ਲੇਖ

ਦੇਸ਼ ਦੀ ਤਕਦੀਰ ਤੇ ਤਸਵੀਰ ਬਦਲ ਸਕਦੇ ਨੇ ਨੌਜਵਾਨ

January 12, 2022 12:04 PM

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਨੌਜਵਾਨ, ਦੇਸ਼ ਦਾ ਵਰਤਮਾਨ ਅਤੇ ਭਵਿੱਖ ਸੁਆਰਨ ਵਾਲੀ ਵੱਡੀ ਤਾਕਤ ਹੁੰਦੇ ਹਨ। ਇਨ੍ਹਾ ਦੇ ਹੱਥਾਂ ਦਾ ਹੁਨਰ, ਦਿਮਾਗ ਦੀ ਸੋਚ ਅਤੇ ਚਰਿੱਤਰ ਦੀ ਉੱਚਤਾ ਮੁਲਕ ਦੀ ਤਕਦੀਰ ਅਤੇ ਤਸਵੀਰ ਨੂੰ ਬਦਲ ਦੇਣ ਦੇ ਸਮਰੱਥ ਹੁੰਦੇ ਹਨ। ਨੌਜਵਾਨ ਜੇ ਪੜ੍ਹੇ ਲਿਖੇ, ਹਿੰਮਤੀ, ਉੱਦਮੀ, ਸਬਰ-ਸੰਤੋਖ, ਦਲੇਰੀ ਤੇ ਦ੍ਰਿੜ ਇਰਾਦੇ ਵਾਲੇ ਹਨ ਤਾਂ ਉਸ ਦੇਸ਼ ਦੀ ਖ਼ੁਸ਼ਹਾਲੀ ਤੇ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਹੈ ਪਰ ਇਹ ਸਾਰਾ ਕੁਝ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਫ਼ਰਜ਼ਾਂ ਤੋਂ ਜਾਗਰੂਕ ਹੋਣ ਅਤੇ ਦੇਸ਼ ਨੂੰ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਦ੍ਰਿੜ ਸੰਕਲਪ ਹੋਣ। ਨੋਜਵਾਨਾਂ ਨੂੰ ਸਮਰਪਿਤ ਕਰਕੇ ਹੀ ਭਾਰਤ ਵਿੱਚ ਹਰ ਸਾਲ 12 ਜਨਵਰੀ ਦੇ ਦਿਨ ‘ਰਾਸ਼ਟਰੀ ਨੌਜਵਾਨ ਦਿਵਸ’ ਮਨਾਇਆ ਜਾਂਦਾ ਹੈ ਤੇ ਇਹ ਦਿਵਸ ਪਹਿਲੀ ਵਾਰ ਸੰਨ 1985 ਵਿੱਚ ਮਨਾਇਆ ਗਿਆ ਸੀ।
ਗ਼ੌਰਤਲਬ ਹੈ ਕਿ ਇਹ ਦਿਨ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਸੁਆਮੀ ਵਿਵੇਕਾਨੰਦ ਦੇ ਜਨਮ ਦਿਵਸ ਨਾਲ ਜੁੜਿਆ ਹੋਇਆ ਹੈ। ਮਹਾਨ ਵਿਚਾਰਕ, ਚਿੰਤਕ ਅਤੇ ਧਰਮ ਪ੍ਰਚਾਰਕ ਸੁਆਮੀ ਵਿਵੇਕਾਨੰਦ ਦਾ ਜਨਮ 12 ਜਨਵਰੀ, ਸੰਨ 1863 ਨੂੰ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ ਤੇ ਉਨ੍ਹਾਂ ਦਾ ਅਸਲ ਨਾਂ ਨਰਿੰਦਰਨਾਥ ਦੱਤਾ ਸੀ।
ਉਹ ਨਿੱਕੀ ਉਮਰ ਤੋਂ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ। ਮਹਾਨ ਸੰਤ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਨਾਲ ਵਿਵੇਕਾਨੰਦ ਦੇ ਮੇਲ ਨੇ ਉਨ੍ਹਾਂ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੱਤਾ। ਉਨ੍ਹਾਂ ਨੇ ਗੁਰੂ ਤੋਂ ਸਿੱਖਿਆ ਕਿ ਕਿਸੇ ਵੀ ਸਮਾਜ ਜਾਂ ਮੁਲਕ ਦਾ ਭਵਿੱਖ ਤੇ ਵਰਤਮਾਨ ਸੁਆਰਨ ਲਈ ਉਸ ਸਮਾਜ ਜਾਂ ਮੁਲਕ ਦੇ ਲੋਕਾਂ ਦਾ ਆਤਮਿਕ ਤੇ ਨੈਤਿਕ ਪੱਖੋਂ ਬਲਵਾਨ ਹੋਣਾ ਬੇਹੱਦ ਜ਼ਰੂਰੀ ਹੈ। ਆਪਣੇ ਗੁਰੂ ਤੋਂ ਇਹ ਗੁਰੂ ਮੰਤਰ ਲੈ ਕੇ ਸੁਆਮੀ ਵਿਵੇਕਾਨੰਦ ਨੇ ਸਾਰੀ ਜ਼ਿੰਦਗੀ ਉੱਚੇ ਆਦਰਸ਼ਾਂ ਅਤੇ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣਾ ਕੀਤੀ ਤੇ ਪ੍ਰਚਾਰ ਕੀਤਾ। ਉਨ੍ਹਾਂ ਨੇ ਵਿਸ਼ਵ ਧਰਮ ਸੰਸਦ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜੋ ਬੇਮਿਸਾਲ ਭਾਸ਼ਣ ਦਿੱਤਾ ਉਸਨੇ ਭਾਰਤ ਦੀ ਉੱਚ ਕੋਟੀ ਦੀ ਅਧਿਆਤਮਿਕਤਾ ਅਤੇ ਧਰਮ ਨਿਰਪੱਖਤਾ ਦਾ ਡੰਕਾ ਸਾਰੀ ਦੁਨੀਆਂ ਵਿੱਚ ਵਜਾ ਦਿੱਤਾ ਸੀ।
ਸੁਆਮੀ ਵਿਵੇਕਾਨੰਦ ਦਾ ਕੇਵਲ 39 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਪਰ ਉਨ੍ਹਾਂ ਨੇ ਇਸ ਛੋਟੇ ਜਿਹੇ ਜੀਵਨ ਕਾਲ ਨੂੰ ਵੀ ਸਮੂਹ ਵਿਸ਼ਵ ਵਾਸੀਆਂ ਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਨੂੰ ਸਮਰਪਿਤ ਕਰ ਦਿੱਤਾ ਸੀ। ਸੁਆਮੀ ਵਿਵੇਕਾਨੰਦ ਧਰਮ,ਜਾਤ,ਲਿੰਗ ਜਾਂ ਨਸਲ ‘ਤੇ ਆਧਾਰਿਤ ਵਿਤਕਰੇ ਦੇ ਸਖ਼ਤ ਵਿਰੋਧੀ ਸਨ ਤੇ ਹਰੇਕ ਦੇਸ਼ਵਾਸੀ ਦੇ ਸਿੱਖਿਅਤ ਹੋਣ ਦੇ ਹਾਮੀ ਸਨ। ਉਹ ਸਭ ਪ੍ਰਕਾਰ ਦੇ ਵਿਤਕਰਿਆਂ ਨੂੰ ਮਨੁੱਖ ਦੀ ਦੇਣ ਮੰਨਦੇ ਸਨ। ਉਹ ਨੋਜਵਾਨਾਂ ਦੀ ਮਦਦ ਨਾਲ ਇੱਕ ਐਸਾ ਸਮਾਜ ਸਿਰਜਣ ਦੇ ਹਾਮੀ ਸਨ ਜੋ ਸੱਚੇ-ਸੁੱਚੇ, ਸੁਆਰਥ ਰਹਿਤ ਅਤੇ ਆਤਮਿਕ ਪੱਖੋਂ ਉੱਚਤਾ ਵਾਲੇ ਲੋਕਾਂ ਨਾਲ ਭਰਪੂਰ ਹੋਵੇ। ਸੁਆਮੀ ਵਿਵੇਕਾਨੰਦ ਦੇ ਦੋ ਅਤਿ ਪ੍ਰੇਰਨਾਦਾਇਕ ਵਿਚਾਰ ਇਸ ਪ੍ਰਕਾਰ ਹਨ:-
ਉੱਠੋ, ਜਾਗੋ ਤੇ ਓਨਾ ਚਿਰ ਤੱਕ ਯਤਨ ਕਰਦੇ ਰਹੋ ਜਦੋਂ ਤੱਕ ਤੁਹਾਡਾ ਉਦੇਸ਼ ਪੂਰਨ ਨਾ ਹੋ ਜਾਵੇ।
ਆਪਣੇ ਆਪ ਉੱਤੇ ਅਤੇ ਆਪਣੀ ਸਮਰੱਥਾ ਉੱਤੇ ਵਿਸ਼ਵਾਸ਼ ਰੱਖੋਗੇ ਤਾਂ ਦੁਨੀਆਂ ਤੁਹਾਡੇ ਕਦਮਾਂ ‘ਚ ਹੋਵੇਗੀ। ਜੇਕਰ ਤੁਸੀਂ ਜਿੱਤ ਗਏ ਤਾਂ ਅੱਗ ਵਧੋਗੇੇ ਪਰ ਜੇਕਰ ਹਾਰ ਗਏ ਤਾਂ ਦੂਜਿਆਂ ਦਾ ਮਾਰਗ ਦਰਸ਼ਨ ਕਰ ਸਕੋਗੇ।
ਸੰਨ 2013 ਵਿੱਚ ਸੁਆਮੀ ਵਿਵੇਕਾਨੰਦ ਦੇ 150ਵੇਂ ਜਨਮ ਦਿਵਸ ਅਤੇ 29ਵੇਂ ਕੌਮੀ ਨੌਜਵਾਨ ਦਿਵਸ ਮੌਕੇ ਆਪਣੇ ਵਿਚਾਰ ਰੱਖਦਿਆਂ ਤਤਕਾਲੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕਿਹਾ ਸੀ –‘‘ ਸੁਆਮੀ ਵਿਵੇਕਾਨੰਦ ਨੋਜਵਾਨਾਂ ਦੀ ਅਥਾਹ ਤਾਕਤ ਅਤੇ ਸੱਚ ਦੀ ਅਣਥੱਕ ਖੋਜ ਦੇ ਪ੍ਰਤੀਕ ਸਨ। ਸਾਨੂੰ ਇਸ ਮਹਾਨ ਦੇਸ਼ ਭਗਤ ਦੇ ਅਮਰ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਿੱਠ ਕੇ ਕੰਮ ਕਰਨਾ ਚਾਹੀਦਾ ਹੈ। ’’ ਸੋ ਅੱਜ ਦੇ ਇਸ ਦਿਵਸ ਮੌਕੇ ਸਮੁੱਚੇ ਨੌਜਵਾਨ ਵਰਗ ਨੂੰ ਨਿਸ਼ਕਾਮ ਭਾਵ ਨਾਲ ਦੇਸ਼ ਦੀ ਤਰੱਕੀ ਤੇ ਬਿਹਤਰੀ ਲਈ ਇੱਕਮੁੱਠ ਹੋਣ ਅਤੇ ਦ੍ਰਿੜ ਸੰਕਲਪ ਹੋ ਕੇ ਸਮਾਜ ਵਿੱਚ ਫ਼ੈਲੀਆਂ ਕੁਰੀਤੀਆਂ ਲੜ੍ਹਨ ਦਾ ਪ੍ਰਣ ਲੈਣਾ ਚਾਹੀਦਾ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ