ਦੇਸ਼

ਉੱਤਰ ਪ੍ਰਦੇਸ਼ : ਕੈਬਨਿਟ ਮੰਤਰੀ ਮੌਰਿਆ ਭਾਜਪਾ ਛੱਡ ਸਪਾ ’ਚ ਸ਼ਾਮਲ

January 12, 2022 11:33 AM

- ਤਿੰਨ ਹੋਰ ਵਿਧਾਇਕਾਂ ਵੱਲੋਂ ਵੀ ਅਸਤੀਫ਼ਾ

ਏਜੰਸੀਆਂ
ਲਖਨਊ/11 ਜਨਵਰੀ : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਦੇ ਚੌਥੇ ਦਿਨ ਮੰਗਲਵਾਰ ਨੂੰ ਰਾਜ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਮੌਰੀਆ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਭੇਜ ਦਿੱਤਾ ਹੈ। ਰਾਜ ਭਵਨ ਦੇ ਸੂਤਰਾਂ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਦੌਰਾਨ ਸਵਾਮੀ ਪ੍ਰਸਾਦ ਮੌਰਿਆ ਸਮਾਜਵਾਦੀ ਪਾਰਟੀ (ਸਪਾ) ਵਿੱਚ ਸ਼ਾਮਲ ਹੋ ਗਏ।
ਸਵਾਮੀ ਪ੍ਰਸਾਦ ਮੌਰਿਆ ਤੋਂ ਬਾਅਦ ਮੰਗਲਵਾਰ ਨੂੰ 3 ਹੋਰ ਵਿਧਾਇਕਾਂ ਨੇ ਵੀ ਭਾਜਪਾ ਛੱਡ ਦਿੱਤੀ ਹੈ। ਇਨ੍ਹਾਂ ’ਚ ਬਾਂਦਾ ਜ਼ਿਲ੍ਹੇ ਦੀ ਤਿੰਦਵਾਰੀ ਵਿਧਾਨ ਸਭਾ ਤੋਂ ਵਿਧਾਇਕ ਬ੍ਰਜੇਸ਼ ਪ੍ਰਜਾਪਤੀ, ਸ਼ਾਹਜਹਾਂਪੁਰ ਦੀ ਤਿਲਹਰ ਸੀਟ ਤੋਂ ਵਿਧਾਇਕ ਰੋਸ਼ਨ ਲਾਲ ਵਰਮਾ ਅਤੇ ਕਾਨਪੁਰ ਦੇ ਬਿੱਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਸ਼ਾਮਲ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿਧਾਇਕਾਂ ਨੇ ਸਵਾਮੀ ਪ੍ਰਸਾਦ ਮੋਰੀਆ ਦੇ ਸਮਰਥਨ ’ਚ ਭਾਜਪਾ ਨੂੰ ਛੱਡਿਆ ਹੈ।
ਦੱਸਣਾ ਬਣਦਾ ਹੈ ਕਿ ਸਵਾਮੀ ਪ੍ਰਸਾਦ ਮੋਰੀਆ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਸਮਾਜਵਾਦੀ ਪਾਰਟੀ (ਸਪਾ) ਦਾ ਪੱਲਾ ਫੜ ਲਿਆ ਹੈ। ਹੁਣ ਬ੍ਰਜੇਸ਼ ਪ੍ਰਜਾਪਤੀ, ਰੋਸ਼ਨ ਲਾਲ ਵਰਮਾ ਅਤੇ ਭਗਵਤੀ ਸਾਗਰ ਵੀ ਸਪਾ ’ਚ ਸ਼ਾਮਲ ਹੋਣਗੇ।
ਵਿਧਾਇਕ ਰੋਸ਼ਨ ਲਾਲ ਨੇ ਬੀਜੇਪੀ ਛੱਡਦੇ ਸਮੇਂ ਕਿਹਾ ਕਿ ਯੋਗੀ ਸਰਕਾਰ ’ਚ ਉਨ੍ਹਾਂ ਵੱਲੋਂ 5 ਸਾਲਾਂ ਤੱਕ ਕੀਤੀਆਂ ਗਈਆਂ ਸ਼ਿਕਾਇਤਾਂ ’ਤੇ ਕੋਈ ਸੁਣਵਾਈ ਨਹੀਂ ਹੋਈ, ਜਿਸਦੇ ਚਲਦੇ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ। ਯੂਪੀ ਦੇ ਉਪ-ਮੁੱਖ ਮੰਤਰੀ ਕੇਸ਼ਵ
ਪ੍ਰਸਾਦ ਮੌਰਿਆ ਦਾ ਕਹਿਣਾ ਹੈ ਕਿ ਸਵਾਮੀ ਪ੍ਰਸਾਦ ਮੋਰੀਆ ਨੇ ਕਿਹੜੇ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ, ਮੈਂ ਨਹੀਂ ਜਾਣਦਾ। ਉਨ੍ਹਾਂ ਨੂੰ ਅਪੀਲ ਹੈ ਕਿ ਬੈਠ ਕੇ ਗੱਲ ਕਰਨ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ’ਚ ਲਏ ਹੋਏ ਫੈਸਲੇ ਹਮੇਸ਼ਾ ਗਲਤ ਸਾਬਤ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਉੱਤਰ-ਪ੍ਰਦੇਸ਼ ’ਚ ਚੋਣਾਂ ਤੋਂ ਪਹਿਲਾਂ ਸੂਬਾ ਸੰਗਠਨ ਮੰਤਰੀ ਸੁਨੀਲ ਬੰਸਲ ਅਤੇ ਬੀਜੇਪੀ ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ ਨੂੰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇਤਾਵਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਉਥੇ ਹੀ ਇਸ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਸਾਬਕਾ ਮੰਤਰੀ ਆਈ.ਪੀ. ਸਿੰਘ ਨੇ ਬੀਜੇਪੀ ’ਤੇ ਤੰਜ ਕੱਸਿਆ ਹੈ। ਟਵਿਟਰ ਰਾਹੀਂ ਸਪਾ ਨੇਤਾ ਨੇ ਕਿਹਾ, ‘ਓਮਪ੍ਰਕਾਸ਼ ਰਾਜਭਰ ਜੀ, ਜਯੰਤ ਚੌਧਰੀ ਜੀ, ਰਾਜਮਾਤਾ ਕ੍ਰਿਸ਼ਣਾ ਪਟੇਲ ਜੀ, ਸੰਜੇ ਚੌਹਾਨ ਜੀ ਅਤੇ ਹੁਣ ਸਵਾਮੀ ਪ੍ਰਸਾਦ ਮੋਰੀਆ ਜੀ ਸਮਾਜਵਾਦੀ ਪਾਰਟੀ ਦੇ ਨਾਲ ਹਨ। ਮੈਂ ਬੀਜੇਪੀ ਦਫਤਰ ’ਤੇ ਸੁਤੰਤਰ ਦੇਵ ਸਿੰਘ ਜੀ ਨੂੰ ਇਕ ਤਾਲਾ ਤੋਹਫ਼ੇ ਦੇ ਰੂਪ ’ਚ ਭੇਜ ਦਿੱਤਾ ਹੈ, 10 ਮਾਰਚ ਤੋਂ ਬਾਅਦ ਲਗਾ ਕੇ ਘਰ ਪਰਤ ਜਾਣਾ। ਲਹਿਰ ਨਹੀਂ, ਹੁਣ ਸਪਾ ਦੀ ਹਨ੍ਹੇਰੀ ਚੱਲ ਰਹੀ ਹੈ।’
ਇਸ ਤੋਂ ਪਹਿਲਾਂ, ਸੋਮਵਾਰ ਨੂੰ ਉੱਤਰ-ਪ੍ਰਦੇਸ਼ ਦੇ ਬਦਾਂਯੂ ਜ਼ਿਲ੍ਹੇ ਦੇ ਬਿਲਜੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਆਰ.ਕੇ. ਸ਼ਰਮਾ ਨੇ ਸਮਾਜਵਾਦੀ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕਰ ਲਈ। ਇਸਤੋਂ ਬਾਅਦ ਸਿਆਸੀ ਗਲਿਆਰਿਆਂ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨ

ਕੇਂਦਰ ਨੇ ਰਾਜਾਂ ਨੂੰ ਟੈਸਟਿੰਗ ਵਧਾਉਣ ਦੇ ਦਿੱਤੇ ਨਿਰਦੇਸ਼

ਹਿਮਾਚਲ : ਜੇਸੀਬੀ ਮਸ਼ੀਨ ਖੱਡ ’ਚ ਡਿੱਗਣ ਨਾਲ 4 ਮੌਤਾਂ

ਛੱਤੀਸਗੜ੍ਹ : ਮੁਕਾਬਲੇ ’ਚ 5 ਨਕਸਲੀ ਹਲਾਕ

ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ : ਕਾਂਗਰਸ

ਪਦਮਸ੍ਰੀ ਨਾਲ ਸਨਮਾਨਿਤ ਪ੍ਰਸਿੱਧ ਕਾਰਟੂਨਿਸਟ ਨਰਾਇਣ ਦੇਬਨਾਥ ਦਾ ਦੇਹਾਂਤ

ਪੀਐਮ ਮੋਦੀ ਦੀ ਸੁਰੱਖਿਆ ’ਚ ਉਕਾਈ ਦਾ ਮਾਮਲਾ : ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ ਫੋਨ ’ਤੇ ਮਿਲੀ ਧਮਕੀ

ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਦਾ ਦਿਹਾਂਤ

ਕੇਂਦਰ ਵੱਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ, ਇੱਛਾ ਵਿਰੁੱਧ ਵੈਕਸੀਨ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ

ਹੈਲੀਕਾਪਟਰ ਹਾਦਸਾ : ਬੱਦਲਾਂ ’ਚ ਭਟਕਣ ਕਾਰਨ ਵਾਪਰਿਆ ਸੀ ਹਾਦਸਾ