ਸੰਪਾਦਕੀ

ਭਾਜਪਾ ਵਲੋਂ ਸਿਆਸੀ ਵਿਰੋਧੀਆਂ ਖ਼ਿਲਾਫ਼ ਈਡੀ ਦੀ ਵਰਤੋਂ ਨਿੰਦਣਯੋਗ

January 19, 2022 12:44 PM

ਪੰਜਾਬ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪਾਉਣ ਦੀ ਤਾਰੀਕ ਭਾਵੇਂ ਸਿਆਸੀ ਪਾਰਟੀਆਂ ਦੀ ਅਪੀਲ ਪ੍ਰਵਾਨ ਕਰਦਿਆਂ ਚੋਣ ਕਮਿਸ਼ਨ ਨੇ ਹਫ਼ਤਾ ਅਗਾਂਹ ਪਾ ਦਿੱਤੀ ਹੈ, ਜਿਸ ਕਰਕੇ ਹੁਣ 14 ਫਰਵਰੀ ਦੀ ਥਾਂ ਵੋਟਾਂ 20 ਫਰਵਰੀ ਨੂੰ ਪੈਣੀਆਂ ਹਨ, ਪਰ ਇਸ ਨਾਲ ਸਿਆਸੀ ਸਰਗਰਮੀਆਂ ’ਚ ਕੋਈ ਸੁਸਤੀ ਨਹੀਂ ਆਈ ਹੈ ਸਗੋਂ ਨਿਤ ਵਾਪਰ ਰਹੀਆਂ ਨਵੀਆਂ ਘਟਨਾਵਾਂ ਨੇ ਚੋਣ-ਅਖਾੜਾ ਹੋਰ ਭਖਾ ਦਿੱਤਾ ਹੈ। ਹਾਲੇ ਤਕ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਚੋਣ-ਪ੍ਰਚਾਰ ਰਾਹੀਂ ਪੰਜਾਬ ਦੇ ਅਸਲ ਮੁੱਦਿਆਂ ਬੇਰੁਜ਼ਗਾਰੀ, ਨਸ਼ਿਆਂ ਦੀ ਭਰਮਾਰ, ਕਰਜ਼ਾ, ਮਾਫੀਆ ਦਾ ਰਾਜ ਅਤੇ ਪਾਣੀ ਦਾ ਡਿੱਗਦਾ ਪੱਧਰ ਆਦਿ ਨੂੰ ਇਸ ਤਰ੍ਹਾਂ ਨਹੀਂ ਉਭਾਰਿਆ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੀਆਂ ਪਰੇਸ਼ਾਨੀਆਂ ਅਤੇ ਔਖਿਆਈਆਂ ਦਾ ਕਾਰਨ ਰਹੇ ਇਹ ਮੁੱਦੇ ਚੋਣ ਪ੍ਰਚਾਰ ਦੇ ਕੇਂਦਰ ’ਚ ਆ ਜਾਣ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਇਨ੍ਹਾਂ ਮੁੱਦਿਆਂ ਪ੍ਰਤੀ ਵਿਚਾਰ ਤੇ ਵਤੀਰੇ ਖੁੱਲ੍ਹ ਕੇ ਸਾਹਮਣੇ ਆਉਂਦੇ ਪਰ ਪੰਜਾਬ ਦੇ ਲੋਕਾਂ ਲਈ ਇਹ ਮਹੱਤਵਪੂਰਨ ਬਣੇ ਰਹਿਣੇ ਹਨ ਅਤੇ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਵਲ ਪਰਤਣਾ ਹੀ ਪੈਣਾ ਹੈ। ਮਘੀਆਂ ਹੋਈਆਂ ਸਿਆਸੀ ਸਰਗਰਮੀਆਂ ’ਚ ਪੰਜਾਬ ਅੰਦਰ ਰੋਜ਼ ਹੀ ਅਹਿਮ ਸਿਆਸੀ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦਰਿਸ਼ ਬਦਲਦੇ-ਬਣਦੇ ਰਹਿੰਦੇ ਹਨ।
ਇਸ ਹਿਸਾਬ ਬੀਤਿਆ ਮੰਗਲਵਾਰ ਚੋਣ ਸਰਗਰਮੀਆਂ ਅਤੇ ਚੋਣ ਪ੍ਰਚਾਰ ਲਈ ਨਿਸ਼ਾਨੇ ਬਦਲਣ ਵਾਲਾ ਰਿਹਾ ਹੈ। ਇਸ ਦਿਨ ਆਮ ਆਦਮੀ ਪਾਰਟੀ ਨੇ ਆਸ ਅਨੁਸਾਰ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਉਮੀਦਵਾਰ ਦਾ ਨਾਮ ਸਾਹਮਣੇ ਲਿਆਂਦਾ ਹੈ। ਐਲਾਨ ਕੀਤਾ ਗਿਆ ਹੈ। ਜੇਕਰ ਆਮ ਆਦਮੀ ਪਾਰਟੀ ਪੰਜਾਬ ’ਚ ਸਰਕਾਰ ਬਣਾਉਣ ਦੇ ਸਮਰੱਥ ਸਾਬਤ ਹੁੰਦੀ ਹੈ ਤਾਂ ਉਸ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਵੇਗਾ। ਇਸ ਚੋਣ ਨਾਲ ਕਾਂਗਰਸ ਪਾਰਟੀ ’ਤੇ ਦਬਾਅ ਪਾਇਆ ਜਾਵੇਗਾ ਕਿ ਉਹ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਆਪਣਾ ਉਮੀਦਵਾਰ ਐਲਾਨੇ ਤਾਂ ਕਿ ਪੰਜਾਬ ਕਾਂਗਰਸ ’ਚ ਕੁਝ ਆਪਸੀ ਟਕਰਾਅ ਸਾਹਮਣੇ ਆ ਸਕੇ। ਇਹ ਹੁਕਮਰਾਨ ਬਣਨ ਦੇ ਚਾਹਵਾਨ ਸਿਆਸਤਦਾਨਾਂ ਦਾ ਨਿਘਾਰ ਹੈ ਕਿ ਉਹ ਪਾਰਟੀ ਅੰਦਰਲੀ ਲੜਾਈ, ਸ਼ਰੇਆਮ ਲੜਦੇ ਨਜ਼ਰ ਆ ਰਹੇ ਹਨ ਜਦੋਂ ਕਿ ਅੱਜ ਵੀ ਪੰਜਾਬ ’ਚ ਵੋਟਾਂ ਪਾਰਟੀਆਂ ਦੇ ਨਾਮ ’ਤੇ ਹੀ ਪੈਣੀਆਂ ਹਨ।
ਪੰਜਾਬ ਦੇ ਮਘੇ ਹੋਏ ਚੋਣ ਅਖਾੜੇ ਵਿਚ ਮੰਗਲਵਾਰ ਨੂੰ ਹੀ ਦੂਸਰੀ ਘਟਨਾ ਡਾਇਰੈਕਟੋਰੇਟ ਆਫ ਇਨਫੋਰਸਮੈਂਟ (ਈਡੀ) ਦੇ ਦਾਖਲੇ ਦੀ ਹੋਈ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਅਧੀਨ ਕੰਮ ਕਰਦਾ ਈਡੀ, ਆਰਥਿਕ ਕਾਨੂੰਨ ਲਾਗੂ ਕਰਨ ਅਤੇ ਆਰਥਿਕ ਜੁਰਮਾਂ ਨਾਲ ਨਜਿੱਠਣ, ਜਿਸ ’ਚ ਕੁਰਕੀ ਕਰਨ ਦਾ ਅਧਿਕਾਰ ਵੀ ਸ਼ਾਮਿਲ ਹੈ, ਦਾ ਕੰਮ ਕਰਦਾ ਹੈ। ਕੇਂਦਰ ਨੇ ਚੋਣਾਂ ਦੇ ਦਿਨਾਂ ’ਚ ਜਦੋਂ ਵੋਟਾਂ ਪੈਣ ਨੂੰ ਮਹੀਨਾ ਹੀ ਰਹਿ ਗਿਆ ਹੈ, ਆਪਣੇ ਚੋਣ ਮੁਹਾਜ਼ ’ਚ ਈਡੀ ਨੂੰ ਸ਼ਾਮਿਲ ਕਰ ਲਿਆ ਹੈ। ਈਡੀ ਤੋਂ ਹੀ ਨਹੀਂ ਮੋਦੀ ਸਰਕਾਰ ਦੂਸਰੀਆਂ ਕੇਂਦਰੀ ਏਜੰਸੀਆਂ ਤੋਂ ਵੀ ਆਪਣੇ ਸਿਆਸੀ ਹਿੱਤ ਸਾਧਨ ਦਾ ਕੰਮ ਲੈਂਦੀ ਰਹੀ ਹੈ। ਪੰਜਾਬ ’ਚ ਇਸ ਵਲੋਂ ਮੰਗਲਵਾਰ, 18 ਜਨਵਰੀ ਨੂੰ ਗ਼ੈਰ-ਕਾਨੂੰਨੀ ਖਣਨ ਦੇ ਸੰਬੰਧ ’ਚ 12 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਹੋਂ ’ਚ 2018 ਦੇ ਮਾਰਚ ਮਹੀਨੇ ’ਚ ਗ਼ੈਰ-ਕਾਨੂੰਨੀ ਖਣਨ ਸੰਬੰਧੀ ਇਕ ਕੇਸ ਦਰਜ ਹੋ ਗਿਆ ਸੀ ਜਿਸ ’ਚ ਇੱਕ ਕੁਦਰਤਦੀਪ ਸਿੰਘ ਦਾ ਨਾਮ ਸਾਹਮਣੇ ਆਇਆ ਸੀ। ਦੱਸਿਆ ਗਿਆ ਹੈ ਕਿ ਉਹ ਮੁੱਖ ਮੰਤਰੀ ਦੇ ਭਤੀਜੇ ਦਾ ਦੋਸਤ ਹੈ ਅਤੇ ਈਡੀ ਨੇ ਇਹ ਜਾਨਣਾ ਹੈ ਕਿ ਗ਼ੈਰ-ਕਾਨੂੰਨੀ ਖਣਨ ’ਚ ਮੁੱਖ ਮੰਤਰੀ ਦਾ ਨਾਮ ਤਾਂ ਨਹੀਂ ਵਰਤਿਆ ਗਿਆ।
ਇਸ ’ਚ ਸ਼ੱਕ ਨਹੀਂ ਕਿ ਭਰਿਸ਼ਟਾਚਾਰੀਆਂ ਦਾ ਸਫ਼ਾਇਆ ਹੋਣਾ ਚਾਹੀਦਾ ਹੈ ਅਤੇ ਜ਼ਿੰਮੇਵਾਰ ਏਜੰਸੀਆਂ ਨੂੰ ਭਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਲਿਆਉਣ ਅਤੇ ਭਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਨਿਰਪੱਖਤਾ ਨਾਲ ਕਰਨਾ ਚਾਹੀਦਾ ਹੈ। ਪਰ ਮੋਦੀ ਸਰਕਾਰ ਵਲੋਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਇਨ੍ਹਾਂ ਏਜੰਸੀਆਂ ਦੀ ਖੁੱਲ੍ਹ ਕੇ ਵਰਤੋਂ ਕਰਨਾ ਨਿੰਦਣਯੋਗ ਹੈ। ਬਹਰਹਾਲ, ਵੋਟਾਂ ਪੈਣ ਹੀ ਵਾਲੀਆਂ ਹਨ, ਲੋਕਾਂ ਦਾ ਫੈਸਲਾ ਵੀ ਦੂਰ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ