- ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
- ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਏਜੰਸੀਆਂ
ਮੁੰਬਈ/6 ਫਰਵਰੀ : ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ, ਜਿਨ੍ਹਾਂ ਦਾ ਐਤਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਦਾ ਇੱਥੋਂ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਕੌਮੀ ਝੰਡੇ ਵਿੱਚ ਲਪੇਟ ਕੇ ਸ਼ਮਸ਼ਾਨਘਾਟ ਲਿਜਾਈ ਗਈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਉੱਘੀਆਂ ਫ਼ਿਲਮੀ, ਸਿਆਸੀ, ਖੇਡ ਤੇ ਸਮਾਜਿਕ ਹਸਤੀਆਂ ਹਾਜ਼ਰ ਸਨ। ਤਿੰਨੇ ਸੈਨਾਵਾਂ ਦੇ ਜਵਾਨਾਂ ਤੇ ਅਧਿਕਾਰੀਆਂ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਧਰ 92 ਸਾਲਾ ਮਰਹੂਮ ਗਾਇਕਾ ਦੀ ਛੋਟੀ ਭੈਣ ਊਸਾ ਮੰਗੇਸ਼ਕਰ ਨੇ ਕਿਹਾ, ‘ਉਹ (ਲਤਾ ਮੰਗੇਸ਼ਕਰ) ਨਹੀਂ ਰਹੀ। ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ।’ ਗਾਇਕਾ ਨੂੰ ਕਰੋਨਾ ਹੋਣ ਬਾਅਦ 8 ਜਨਵਰੀ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ ਦੇ ਇੰਦੌਰ ਵਿੱਚ ਹੋਇਆ ਸੀ। ਭਾਰਤ ਰਤਨ ਐਵਾਰਡੀ ਲਤਾ ਦੀਦੀ ਨੇ ਸਾਲ 1942 ਵਿੱਚ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਪਛਾਣ ਫਿਲਮ ‘ਮਹਿਲ’ ਦੇ ਗੀਤ ‘ਆਏਗਾ ਆਨੇ ਵਾਲਾ‘ ਤੋਂ ਮਿਲੀ। ਇਸ ਦੇ ਨਾਲ ਹੀ ਲਤਾ ਨੇ 20 ਭਾਸਾਵਾਂ ਵਿੱਚ 30 ਹਜਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ ਦਿੱਤੀ ਹੈ। ਉਨ੍ਹਾਂ ਨੂੰ ਦੇਸ ਦੇ ਕਈ ਵੱਕਾਰੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਹੋਰਨਾਂ ਸਿਆਸੀ ਸ਼ਖ਼ਸੀਅਤਾਂ ਅਤੇ ਬਾਲੀਵੁੱਡ ਜਗਤ ਨੇ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਹੈ।