਨ ਤੇ ਫਿਰ ਅੰਦਰਖਾਤੇ ਸਵਾਦ ਲੈਂਦੇ ਹਨ।
ਚਾਹੇ ਇਨ੍ਹਾਂ ਲੱਛਣਾਂ ਦੀ ਕਿੰਨੀ ਨਿੰਦਿਆ ਹੋ ਜਾਵੇ ਪਰ ਇਹ ਸਦੀਵੀ ਤੋਰ ’ਤੇ ਕਾਇਮ ਚਲੇ ਆ ਰਹੇ ਹਨ। ਧਾਰਮਿਕ ਗ੍ਰੰਥਾਂ ਤੇ ਹੋਰ ਫਲਸਫ਼ੇ ਦੀਆਂ ਪੁਸਤਕਾਂ ’ਚ ਕਿੱਸੇ ਕਹਾਣੀਆਂ ਦਰਜ ਹਨ ਜੋ ਸੜੇਵੇਂ ਤੇ ਸ਼ਰਾਰਤ ਦੇ ਮਾਰੂ ਪ੍ਰਭਾਵ ਪ੍ਰਗਟਾਉਂਦੀਆਂ ਹਨ। ਰਮਾਇਣ ’ਚ ਸ੍ਰੀ ਰਾਮ ਚੰਦਰ ਦਾ ਬਨਵਾਸ ਮਾਤਾ ਕੈਕਈ ਦੇ ਸੜੇਵੇਂ ਸਦਕਾ ਹੋਇਆ ਕਿਉਂਕਿ ਉਹ ਮਹਾਰਾਜ ਰਾਮ ਦੀ ਥਾਂ ਆਪਣੇ ਪੁੱਤਰ ਨੂੰ ਰਾਜ ਸਿੰਘਾਸਨ ਦੇਣਾ ਚਾਹੁੰਦੀ ਸੀ। ਰਾਜ ਮਹਿਲਾਂ ਦੀਆਂ ਸਕੀਮਾਂ ਤੇ ਇੱਕ ਦੂਜੇ ਨੂੰ ਨੀਵਾਂ ਵਖਾਉਣ ਦੀਆਂ ਕਹਾਣੀਆਂ ਦੀ ਵੀ ਅਨੇਕਾਂ ਵਾਰ ਚਰਚਾ ਹੁੰਦੀ ਹੈ। ਹੁਣ ਦੇ ਦੌਰ ’ਚ ਵੀ ਬਥੇਰਾ ਕੁਝ ਹੁੰਦਾ ਹੈ ਜੋ ਸੜੇਵਾਂ ਤੇ ਸ਼ਰਾਰਤ ਦੀ ਮਹਿਮਾ ਨੂੰ ਉਜਾਗਰ ਕਰਦਾ ਹੈ। ਹੁਣ ਤਾਂ ਇਸ ਦੀ ਭਰਮਾਰ ਹੈ ਕਿਉਂਕਿ ਜੀਵਨ ਗੁੰਝਲਦਾਰ ਤੇ ਜ਼ਿਆਦਾ ਮੁਕਾਬਲੇਬਾਜ਼ੀ ਵਾਲਾ ਹੋ ਗਿਆ ਹੈ।
ਹੁਣ ਦੇ ਦੌਰ ’ਚ ਸਪਸ਼ਟ ਤੇ ਸਿੱਧੇ ਢੰਗ ਘੱਟ ਵਰਤੇ ਜਾਂਦੇ ਹਨ। ਸਾਇੰਸ ਦੀ ਤਰੱਕੀ ਕਰਕੇ ਜੀਵਨ ਸ਼ੈਲੀ ਕਾਫੀ ਬਦਲ ਗਈ ਹੈ। ਹੁਣ ਸ਼ਰੀਰਕ ਨੁਕਸਾਨ ਪਹੁੰਚਾਉਣ ਦੀ ਥਾਂ ਕਿਸੇ ਦਾ ਕਾਰੋਬਾਰ ਖ਼ਰਾਬ ਕਰਕੇ ਜ਼ਿਆਦਾ ਸਵਾਦ ਲਿਆ ਜਾਂਦਾ ਹੈ। ਕਿਸੇ ਨੂੰ ਸਰਕਾਰੇ ਦਰਬਾਰੇ ਪਹੁੰਚ ਸਦਕਾ ਝੂਠੇ ਕੇਸ ’ਚ ਫਸਾ ਕੇ ਆਨੰਦ ਮਾਣਿਆ ਜਾਂਦਾ ਹੈ। ਆਧੁਨਿਕ ਜਾਂ ਮਾਡਰਨ ਹੱਥਕੰਡੇ ਜ਼ਿਆਦਾ ਵਰਤੇ ਜਾਣ ਲੱਗੇ ਹਨ। ਚਾਹੇ ਬੁਨਿਆਦ ਉਹੀ ਹੁੰਦੀ ਹੈ। ਕਿਸੇ ਦੀ ਤਰੱਕੀ ਜਾਂ ਪ੍ਰਾਪਤੀ ਨੂੰ ਕਲੰਕਤ ਕਰਨ ਲਈ ਕੋਈ ਨਾ ਕੋਈ ਸ਼ੋਸ਼ਾ ਛੱਡ ਦਿੱਤਾ ਜਾਂਦਾ ਹੈ। ਉਸਦੇ ਅਤੀਤ ਨਾਲ ਸੰਬੰਧਤ ਕੋਈ ਘਟਨਾ ਦੁਹਰਾਈ ਜਾਂਦੀ ਹੈ ਜਦੋਂ ਉਸਦੀ ਹਾਲਤ ਮਾੜੀ ਰਹੀ ਹੋਵੇ। ਸਪਸ਼ਟ ਹੈ ਕਿ ਸੜੇਵਾਂ ਇੱਕ ਅਜਿਹਾ ਲੱਛਣ ਹੈ ਜੋ ਸਕੇ ਭਰਾਵਾਂ ਅਤੇ ਦੋਸਤਾਂ ਵਿਚਕਾਰ ਵੀ ਵਿੱਥ ਪੈਦਾ ਕਰ ਦਿੰਦਾ ਹੈ। ਸੋ ਇਸ ਨੀਚ ਸੋਚ ਜਾਂ ਰੂਚੀ ਤੋਂ ਬਚਕੇ ਰਹੋ। ਦੂਜੇ ਦੀ ਪ੍ਰਾਪਤੀ ਉਤੇ ਸੜਨ ਦੀ ਥਾਂ ਉਸ ਵਾਂਗ ਆਪ ਮੱਲਾਂ ਮਾਰਨ ਦਾ ਯਤਨ ਕਰੋ।
ਉਂਝ ਸੜੇਵੇਂ ਨਾਲੋਂ ਸ਼ਰਾਰਤ ਦਾ ਖੇਤਰ ਹੁਣ ਵਿਸ਼ਾਲ ਹੋ ਗਿਆ ਹੈ। ਇੰਟਰਨੈਟ ਤੇ ਫੇਸਬੁੱਕਾਂ ਨੇ ਇਸ ਕਲਾ ਨੂੰ ਕਾਫੀ ਉਭਾਰ ਦਿੱਤਾ ਹੈ। ਪਹਿਲੇ ਵੇਲੇ ਤਾਂ ਮੂੰਹੋਂ ਮੂੰਹ ਹੀ ਕੰਮ ਚਲਦਾ ਸੀ ਪਰ ਹੁਣ ਨਵੇਂ ਸਾਧਨਾਂ ਸਦਕਾ ਖੇਤਰ ਬਹੁਤ ਵਿਸ਼ਾਲ ਹੋ ਗਿਆ ਹੈ। ਦਿੱਲੀ ਦੱਖਣ ਸਭ ਥਾਂ ਰੌਲਾ ਪੈ ਜਾਂਦਾ ਹੈ। ਉਂਝ ਸਾਡੇ ਸਿਆਸੀ ਸ਼ੁਰਲੀਆਂ ਤੇ ਸ਼ੋਸ਼ਬਾਜ਼ੀਆਂ ਵੀ ਇਸ ਪਾਸੇ ਰੌਣਕ ਲਾ ਰਹੀਆਂ ਹਨ। ਸਾਡਾ ਸਿਆਸੀ ਸਭਿਅਚਾਰ ਸਿਹਤ ਮੰਦ ਨੁਕਤਾਚੀਨੀ ਦੀ ਥਾਂ ਸੜੇਵੇਂ ’ਤੇ ਵੱਧ ਆਧਾਰਿਤ ਹੋਣ ਕਾਰਨ ਸੋਹਣੇ ਰੰਗ ਲਾਉਂਦਾ ਹੈ। ਵਿਰੋਧ ’ਚ ਹੁੰਦੇ ਹੋਏ ਕਿਸੇ ਗੱਲ ’ਚ ਟੰਗ ਅੜਾਈ ਜਾਂਦੀ ਹੈ ਪਰ ਸੱਤਾਧਾਰੀ ਹੋਣ ਤੇ ਉਸੇ ਦੀ ਪ੍ਰੌੜਤਾ ਸ਼ੁਰੂ ਹੋ ਜਾਂਦੀ ਹੈ। ਇਸੇ ਪ੍ਰਕਾਰ ਪਾਰਟੀਆਂ ਦੂਜੀ ਧਿਰ ਦੇ ਚੰਗੇ ਕੰਮ ਨੂੰ ਅਜਿਹਾ ਰੰਗ ਦਿੰਦੀਆਂ ਹਨ ਕਿ ਉਸ ਦੀ ਸ਼ਾਬਾਸ਼ ਦੂਜੀ ਧਿਰ ਨਾ ਲੈ ਜਾਵੇ।
ਪੁਰਾਣੇ ਸਮੇਂ ਦੀ ਇਕ ਚਰਚਿਤ ਗੱਲ ਦਾ ਜ਼ਿਕਰ ਕੁੱਥਾਂ ਨਹੀਂ ਹੋਵੇਗਾ। ਜਦੋਂ ਭਾਖੜਾ ਡੈਮ ਬਣਿਆ ਤੇ ਬਿਜਲੀ ਪੈਦਾ ਹੋਣ ਲੱਗੀ ਤੇ ਨਹਿਰਾਂ ’ਚ ਪਾਣੀ ਵੀ ਸੰਚਾਈ ਲਈ ਉਪਲੱਬਧ ਹੋ ਗਿਆ। ਵਿਰੋਧੀ ਧਿਰ ਨੇ ਸ਼ੋਸ਼ਾ ਛੱਡ ਦਿੱਤਾ ਕਿ ਪਾਣੀ ਤਾਂ ਫੋਕਾ ਹੀ ਰਹਿ ਗਿਆ ਹੈ ਕਿਉਂਕਿ ਬਿਜਲੀ ਕੱਢ ਲਈ ਗਈ ਹੈ। ਸੋ ਜ਼ਿੰਮੀਂਦਾਰਾਂ ਨੂੰ ਖੇਤੀ ਲਈ ਪਾਣੀ ਦਾ ਕੋਈ ਫਾਇਦਾ ਨਹੀਂ ਹੋਣਾ। ਪੁਰਾਣੀ ਪੀੜ੍ਹੀ ਅਜੇ ਵੀ ਇਸ ਗੱਲ ਦੀ ਚਰਚਾ ਕਰਦੀ ਹੈ।
ਮੁੱਕਦੀ ਗੱਲ ਇਹ ਹੈ ਕਿ ਨਾਂ ਸੜੇਵਾਂ ਚੰਗਾ ਹੈ ਤੇ ਨਾ ਸ਼ਰਾਰਤ ਦੋਨੋਂ ਮਨੁੱਖੀ ਸੁਭਾਅ ਦੇ ਘਟੀਆ ਲੱਛਣ ਹਨ। ਵਾਹ ਲੱਗਦੇ ਹੀ ਇਨ੍ਹਾਂ ਤੋਂ ਬਚੋ। ਆਪ ਮਿਹਨਤ ਕਰਕੇ ਮੱਲਾਂ ਮਾਰੋ। ਕੋਈ ਕੀ ਕਰਦਾ ਹੈ ਇਸ ਬਾਰੇ ਜ਼ਿਆਦਾ ਧਿਆਨ ਦੀ ਲੋੜ ਨਹੀਂ ਹੁੰਦੀ। ਹਾਂ, ਕੋਈ ਸਿੱਖਣ ਵਾਲੀ ਗੱਲ ਹੋਵੇ ਤਾਂ ਜ਼ਰੂਰ ਸਿੱਖੋ। ਸਮੁੱਚੇ ਤੌਰ ’ਤੇ ਇਹ ਲੱਛਣ ਨਿੰਦਣਯੋਗ ਹਨ ਚਾਹੇ ਟਾਵੇਂ ਟਾਵੇਂ ਭੈਣ ਭਰਾ ਇਨ੍ਹਾਂ ਨਾਲ ਗ੍ਰਸਤ ਮਿਲਦੇ ਹੀ ਰਹਿਣਗੇ ਕਿਉਂਕਿ ਮਨੁੱਖੀ ਸੁਭਾਅ ਨੂੰ ਇਹ ਕੁਦਰਤ ਦੀ ਦੇਣ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ