ਲੇਖ

ਰੁੱਤ ਇਸ਼ਤਿਹਾਰਬਾਜ਼ੀ ਦੀ ਆਈ

January 13, 2022 11:52 AM

ਪ੍ਰਭਜੋਤ ਕੌਰ ਢਿੱਲੋਂ

ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲਦਾ ਹੈ ਅਤੇ ਬਦਲਣਾ ਵੀ ਚਾਹੀਦਾ ਹੈ।ਸਿਆਣੇ ਕਹਿੰਦੇ ਨੇ,“ਖੜ੍ਹੇ ਪਾਣੀ ਤੋਂ ਮੁਸ਼ਕ ਆਉਣ ਲੱਗ ਜਾਂਦੀ ਹੈ“ਇਹ ਗੱਲ ਸੌ ਫੀ ਸਦੀ ਠੀਕ ਹੈ।ਕੁੱਝ ਨਾ ਕੁੱਝ ਤਬਦੀਲੀ ਚੰਗੀ ਵੀ ਲੱਗਦੀ ਹੈ ਅਤੇ ਕੁਦਰਤ ਦਾ ਨਿਯਮ ਵੀ ਹੈ।ਚੰਗਾ ਮਾੜਾ ਜੋ ਵੀ ਵੱਖਰਾ ਹੁੰਦਾ,ਉਸ ਨਾਲ ਪਿੱਛੇ ਜੋ ਹੋਇਆ,ਉਸ ਬਾਰੇ ਵੀ ਪਤਾ ਲੱਗਦਾ ਹੈ।ਇਸ ਤਰ੍ਹਾਂ ਸੋਚਣ ਲਈ ਮਜਬੂਰ ਵੀ ਹੋ ਜਾਂਦੇ ਹਾਂ ਕਿ ਹਕੀਕਤ ਵਿੱਚ ਅਸੀਂ ਪਾਇਆ ਕੀ ਅਤੇ ਖੋਹਿਆ ਕੀ।
ਪਹਿਲਾਂ ਲੋਕ ਸਿੱਧੇ ਸਾਦੇ ਅਤੇ ਸਧਾਰਨ ਜ਼ਿੰਦਗੀ ਜਿਊਂਦੇ ਸੀ।ਬਹੁਤੀ ਭੱਜ ਦੌੜ ਅਤੇ ਵਿਖਾਵਾ ਨਹੀਂ ਸੀ।ਕੁੱਝ ਦਹਾਕਿਆਂ ਤੱਕ ਕੁੱਝ ਕੁ ਸਮਾਨ ਦੀ ਮਸ਼ਹੂਰੀ ਆਉਂਦੀ ਸੀ ਅਖਬਾਰਾਂ ਵਿੱਚ।ਬਦਲਦੇ ਬਦਲਦੇ ਇਸ਼ਤਿਹਾਰਬਾਜ਼ੀ ਨੇ ਜਿਵੇਂ ਦੇ ਹਾਲਾਤ ਕਰ ਦਿੱਤੇ ਹਨ,ਹੈਰਾਨੀ ਹੁੰਦੀ ਹੈ।ਮੈਂ ਅੱਜ ਗੱਲ ਕਰਾਂਗੀ ਸਾਡੀਆਂ ਸਿਆਸੀ ਪਾਰਟੀਆਂ ਦੀ ਅਤੇ ਸਿਆਸਤਦਾਨਾਂ ਦੀ ਕਿਉਂਕਿ ਚੋਣਾਂ ਆ ਗਈਆਂ ਹਨ। ਮੇਰਾ ਖਿਆਲ ਹੈ ਸਾਰਿਆਂ ਨੂੰ ਘਰਾਂ ਤੋਂ ਬਾਹਰ ਨਿਕਲਦਿਆਂ ਹੀ ਸੜਕਾਂ ਤੇ ਸਿਰਫ ਹੋਰਡਿੰਗ ਲੱਗੀਆਂ ਹੀ ਵਿਖਾਈ ਦਿੰਦੀਆਂ ਹਨ।ਸੜਕਾਂ ਦੇ ਕੰਡਿਆਂ ਤੇ ਲੱਗੇ ਦਰੱਖਤ,ਬਿਜਲੀ ਦੇ ਖੰਭੇ,ਰੇਲਿੰਗ ਅਤੇ ਸਾਈਨ ਬੋਰਡਾਂ ਦੀ ਥਾਂ ਤੇ ਹੋਰਡਿੰਗ ਲੱਗੀਆਂ ਹੋਈਆਂ ਹਨ।ਕੋਈ ਪਾਰਟੀ ਪਿੱਛੇ ਨਹੀਂ ਹੈ।ਇਹ ਸਾਰਾ ਕੁੱਝ ਵੇਖਕੇ ਬਹੁਤ ਸਾਰੇ ਸਵਾਲ ਜਹਿਨ ਵਿੱਚ ਆਉਂਦੇ ਨੇ।ਕਈ ਸਵਾਲ ਇੰਨਾਂ ਸਾਰੇ ਸਿਆਸਤਦਾਨਾਂ ਨਾਲ ਸਾਂਝੇ ਕਰਕੇ ਜਵਾਬ ਲੈਣ ਨੂੰ ਦਿਲ ਕਰਦਾ ਹੈ।
ਇਹ ਇਸ਼ਤਿਹਾਰਾਂ ਦੀ ਜ਼ਰੂਰਤ ਕਿਉਂ ਪੈ ਰਹੀ ਹੈ?ਕਿਉਂ ਹਰ ਦਰੱਖਤ,ਖੰਭੇ ਅਤੇ ਰੇਲਿੰਗ ਤੇ ਇਸ਼ਤਿਹਾਰ ਲਗਾਉਣੇ ਪੈ ਰਹੇ ਹਨ?ਸਿਆਣੇ ਕਹਿੰਦੇ ਨੇ ਕਿ ਜੇਕਰ ਕੰਮ ਕੀਤੇ ਹੋਣ ਤਾਂ ਬਹੁਤ ਕੁੱਝ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਲੱਗ ਜਾਂਦਾ ਹੈ।ਹੁਣ ਕੰਮ ਕਰਨ ਦੀ ਪ੍ਰਵਿਰਤੀ ਬਹੁਤ ਘੱਟ ਗਈ ਹੈ।ਲੋਕ ਸਿਆਸਤਦਾਨਾਂ ਅਤੇ ਸਰਕਾਰਾਂ ਦੇ ਏਜੰਡੇ ਚੋਂ ਮਨਫੀ ਹੋ ਚੁੱਕੇ ਹਨ।ਲੋਕਤੰਤਰ ਅਤੇ ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ।ਸਿਆਸਤਦਾਨਾਂ ਨੂੰ ਲੋਕਾਂ ਦੀ ਮਾਨਸਿਕਤਾ ਸਮਝਣ ਵਿੱਚ ਕੋਈ ਸਮੱਸਿਆ ਨਹੀਂ ਹੈ।ਉਹ ਜਾਣਦੇ ਹਨ ਸਾਡੀਆਂ ਭਾਵਨਾਵਾਂ ਕਿਵੇਂ ਖੇਡਣਾ ਹੈ।ਹਾਂ, ਸਭ ਤੋਂ ਮਹੱਤਵਪੂਰਨ ਉਹ ਜਾਣਦੇ ਹਨ ਕਿ ਸਾਡੀ ਯਾਦ ਸ਼ਕਤੀ ਬਹੁਤ ਘੱਟ ਹੈ।ਖੈਰ,ਹੁਣ ਅਖਬਾਰਾਂ ਵਿੱਚ ਵੀ ਕਿੰਨੇ ਕਿੰਨੇ ਵਰਕੇ ਸਿਆਸੀ ਇਸ਼ਤਿਹਾਰਾਂ ਦੇ ਹੀ ਹੁੰਦੇ ਹਨ। ਜੋ ਕੁੱਝ ਉਨਾਂ ਵਿੱਚ ਲਿਖਿਆ ਹੈ,ਉਹ ਕਿੱਧਰੇ ਵਿਖਾਈ ਹੀ ਨਹੀਂ ਦਿੰਦਾ।ਹਾਂ,ਇੰਨਾਂ ਇਸ਼ਤਿਹਾਰਾਂ ਅਤੇ ਹੋਰਡਿੰਗ ਤੋਂ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਜਿਹੜਾ ਕੱਲ ਤੱਕ ਕਾਂਗਰਸ ਵਿੱਚ ਸੀ ਉਹ ਕਿਸੇ ਹੋਰ ਪਾਰਟੀ ਵਿੱਚ ਚਲਾ ਗਿਆ ਅਤੇ ਕਿਸੇ ਹੋਰ ਪਾਰਟੀ ਵਾਲਾ ਅੱਜ ਕਾਂਗਰਸ ਵਿੱਚ ਆ ਗਿਆ। ਹਕੀਕਤ ਇਹ ਹੈ ਕਿ ਕਈ ਵਾਰ ਹਾਸਾ ਆਉਂਦਾ ਹੈ ਅਤੇ ਕਈ ਵਾਰ ਇੰਨਾਂ ਤੇ ਤਰਸ ਵੀ ਆਉਂਦਾ ਹੈ ਕਿ ਕੁਰਸੀਆਂ ਪਿੱਛੇ ਇਹ ਕੀ ਕੁੱਝ ਕਰਦੇ ਹਨ ਜਾਂ ਕੀ ਕੁੱਝ ਇੰਨਾਂ ਨੂੰ ਕਰਨਾ ਪੈ ਰਿਹਾ ਹੈ।
ਪਹਿਲਾਂ ਇਕ ਰਿਕਸ਼ੇ ਤੇ ਹੀ ਪਾਰਟੀਆਂ ਪ੍ਰਚਾਰ ਕਰਦੀਆਂ ਸਨ।ਹੁਣ ਤਾਂ ਪੈਸਿਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਪੈਸੇ ਖਰਚ ਕੇ ਲਈ ਕੁਰਸੀ ਨੂੰ ਬਚਾਉਣ ਤੇ ਵਧੇਰੇ ਸਮਾਂ ਲੱਗਦਾ ਹੈ।ਜਦੋਂ ਕੰਮ ਕੀਤਾ ਹੀ ਨਹੀਂ ਤਾਂ ਇਸ਼ਤਿਹਾਰਾਂ ਦੀ ਜ਼ਰੂਰਤ ਵਧੇਰੇ ਪੈਂਦੀ ਹੈ,ਇਸ ਵੇਲੇ ਦਾ ਇਹ ਕੌੜਾ ਸੱਚ ਹੈ। ਲੋਕਾਂ ਨੂੰ ਤਾਂ ਹਾਸਲ ਕੁੱਝ ਵੀ ਨਹੀਂ ਹੁੰਦਾ।ਉਨ੍ਹਾਂ ਦੇ ਟੈਕਸਾਂ ਦਾ ਪੈਸਾ ਵੀ ਇਸ ਵਿੱਚ ਕਿੱਧਰੇ ਨਾ ਕਿੱਧਰੇ ਉੱਡਦਾ ਹੈ।ਸੜਕਾਂ ਤੇ ਲੱਗੇ ਸਾਈਨ ਬੋਰਡ ਵਿਖਾਈ ਹੀ ਨਹੀਂ ਦਿੰਦੇ।
ਕੁੱਝ ਚੀਜ਼ਾਂ ਲੋਕਾਂ ਨੂੰ ਅਤੇ ਸਿਆਸਤਦਾਨਾਂ ਨੂੰ ਇਸ ਵੇਲੇ ਸਮਝਣੀਆਂ ਚਾਹੀਦੀਆਂ ਹਨ ਕਿ ਅਸੀਂ ਬਹੁਤ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੇ ਹਾਂ।ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਭਵਿੱਖ ਵਿਖਾਈ ਨਹੀਂ ਦੇ ਰਿਹਾ।ਸਿਆਸਤ ਅਤੇ ਸਮਾਜ ਨਿਘਾਰ ਵੱਲ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਅਸੀਂ ਸਿਆਸਤਦਾਨਾਂ ਨੂੰ ਕਦੇ ਸਵਾਲ ਜਵਾਬ ਕਰਦੇ ਹੀ ਨਹੀਂ। ਮੇਰੇ ਖਿਆਲ ਹੈ ਕਿ ਇਸ ਇਸ਼ਤਿਹਾਰਬਾਜ਼ੀ ਕਰਨ ਤੋਂ ਕਦੇ ਸਿਆਸਤਦਾਨਾਂ ਨੇ ਸੋਚਿਆ ਕਿ ਇਸਦਾ ਪ੍ਰਭਾਵ ਲੋਕਾਂ ਵਿੱਚ ਕੀ ਜਾ ਰਿਹਾ ਹੈ।ਅਸਲ ਵਿੱਚ ਕੋਈ ਵੀ ਸੂਝਵਾਨ ਵੋਟਰ ਇਸਦੀ ਸ਼ਲਾਘਾ ਨਹੀਂ ਕਰਦਾ।ਇਸਦਾ ਅਸਰ ਵੀ ਵਧੇਰੇ ਹੁਣ ਨਹੀਂ ਪੈ ਰਿਹਾ।ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰਤਾ ਨਾਲ ਕੰਮ ਕਰੋ ਤਾਂ ਕਿ ਇਹ ਇਸ਼ਤਿਹਾਰਬਾਜ਼ੀ ਕਰਨ ਦੀ ਨੌਬਤ ਹੀ ਨਾ ਆਵੇ।ਚੋਣਾਂ ਤਾਂ ਇਸ਼ਤਿਹਾਰਾਂ ਦਾ ਕੰਮ ਕਰਨ ਵਾਲਿਆਂ ਲਈ ਤਾਂ ਲਾਹੇਵੰਦ ਹੈ,ਲੋਕਾਂ ਨੂੰ ਨਾ ਇਸਦਾ ਫਾਇਦਾ ਹੈ ਅਤੇ ਨਾ ਲੋਕਾਂ ਤੇ ਵਧੇਰੇ ਕਰਕੇ ਪ੍ਰਭਾਵ ਪਾ ਰਿਹਾ ਹੈ।ਚਲੋ,ਚੋਣਾਂ ਦਾ ਵੇਲਾ ਹੈ ਅਤੇ ਇਸ਼ਤਿਹਾਰਬਾਜ਼ੀ ਦੀ ਰੁੱਤ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ