ਸੰਪਾਦਕੀ

ਟੀਕਾਕਰਨ ਦੀ ਲੰਬੀ ਪ੍ਰਕਿਰਿਆ ਤੇ ਉਠ ਰਹੀਆਂ ਚਿੰਤਾਵਾਂ

January 18, 2022 11:37 AM

ਦੇਸ਼ ’ਚ ਕੋਵਿਡ-19 ਮਹਾਮਾਰੀ ਦੀ ਤੀਸਰੀ ਲਹਿਰ ਦਾ ਕਹਿਰ ਚੱਲ ਰਿਹਾ ਹੈ। ਨਵੀਨ ਕੋਰੋਨਾ ਵਿਸ਼ਾਣੂ ਦੇ ਨਵੇਂ ਵੇਅਰੀਐਂਟ, ਓਮੀਕਰੋਨ, ਕਾਰਨ ਵੱਡੀਆਂ ਚਿੰਤਾਵਾਂ ਵੀ ਉੱਭਰ ਆਈਆਂ ਹਨ ਕਿਉਂਕਿ ਇਹ ਵੇਅਰੀਐਂਟ ਹਾਲੇ ਤੱਕ ਦੇ ਨਵੀਨ ਕੋਰੋਨਾ ਵਿਸ਼ਾਣੂ ਦੇ ਤਮਾਮ ਸਰੂਪਾਂ ਤੋਂ ਕਿਤੇ ਵੱਧ ਤੇਜ਼ੀ ਨਾਲ ਫੈਲਦਾ ਹੈ। ਤੀਸਰੀ ਲਹਿਰ ਨੇ ਜਿਸ ਪ੍ਰਕਾਰ ਜ਼ੋਰ ਫੜਿਆ ਹੈ ਉਸ ਤੋਂ ਲੱਗਦਾ ਹੈ ਕਿ ਰੋਜ਼ਾਨਾ ਆਉਣ ਵਾਲੇ ਨਵੇਂ ਮਾਮਲਿਆਂ ਦੇ ਨਵੇਂ ਰਿਕਾਰਡ ਸਥਾਪਿਤ ਹੋਣ ਵਾਲੇ ਹਨ। ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਸਮੇਂ ਇਕ ਦਿਨ ’ਚ ਚਾਰ ਲੱਖ ਨਵੇਂ ਮਾਮਲੇ ਆਏ ਸਨ ਜਦੋਂ ਦੂਜੀ ਲਹਿਰ ਦੀ ਸਿਖਰ ਸਮੇਂ 7 ਮਈ 2021 ਦੇ ਦਿਨ ਇੱਕ ਦਿਨ ਵਿੱਚ 4 ਲੱਖ 14 ਹਜ਼ਾਰ ਨਵੇਂ ਮਾਮਲੇ ਆਏ ਸਨ। ਕੋਵਿਡ-19 ਮਹਾਮਾਰੀ ਦੀ ਇਸ ਤੀਜੀ ਲਹਿਰ ’ਚ ਅਸਲ ਖੌਫ਼ ਮਰੀਜ਼ਾਂ ਦੀ ਤਾਦਾਦ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਤੋਂ ਹੀ ਹੈ ਜੋ ਜੇਕਰ ਅਸਲੀਅਤ ’ਚ ਬਦਲਦੀ ਹੈ ਤਾਂ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ’ਤੇ ਜਬਰਦਸ਼ਤ ਬੋਝ ਪੈਣ ਦਾ ਨਤੀਜਾ ਨਿਕਲੇਗਾ। ਦੂਸਰੀ ਲਹਿਰ ਦੀ ਸਿਖਰ ਸਮੇਂ ਦੇਖਿਆ ਜਾ ਚੁੱਕਾ ਹੈ ਕਿ ਸਿਹਤ ਸਹੂਲਤਾਂ ਦੀ ਕਮੀ ਕਿਸ ਕਦਰ ਮਹਿਸੂਸ ਕੀਤੀ ਗਈ ਸੀ।
ਓਮੀਕਰੋਨ ਬਾਰੇ ਇਹ ਵੀ ਦਸਿਆ ਗਿਆ ਹੈ ਕਿ ਇਹ ਡੈਲਟਾ ਵੇਅਰੀਐਂਟ ਨਾਲੋਂ ਕਾਫੀ ਘੱਟ ਘਾਤਕ ਹੈ। ਇਸ ਦਾ ਪਤਾ ਪਿਛਲੇ ਸਾਲ ਦੱਖਣੀ ਅਫਰੀਕਾ ਵਿੱਚ ਲੱਗਿਆ ਸੀ ਅਤੇ ਦੋ ਦਿਨ ਬਾਅਦ 26 ਨਵੰਬਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ‘‘ਚਿੰਤਾ ਪੈਦਾ ਕਰਨ ਵਾਲਾ’’ ਵੇਅਰੀਐਂਟ ਐਲਾਨ ਦਿੱਤਾ ਸੀ। ਮਹਾਮਾਰੀਆਂ ਦਾ ਅਧਿਐਨ ਕਰਨ ਵਾਲੇ ਅਤੇ ਦੂਸਰੇ ਸੰਬੰਧਿਤ ਵਿਗਿਆਨੀ ਮੰਨਦੇ ਹਨ ਕਿ ਓਮੀਕਰੋਨ, ਡੈਲਟਾ ਨਾਲੋਂ ਘੱਟ ਜਾਨਲੇਵਾ ਹੈ ਪਰ ਇਸ ਦਾ ਤੇਜ਼ੀ ਨਾਲ ਫੈਲਣਾ ਚਿੰਤਾਜਨਕ ਹੈ ਅਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕੋਵਿਡ-19 ਮਹਾਮਾਰੀ ਫੈਲਾਉਣ ਵਾਲਾ ਨਵੀਨ ਕੋਰੋਨਾ ਵਿਸ਼ਾਣੂ ਦਾ ਆਖਰੀ ਵੇਅਰੀਐਂਟ ਹੋਵੇਗਾ। ਹੋਰ ਵੀ ਵੇਅਰੀਐਂਟ ਆ ਸਕਦੇ ਹਨ ਅਤੇ ਉਨ੍ਹਾਂ ਵਿੱਚ ਕੋਈ ਹੋਰ ਵੀ ਜ਼ਿਆਦਾ ਜਾਨਲੇਵਾ ਹੋ ਸਕਦਾ ਹੈ। ਵਿਗਿਆਨੀਆਂ ਦੀ ਆਮ ਰਾਏ ਤਾਂ ਇਹ ਹੈ ਕਿ ਕੋਵਿਡ-19 ਮਹਾਮਾਰੀ ਦਾ ਇਸ ਸਾਲ 2022 ਵਿੱਚ ਅੰਤ ਹੋ ਜਾਵੇਗਾ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਇੱਕ ਰਾਏ ਹੀ ਹੈ। ਜ਼ਿਆਦਾ ਖ਼ਤਰਨਾਕ ਸਮਾਂ ਵੀ ਆ ਸਕਦਾ ਹੈ ਕਿਉਂਕਿ ਇਹ ਵਿਸ਼ਾਣੂ (ਸਾਰਸ ਕੋਵ-2) ਸੰਸਾਰ ਦਾ ਹਿੱਸਾ ਬਣ ਚੁੱਕਾ ਹੈ ਅਤੇ ਇਸ ਵਿੱਚ ਹੋਣ ਵਾਲੇ ਰੂਪਾਂਤਰਣਾਂ ਬਾਰੇ ਕੁਝ ਵੀ ਯਕੀਨ ਨਾਲ ਪਹਿਲੋਂ ਹੀ ਨਹੀਂ ਕਿਹਾ ਜਾ ਸਕਦਾ।
ਇਸ ਹਾਲਾਤ ਵਿੱਚ ਵਿਗਿਆਨੀਆਂ ਨੂੰ ਵੈਕਸੀਨੇਸ਼ਨ-ਟੀਕਾਕਰਨ- ਹੀ ਇੱਕ ਰਾਹ ਦਿੱਖਦਾ ਹੈ ਜੋ ਨਵੇਂ ਵੇਅਰੀਐਂਟ ਓਮੀਕਰੋਨ ਦਾ ਪ੍ਰਭਾਵ ਘੱਟ ਕਰ ਸਕਦਾ ਹੈ ਅਤੇ ਨਵੀਨ ਕੋਰੋਨਾ ਵਿਸ਼ਾਣੂ ਦੇ ਆਉਣ ਵਾਲੇ ਨਵੇਂ ਸਰੂਪਾਂ ਤੋਂ ਵੀ ਰੱਖਿਆ ਕਰਨ ਦੀ ਸੰਭਾਵਨਾ ਰੱਖਦਾ ਹੈ। ਪਰ ਕਈ ਗੰਭੀਰ ਸਵਾਲ ਵੀ ਪੈਦਾ ਹੋ ਗਏ ਹਨ। ਓਮੀਕਰੋਨ ’ਤੇ ਹਾਲੇ ਤੱਕ ਹੋਂਦ ’ਚ ਆਏ ਟੀਕਿਆਂ ਦੇ ਪ੍ਰਭਾਵ ਦਾ ਸਹੀ-ਸਹੀ ਪਤਾ ਨਹੀਂ ਲੱਗ ਪਾਇਆ ਹੈ। ਓਮੀਕਰੋਨ ਉਨ੍ਹਾਂ ਨੂੰ ਵੀ ਸ਼ਿਕਾਰ ਬਣਾ ਰਿਹਾ ਹੈ ਜਿਨ੍ਹਾਂ ਨੇ ਦੋਨੋਂ ਟੀਕੇ ਲਗਵਾਏ ਹੋਏ ਹਨ। ਕਈ ਮਾਹਿਰਾਂ ਨੂੰ ਓਮੀਕਰੋਨ ’ਤੇ ਟੀਕਿਆਂ ਦੀ ਕਾਰਗਰਤਾ ’ਤੇ ਸੰਦੇਹ ਵੀ ਹੈ।
ਭਾਰਤ ਵਿੱਚ ਸਾਰੀ ਆਬਾਦੀ ਨੂੰ ਟੀਕਾ ਲਾਉਣਾ ਆਪਣੇ ਆਪ ’ਚ ਇਕ ਵੱਡੀ ਚੁਣੌਤੀ ਹੈ, ਜਿਸ ਤੇਜ਼ੀ ਦੀ ਲੋੜ ਹੈ ਉਸ ’ਚ ਅਸੀਂ ਉਕ ਚੁੱਕੇ ਹਾਂ। 16 ਜਨਵਰੀ ਨੂੰ ਭਾਰਤ ਵਿੱਚ ਵੈਕਸੀਨੇਸ਼ਨ ਸ਼ੁਰੂ ਹੋਏ ਨੂੰ ਪੂਰਾ ਇੱਕ ਸਾਲ ਹੋ ਚੁੱਕਾ ਹੈ। ਪਿਛਲੇ ਸਨੀਵਾਰ ਤੱਕ 156 ਕਰੋੜ ਟੀਕੇ ਲੱਗ ਗਏ ਸਨ। ਪਿਛਲੇ ਸਾਲ ਦੇ ਅੰਤ ਤੱਕ ਸਭ ਬਾਲਗਾਂ, ਜਿਨ੍ਹਾਂ ਦੀ ਗਿਣਤੀ 94 ਕਰੋੜ ਹੈ, ਦੇ ਟੀਕੇ ਲਾਉਣ ਦਾ ਨਿਸ਼ਾਨਾ ਸੀ ਜੋ ਪੂਰਾ ਨਹੀਂ ਹੋ ਸਕਿਆ ਹੈ। ਸੱਤ ਕਰੋੜ ਚਾਲੀ ਲੱਖ ਦੀ ਕਿਸ਼ੋਰ ਆਬਾਦੀ ਮਿਲਾ ਕੇ ਕੁੱਲ 101 ਕਰੋੜ 40 ਲੱਖ ਭਾਰਤੀਆਂ ਨੂੰ ਟੀਕੇ ਲੱਗਣੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 15 ਜਨਵਰੀ 2022 ਤੱਕ 10 ਕਰੋੜ 99 ਲੱਖ ਲੋਕਾਂ ਨੂੰ ਇਕ ਵੀ ਟੀਕਾ ਨਹੀਂ ਲੱਗਾ ਸੀ ਜਦੋਂ ਕਿ 25 ਕਰੋੜ 19 ਲੱਖ ਭਾਰਤੀਆਂ ਨੂੰ ਦੂਸਰਾ ਟੀਕਾ (ਸੈਕੰਡ ਡੋਜ਼) ਲੱਗਣਾ ਰਹਿੰਦਾ ਹੈ। ਦੂਸਰੀ ਡੋਜ਼ ਹੀ ਐਂਟੀਬਾਡੀ ਤਿਆਰ ਕਰਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਟੀਕਿਆਂ ਦਾ ਅਸਰ ਜ਼ਿਆਦਾ ਤੋਂ ਜ਼ਿਆਦਾ 9 ਮਹੀਨੇ ਹੀ ਰਹਿੰਦਾ ਹੈ। ਸੋ ਪਿਛਲੇ ਸਾਲ ਜਨਵਰੀ, ਫਰਵਰੀ ਤੇ ਮਾਰਚ ’ਚ ਟੀਕੇ ਲਗਵਾਉਣ ਵਾਲੇ ਜੋਖਿਮ ਦੀ ਜ਼ਦ ’ਚ ਦਾਖਲ ਹੋ ਰਹੇ ਹਨ। ਦੋਨੋਂ ਟੀਕੇ ਲਾਉਣ ਦੀ ਪ੍ਰਕਿਰਿਆ ਭਾਰਤ ’ਚ ਹਾਲੇ ਕਾਫੀ ਹੋਰ ਸਮਾਂ ਲਾ ਕੇ ਹੀ ਪੂਰੀ ਹੋਵੇਗੀ। ਕਿਤੇ ਦੇਰੀ, ‘ਅੱਗਾ ਦੌੜ, ਪਿੱਛਾ ਚੌੜ’ ਵਾਲੀ ਹਾਲਤ ਤਾਂ ਪੈਦਾ ਨਹੀਂ ਕਰ ਰਹੀ? ਇਨ੍ਹਾਂ ਸਵਾਲਾਂ ਦੇ ਜਵਾਬ ਵਿਗਿਆਨ ਹੀ ਦੇਵੇਗਾ ਪਰ ਲੱਗਦਾ ਹੈ ਕਿ ਕੁਝ ਸਮੇਂ ਬਾਅਦ । ਪਰ ਸਮੱਸਿਆਵਾਂ ਤਾਂ ਜਲਦ ਸਾਹਮਣੇ ਆ ਜਾਣਗੀਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ