ਸੰਪਾਦਕੀ

ਮਸਲੇ ਹੱਲ ਕਰਨ ਲਈ ਗੱਲਬਾਤ ਦੇ ਰਾਹ ’ਤੇ ਡਟੇ ਰਹਿਣਾ ਸ਼ੁਭ

January 17, 2022 11:08 AM

ਭਾਰਤ ਅਤੇ ਚੀਨ ਦਰਮਿਆਨ ਅਸਲ ਨਿਯੰਤਰਣ ਰੇਖਾ (ਲਾਇਨ ਆਫ਼ ਐਕਚੁਅਲ ਕੰਨਟਰੋਲ-ਐਲਏਸੀ) ਨਾਲ ਜੁੜੇ ਸਰਹੱਦੀ ਵਿਵਾਦਾਂ ਦਾ ਲੰਬਾ ਇਤਹਾਸ ਹੈ ਜੋ ਸਮੇਂ ਸਮੇਂ ਬਹੁਤ ਭਖ਼ ਵੀ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਦੋਨੋ ਦੇਸ਼ ਇਨ੍ਹਾਂ ਵਿਵਾਦਾਂ ਨੂੰ ਖ਼ਤਮ ਕਰਨ ਲਈ ਕਈ ਪੱਧਰ ’ਤੇ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਦਾ ਮੁੱਖ ਟੀਚਾ ਸਰਹੱਦੀ ਵਿਵਾਦ ਹਮੇਸ਼ਾ ਲਈ ਸੁਲਝਾਅ ਲੈਣਾ ਹੈ। ਜੋ ਦੋਨੋਂ ਮੁਲਕਾਂ ਦਰਮਿਆਨ ਫੌਜ਼ੀ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ, ਉਸ ਬਾਰੇ ਦੋਨੋਂ ਮੁਲਕਾਂ ਦਾ ਕਹਿਣਾ ਹੈ ਕਿ ਕਾਫੀ ਮੁੱਦੇ ਸੁਲਝਾਅ ਲਏ ਗਏ ਹਨ ਜਦੋਂਕਿ ਰਹਿੰਦੇ ਮੁੱਦਿਆਂ ਬਾਰੇ ਵੀ ਦੋਨਾਂ ਧਿਰਾਂ ਨੂੰ ਪ੍ਰਵਾਨਯੋਗ ਨਤੀਜਾ ਕੱਢ ਲਿਆ ਜਾਵੇਗਾ। ਇਹ ਨਤੀਜਾ ਕੱਢਣ ਲਈ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ 13 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹਾਲੇ ਵੀ ਬਹੁਤ ਸਾਰੇ ਮੱਸਲੇ ਅਣਸੁਲਝੇ ਪਏ ਹਨ। ਇਸ ਤੋਂ ਇਲਾਵਾ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਚੀਨ ਭਾਰਤ ਦੇ ਇਲਾਕੇ ਵਿੱਚ ਕਾਫੀ ਅਗਾਂਹ ਵੱਧ ਆਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਨੇ ਭਾਰਤ ਦੇ ਖ਼ੇਤਰ ਵਿੱਚ ਪੱਕੀਆਂ ਉਸਾਰੀਆਂ ਕਰ ਲਈਆਂ ਹਨ ਜੋ ਕਿ ਅਜਿਹੀ ਕਾਰਵਾਈ ਹੈ ਜਿਹੜੀ ਚੱਲ ਰਹੀ ਗੱਲਬਾਤ ਦੀ ਹਾਲਤ ਸੰਭਾਲਣ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ।
ਪਿਛਲੇ ਬੁੱਧਵਾਰ ਭਾਰਤ ਦੀ ਫੌਜ ਦੇ ਮੁਖੀ ਜਨਰਲ ਮਨੋਜ ਨਰਵਾਨੇ ਦਾ ਬਿਆਨ ਆਇਆ ਸੀ ਜੋ ਗੱਲਬਾਤ ਰਾਹੀਂ ਫੌਜੀ ਕਮਾਂਡਰਾਂ ਦੁਆਰਾ ਹਾਸਲ ਕੀਤੀ ਦੋਨਾਂ ਮੁਲਕਾਂ ਦੀ ਆਪਸੀ ਪ੍ਰਵਾਨਗੀ ਬਾਰੇ ਦਸਦਾ ਹੈ ਪਰ ਨਾਲ ਹੀ ਚੀਨ ਵੱਲੋਂ ਖੜੇ ਕੀਤੇ ਖ਼ਤਰੇ ਬਾਰੇ ਵੀ ਜਾਣਕਾਰੀ ਦਿੰਦਾ ਹੈ । ਭਾਰਤੀ ਫੌਜ ਦੇ ਮੁਖੀ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਦੀਆਂ ਫੌਜੀ ਟੁਕੜੀਆਂ ਦਰਮਿਆਨ ਸਿੱਧੇ ਟਕਰਾਓ ਦੀ ਹਾਲਤ ਵਿੱਚ ਕੁਝ ਸੁਧਾਰ ਲਿਆਂਦਾ ਗਿਆ ਹੈ ਪਰ ਖ਼ਤਰਾ ਵੀ ਬਣਿਆ ਹੋਇਆ ਹੈ ਕਿਉਂਕਿ ਚੀਨ ਦੁਆਰਾ ਮੁਹਰਲੇ ਖੇਤਰਾਂ ’ਚ ਕਾਫੀ ਸਾਰੀਆਂ ਉਸਾਰੀਆਂ ਕਰ ਲਈਆਂ ਗਈਆਂ ਹਨ। ਫੌਜ ਮੁਖੀ ਅਨੁਸਾਰ ‘‘ਇਹ ਦੇਖਣਾ ਹੋਵੇਗਾ ਕਿ ਉਹ ਇਨ੍ਹਾਂ ਥਾਵਾਂ ’ਤੇ ਪੱਕੇ ਟਿਕਾਣੇ ਬਣਾ ਕੇ ਸਥਾਈ ਤੌਰ ’ਤੇ ਟਿਕਦੇ ਹਨ ਜਾਂ ਆਉਂਦੇ ਸਮੇਂ ’ਚ ਆਪਣੇ ਪੈਂਤੜਿਆਂ ਤੋਂ ਹੱਟ ਜਾਂਦੇ ਹਨ।’’
ਅਸਲ ’ਚ ਭਾਰਤੀ ਫੌਜ ਦੇ ਮੁਖੀ ਦਾ ਇਹ ਬਿਆਨ ਭਾਰਤ ਅਤੇ ਚੀਨ ਦਰਮਿਆਨ ਕਮਾਂਡਰਾਂ ਦੀ 14ਵੇਂ ਦੌਰ ਦੀ ਗੱਲਬਾਤ ਹੋਣ ਤੋਂ ਇੱਕ ਦਿਨ ਪਹਿਲਾਂ ਆਇਆ ਸੀ। ਅਸਲ ਨਿਯੰਤਰਣ ਰੇਖਾ ’ਤੇ ਜੋ ਵਿਵਾਦ ਬਣੇ ਹੋਏ ਹਨ, ਉਨ੍ਹਾਂ ਨੂੰ ਸੁਲਝਾਉਣ ਲਈ ਹੀ ਗੱਲਬਾਤ ਹੋਈ ਹੈ ਅਤੇ ਇਸ ਗੱਲਬਾਤ ਵਿੱਚੋਂ ਜੋ ਨਤੀਜਾ ਨਿਕਲਣ ਦੀ ਆਸ ਸੀ ਉਸ ਤਰ੍ਹਾਂ ਦਾ ਹੀ ਨਤੀਜਾ ਸਾਹਮਣੇ ਆਇਆ ਹੈ। ਵਿਵਾਦ, ਹਾਟ ਸਪਰਿੰਗ, ਡੇਮਚੌਕ ਅਤੇ ਡੇਸਪਾਂਗ ਦੇ ਇਲਾਕੇ ਨਾਲ ਸੰਬੰਧਿਤ ਹਨ। ਹਾਟ ਸਪਰਿੰਗ ਦਾ ਵਿਵਾਦ ਪਹਿਲਾਂ ਸੁਲਝਣ ਦੀ ਉਮੀਦ ਹੈ। ਪਰ 14ਵੇਂ ਦੌਰ ਦੀ ਫੌਜੀ ਗੱਲਬਾਤ ਵਿੱਚੋਂ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਪਰ ਬੇਹਤਰ ਗੱਲ ਇਹ ਰਹੀ ਹੈ ਕਿ ਜੋ 13ਵੇਂ ਦੌਰ ਦੀ ਗੱਲਬਾਤ ਬਾਅਦ ਵਾਪਰਿਆ ਸੀ ਉਹ ਇਸ ਵਾਰ ਨਹੀਂ ਵਾਪਰਿਆ। 13ਵੇਂ ਦੌਰ ਦੀ ਫੌਜ ਦੇ ਕਮਾਂਡਰਾਂ ਦੀ ਗੱਲਬਾਤ ਬਾਅਦ ਦੋਨਾਂ ਦੇਸ਼ਾਂ ਨੇ ਇਕ ਦੂਸਰੇ ’ਤੇ ਇਲਜਾਮ ਲਾਏ ਸਨ । ਭਾਰਤ ਦਾ ਕਹਿਣਾ ਸੀ ਕਿ ਚੀਨ ਕੋਈ ਅਜਿਹਾ ਸੁਝਾਅ ਨਹੀਂ ਦੇ ਸਕਿਆ ਜਿਸ ਨਾਲ ਅਗਾਂਹ ਵਧਿਆ ਜਾਵੇ ਜਦੋਂ ਕਿ ਚੀਨ ਨੇ ਭਾਰਤ ਦੀਆਂ ਤਜਵੀਜ਼ਾਂ ਨੂੰ ਗ਼ੈਰ-ਯਥਾਰਥ ਦੱਸਿਆ ਸੀ । 14ਵੇਂ ਦੌਰ ਦੀ ਗੱਲਬਾਤ ਨਾਲ ਸੰਬੰਧਿਤ ਰਹਿੰਦੇ ਮੁੱਦਿਆਂ ਦੇ ਪਰਸਪਰ ਤੌਰ ’ਤੇ ਪ੍ਰਵਾਨਯੋਗ ਹੱਲ ਲੱਭਣ ਲਈ ਦੋਨੋਂ ਮੁਲ਼ਕ ਨਜ਼ਦੀਕੀ ਸੰਪਰਕ ’ਚ ਰਹਿਣਗੇ ਅਤੇ ਗੱਲਬਾਤ ਜਾਰੀ ਰੱਖਣਗੇ। ਜਾਹਿਰ ਹੈ ਕਿ ਗੱਲਬਾਤ ਰਾਹੀਂ ਹੀ ਮੱਸਲੇ ਹੱਲ ਹੋਣੇ ਹਨ ਅਤੇ ਗੱਲਬਾਤ ਦਾ ਰਾਹ ਨਹੀਂ ਛੱਡਣਾ ਚਾਹੀਦਾ । ਭਾਰਤ ਨੂੰ ਇਹ ਪਹੁੰਚ ਪਾਕਿਸਤਾਨ ਪ੍ਰਤੀ ਵੀ ਅਪਣਾਉਣੀ ਚਾਹੀਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ