BREAKING NEWS
ਪਟਿਆਲਾ : ਕੇਂਦਰੀ ਜੇਲ੍ਹ ’ਚੋਂ 19 ਫੋਨ ਬਰਾਮਦਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਮਾਂ-ਧੀ ਜ਼ਖ਼ਮੀਪੰਜਾਬ ਭਰ ਤੋਂ ਸੰਗਰੂਰ ਪੁੱਜੇ ਹਜ਼ਾਰਾਂ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਸੁਝਾਅ ਦੇਣ ਲਈ ਮੋਬਾਇਲ ਨੰ. ਜਾਰੀਭਾਜਪਾ ਦੇਸ਼ ਭਗਤਾਂ ਦੇ ਇਤਿਹਾਸ ਨੂੰ ਖ਼ਤਮ ਕਰਨਾ ਚਾਹੁੰਦੀ : ਕਾਮਰੇਡ ਸੇਖੋਂਜੇਲ੍ਹ ’ਚ ਬੰਦ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ, ਤਿੰਨ ਥਾਣੇਦਾਰਾਂ ਵਿਰੁੱਧ ਕੇਸ ਦਰਜਸਪਾਈਸਜੈੱਟ ਦੇ ਮੁਸਾਫ਼ਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿੱਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 9 ਮੌਤਾਂ, 3 ਝੁਲਸੇਸਿੱਧੂ ਮੂਸੇਵਾਲਾ ਕਤਲ ’ਚ ਵਰਤੇ ਹਥਿਆਰ ਪੁਲਿਸ ਵੱਲੋਂ ਬਰਾਮਦਰਾਸ਼ਟਰ ਮੰਡਲ ਖੇਡਾਂ : ਭਾਰਤ ਦੀ ਝੋਲੀ ’ਚ ਹੁਣ ਤੱਕ 16 ਸੋਨੇ, 12 ਚਾਂਦੀ ਤੇ 17 ਕਾਂਸੀ ਦੇ ਤਗਮੇ

ਸੰਪਾਦਕੀ

ਆਮਦਨ ਪੱਖੋਂ ਆਮ ਭਾਰਤੀ ਦੀ ਹਾਲਤ 2019 ਤੋਂ ਵੀ ਮਾੜੀ

January 13, 2022 11:50 AM

ਪਿਛਲੇ ਸ਼ੁੱਕਰਵਾਰ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਨਟੇਸ਼ਨ ਮੰਤਰਾਲੇ ਦੁਆਰਾ ਚਲੰਤ ਵਿੱਤੀ ਸਾਲ ਦੇ ਪਹਿਲੇ ਪੇਸ਼ਗੀ ਅਨੁਮਾਨ (ਫਸਟ ਐਡਵਾਂਸ ਐਸਟੀਮੇਟਸ ਐਫ਼ਏਈ) ਜਾਰੀ ਕੀਤੇ ਗਏ ਹਨ। ਇਹ ਪੇਸ਼ਗੀ ਅਨੁਮਾਨ ਜਾਰੀ ਕਰਨਾ 2016-17 ਦੇ ਵਿੱਤੀ ਸਾਲ ’ਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਜਨਵਰੀ ਦੇ ਪਹਿਲੇ ਹਫ਼ਤੇ ਦੇ ਅੰਤ ’ਤੇ ਜਾਰੀ ਕੀਤੇ ਜਾਂਦੇ ਹਨ। ਇਹ ਸਰਕਾਰੀ ਅਨੁਮਾਨ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਵਿੱਤੀ ਵਰ੍ਹੇ ’ਚ ਕੁੱਲ ਘਰੇਲੂ ਪੈਦਾਵਾਰ ਦਾ ਵਾਧਾ ਕਿਹੋ ਜਿਹਾ ਰਹਿਣ ਦੀ ਤਵੱਕੋ ਰੱਖੀ ਜਾ ਰਹੀ ਹੈ। ਪਰ ਇਹ ਅਗਾਂਊ ਜਾਰੀ ਕੀਤੇ ਅੰਕੜੇ ਹੁੰਦੇ ਹਨ ਜੋ ਵਿੱਤੀ ਵਰ੍ਹੇ ਦੇ ਅੰਤ ਤੋਂ ਕਾਫੀ ਪਹਿਲਾਂ ਜਾਹਿਰ ਕੀਤੇ ਜਾਂਦੇ ਹਨ। ਭਾਵੇਂ ਕਿ ਇਹ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ, ਅਕਤੂਬਰ, ਨਵੰਬਰ, ਦਸੰਬਰ ਦੀ ਤਿਮਾਹੀ, ਤੋਂ ਬਾਅਦ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਪਰ ਇਨ੍ਹਾਂ ’ਚ ਤੀਜੀ ਤਿਮਾਹੀ ਦੇ ਅੰਕੜੇ ਸ਼ਾਮਿਲ ਨਹੀਂ ਹੁੰਦੇ। ਇਸ ਲਈ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਬਾਰੇ ਜੋ ਪਹਿਲੇ ਪੇਸ਼ਗੀ ਅੰਕੜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਓਮੀਕਰੋਨ ਦੇ ਕਾਲੇ ਸਾਏ ਹੇਠ ਰੁਕੀਆਂ ਆਰਥਿਕ ਗਤੀਵਿਧੀਆਂ ਦੇ ਅੰਕੜਿਆਂ ’ਤੇ ਪਏ ਪ੍ਰਭਾਵ ਸ਼ਾਮਿਲ ਨਹੀਂ ਹਨ। ਇਹ ਫਰਵਰੀ ਮਹੀਨੇ ਦੇ ਅੰਤ ’ਤੇ ਜਾਰੀ ਕੀਤੇ ਜਾਂਦੇ ਦੂਸਰੇ ਪੇਸ਼ਗੀ ਅਨੁਮਾਨਾਂ-(ਸੈਕੰਡ ਐਡਵਾਂਸ ਐਸਟੀਮੇਟਸ-ਐਸਏਈ) ਵਿੱਚ ਸ਼ਾਮਿਲ ਹੋਣਗੇ।
ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ, ਚਲੰਤ ਵਿੱਤੀ ਵਰ੍ਹੇ ਵਿੱਚ 9.2 ਪ੍ਰਤੀਸ਼ਤ ਦੀ ਵਾਧਾ ਦਰ ’ਤੇ ਵਧੇਗੀ; ਪਿਛਲੇ 2020-2021 ਦੇ ਵਿੱਤੀ ਵਰ੍ਹੇ ’ਚ ਕੁੱਲ ਘਰੇਲੂ ਪੈਦਾਵਾਰ ਵਿੱਚ 7.3 ਪ੍ਰਤੀਸ਼ਤ ਦਾ ਸੰਗੋੜ ਆਇਆ ਸੀ। ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਦਾ ਇਹ ਅਨੁਮਾਨ ਉਮੀਦਾਂ ਤੋਂ ਕੁਝ ਘੱਟ ਹੈ। ਇੱਥੋਂ ਤੱਕ ਕਿ ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਵਾਧਾ ਦਰ 9.5 ਪ੍ਰਤੀਸ਼ਤ ਰਹਿਣ ਦੀ ਆਸ ਪ੍ਰਗਟਾਈ ਸੀ। ਅੰਕੜੇ ਓਮੀਕਰੋਨ ਦੇ ਉਭਾਰ ਤੋਂ ਪਹਿਲਾਂ ਦੇ ਹਨ, ਇਸ ਲਈ ਇਨ੍ਹਾਂ ’ਚ ਰੱਦੋ-ਬਦਲ, ਉਹ ਵੀ ਹੇਠਾਂ ਨੂੰ, ਹੋਣ ਦੀ ਪੂਰੀ ਸੰਭਾਵਨਾ ਹੈ। 9.2 ਪ੍ਰਤੀਸ਼ਤ ਦੀ ਵਾਧਾ ਦਰ 2011-12 ਦੀਆਂ ਕੀਮਤਾਂ ਅਨੁਸਾਰ ਕੱਢੀ ਗਈ ਹੈ । ਚਲੰਤ ਵਿੱਤੀ ਸਾਲ ਵਿੱਚ ਕੀਮਤਾਂ ’ਚ ਔਸਤਨ ਵਾਧਾ 8.4 ਪ੍ਰਤੀਸ਼ਤ ਰਿਹਾ ਹੈ।
ਅੰਕੜੇ ਹੋਰ ਵੀ ਬਹੁਤ ਕੁਝ ਦਸਦੇ ਹਨ। ਚਾਲੂ ਵਿੱਤੀ ਵਰ੍ਹੇ ਦੌਰਾਨ ਜੀਅ ਪ੍ਰਤੀ ਆਮਦਨ 1 ਲੱਖ 6 ਹਜ਼ਾਰ 975 ਰੁਪਏ ਰਹਿਣ ਦਾ ਅਨੁਮਾਨ ਹੈ ਜਦੋਂਕਿ ਪਿਛਲੇ ਵਿੱਤੀ ਸਾਲ ਦੌਰਾਨ ਇਹ 1 ਲੱਖ 7 ਹਜ਼ਾਰ 589 ਰੁਪਏ ਸੀ। ਇਸ ਦਾ ਅਰਥ ਹੈ ਕਿ ਇੱਕ ਭਾਰਤੀ ਨਾਗਰਿਕ ਦੀ ਔਸਤਨ ਆਮਦਨ ਪਿਛਲੇ ਦੋ ਸਾਲਾਂ ਦੇ ਪੱਧਰ ਤੋਂ ਵੀ ਹੇਠਾਂ ਰਹੇਗੀ। ਕੁੱਲ ਘਰੇਲੂ ਪੈਦਾਵਾਰ ਦੇ ਤਿੰਨੋਂ ਮੁੱਖ ਅੰਗਾਂ-ਨਿੱਜੀ ਖ਼ਪਤ (ਮੰਗ), ਅਰਥਵਿਵਸਥਾ ਵਿੱਚ ਨਿਵੇਸ਼ ਅਤੇ ਸਰਕਾਰੀ ਖ਼ਰਚ - ਦਾ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਚਾਹੇ ਨਿਵੇਸ਼ ਤੇ ਸਰਕਾਰੀ ਖ਼ਰਚ ਕੋਵਿਡ ਤੋਂ ਪਹਿਲਾਂ ਦੇ ਦਿਨਾਂ ਵਾਲੇ ਪੱਧਰ ’ਤੇ ਆਉਣ ਦੀ ਆਸ ਬਣਦੀ ਹੈ ਪਰ ਨਿੱਜੀ ਮੰਗ ਦੇ ਉੱਠਣ ਦੇ ਆਸਾਰ ਨਹੀਂ ਹਨ। ਨਿੱਜੀ ਮੰਗ ਕੁੱਲ ਘਰੇਲੂ ਪੈਦਾਵਾਰ ਦੇ 55 ਪ੍ਰਤੀਸ਼ਤ ਲਈ ਜ਼ਿੰਮੇਵਾਰ ਹੈ। ਸੋ, ਨਿੱਜੀ ਮੰਗ ਦੀ ਕਮੀ ਕਾਰਨ ਆਉਂਦੇ ਸਮੇਂ ਵਿੱਚ ਅਰਥਵਿਵਸਥਾ ਦਾ ਵਾਧਾ ਜਾਰੀ ਨਹੀਂ ਰਹਿ ਸਕਦਾ। ਅਸਲ ਵਿੱਚ ਮਾਰਚ 22 ਦੇ ਅੰਤ ਤੱਕ, ਯਾਨੀ ਚਲੰਤ ਵਿੱਤੀ ਸਾਲ ਦੇ ਅੰਤ ’ਤੇ, ਔਸਤ ਆਮਦਨ ਦੇ 2020 ਦੇ ਮਾਰਚ ਮਹੀਨੇ ਦੇ ਪੱਧਰ ਤੋਂ ਵੀ ਹੇਠਾ ਰਹਿਣ ਦਾ ਅਨੁਮਾਨ ਹੈ ਅਤੇ ਔਸਤ ਖਰਚਾ ਤਾਂ 2019 ਦੇ ਮਾਰਚ ਮਹੀਨੇ ਤੋਂ ਵੀ ਹੇਠਾਂ ਰਹਿਣ ਵਾਲਾ ਹੈ। 2019 ’ਚ ਮਾਰਚ - ਅਪਰੈਲ ਦੀਆਂ ਆਮ ਚੋਣਾਂ ਬਾਅਦ 30 ਮਈ ਨੂੰ ਦੂਸਰੀ ਮੋਦੀ ਸਰਕਾਰ ਬਣੀ ਸੀ। ਸੋ ਆਮਦਨ ਅਤੇ ਲੋੜਾਂ ਦੀ ਪੂਰਤੀ ਲਈ ਖ਼ਰਚੇ ਪੱਖੋਂ ਆਮ ਭਾਰਤੀ ਦੀ ਹਾਲਤ ’ਚ ਮੋਦੀ ਸਰਕਾਰ ਨੇ ਸੁਧਾਰ ਤਾਂ ਕੀ ਕਰਨਾ ਸੀ, ਉਲਟਾ ਹਾਲਤ ਹੋਰ ਵਿਗਾੜ ਦਿੱਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ