ਦਸਬ
ਲੁਧਿਆਣਾ/16 ਫਰਵਰੀ : ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਬੁੱਧਵਾਰ ਨੂੰ ਲੁਧਿਆਣਾ ਦੇ ਪਿੰਡ ਥਰੀਕੇ ਵਿਖੇ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਦੱਸਣਾ ਬਣਦਾ ਹੈ ਕਿ ਦੀਪ ਸਿੱਧੂ ਦੀ ਮੰਗਲਵਾਰ ਨੂੰ ਦਿੱਲੀ ਨਜ਼ਦੀਕ (ਕੇਐਮਪੀ) ਰੋਡ ’ਤੇ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸੇ ਦਰਮਿਆਨ ਉਕਤ ਸਥਾਨ ’ਤੇ ਹਾਦਸਾ ਵਾਪਰ ਗਿਆ। ਦੱਸਣਾ ਬਣਦਾ ਹੈ ਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਦੇ ਚਲਦਿਆਂ ਬੇਹੱਦ ਚਰਚਾ ’ਚ ਸਨ। ਉੁਨ੍ਹਾਂ ਦੀ 26 ਜਨਵਰੀ, 2021 ਦੀ ਲਾਲ ਕਿਲ੍ਹੇ ਦੀ ਘਟਨਾ ਦੇ ਚਲਦਿਆਂ ਗ੍ਰਿਫ਼ਤਾਰੀ ਵੀ ਹੋਈ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਨਾਂ ਦੀ ਜਥੇਬੰਦੀ ਦੀ ਸ਼ੁਰੂਆਤ ਵੀ ਕੀਤੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਜਥੇਬੰਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਤੇ ਪੰਜਾਬ ਦੇ ਅਸਲ ਸੱਭਿਆਚਾਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ।