ਮਹੀਪਾਲ ਸਿੰਘ
ਚੰਡੀਗੜ੍ਹ, 11 ਅਪ੍ਰੈਲ : ਚੰਡੀਗੜ੍ਹ ਵਿੱਚ ਸਥਾਪਿਤ ਸੰਸਥਾ, ਸੈਂਟਰ ਫਾਰ ਰੀਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ, ਜੋ ਕਿ ‘ਕਰਿਡ’ ਦੇ ਨਾਮ ’ਤੇ ਵਧੇਰੇ ਜਾਣੀ ਜਾਂਦੀ ਹੈ, ਨੂੰ 1979 ਵਿੱਚ ਵਿਸ਼ੇਸ਼ ਪ੍ਰੋਗਰਾਮ ਅਤੇ ਵਿਕਾਸ ਦੇ ਬਹੁ-ਪੱਖੀ ਟੀਚਿਆਂ ਨੂੰ ਮੁਖ ਰਖਕੇ ਹੋਂਦ ’ਚ ਲਿਆਂਦਾ ਗਿਆ ਸੀ। ਅੱਜ ਇਸ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਉੱਤਰ-ਪੱਛਮੀ ਖੇਤਰ ਵਿੱਚ ਇਹ ਇੱਕੋ ਇੱਕ ਅਜਿਹਾ ਖੋਜ ਕੇਂਦਰ ਹੈ ਜਿਸ ਵਿੱਚ ਅਰਥਸ਼ਾਸਤਰੀ, ਸਮਾਜ ਵਿਗਿਆਨੀ ਅਤੇ ‘ਇੰਡਸਟਰੀਅਲ’ (ਉਦਯੋਗ) ਦੇ ਮਾਮਲਿਆਂ ਦੇ ਮਾਹਿਰ ਲੋਕ ਬਾਰੇ ਵਿਸਤ੍ਰਿਤ ਅਧਿਐਨ ਕਰਦੇ ਹਨ।
ਇਸ ਕੇਂਦਰ ਵਿੱਚ ਉਚੇਰੀ ਪੱਧਰ ਰੱਖਣ ਵਾਲੇ ਖੇਤੀ-ਖੋਜ, ਆਬਾਦੀ ਮਸਲਿਆਂ, ਜਾਂ ਇਸ ਖਿੱਤੇ ਨਾਲ ਸੰਬੰਧਤ ਦਰ-ਪੇਸ਼ ਸਮੱਸਿਆਵਾਂ ਬਾਰੇ ਉੱਚ ਕੋਟੀ ਦੇ ਅਧਿਐਨ ਹੋਏ ਹਨ। ਇਸ ਸੰਸਥਾ ਨੂੰ ਉਚੇਰੀ ਪੱਧਰ ਦਾ ਖੋਜ ਕੇਂਦਰ ਬਣਾਉਣ ਵਿੱਚ ਸਵਰਗੀ ਸ੍ਰੀ ਰਛਪਾਲ ਮਲਹੋਤਰਾ ਦਾ ਵੀ ਬਹੁਤ ਯੋਗਦਾਨ ਰਿਹਾ ਹੈ। ਇਸ ਸੰਸਥਾ (ਖੋਜ ਕੇਂਦਰ ) ਵਿੱਚ 58 ਦੇ ਕਰੀਬ ਖੋਜਾਰਥੀ ਖੋਜ ਕਾਰਜਾਂ ਨਾਲ ਜੁੱਟੇ ਹੋਏ ਹਨ। ਪਿਛਲੇ ਦਿਨੀਂ ਜਲੰਧਰ ’ਚ ਹੋਏ ਲੋਕ ਮੰਚ ਦੇ ਸੈਮੀਨਾਰ ਵਿੱਚ ਇਸ ਖੋਜ-ਕੇਂਦਰ ਦੀ ਨਿਘਰਦੀ ਸੂਰਤ ਤੇ ਵਿਚਾਰ ਪ੍ਰਗਟ ਕਰਦਿਆਂ ਕੁਝ ਪ੍ਰਸਿੱਧ ਅਰਥਸ਼ਾਸਤਰੀਆਂ, ਸਮਾਜ ਵਿਗਿਆਨੀਆਂ ਅਤੇ ਸਾਹਿਤਕਾਰਾਂ ਨੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਪੰਜਾਬ ਸਰਕਾਰ ਇਸ ਸੰਸਥਾ ਨੂੰ ‘‘ਮੈਚਿੰਗ - ਗ੍ਰਾਂਟ’’ ਪ੍ਰਦਾਨ ਕਰਦੀ ਹੈ ਅਤੇ ਬਾਕੀ ਵਿੱਤੀ ਸਹਾਇਤਾ ਕੇਂਦਰ ਵੱਲੋਂ ਆਉਂਦੀ ਹੈ। ਪ੍ਰੰਤੂ ਦੁਖਦਾਇਕ ਗੱਲ ਇਹ ਹੈ ਕਿ ਜੇ ਮਾਨ ਸਰਕਾਰ ਨੇ ਇਸ ਕੇਂਦਰ ਦੀ ਮੁੜ-ਬਹਾਲੀ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਲਈ ਅਤੇ ਨਾਲ ਲਗਦੇ ਪ੍ਰਾਂਤਾ ਲਈ ਇਹ ਅਕਾਦਮਿਕ-ਖ਼ੁਦਕੁਸ਼ੀ ਹੋਵੇਗੀ। ਇਸ ਸੰਸਥਾ ਨੂੰ ਖਤਮ ਹੋਣ ਤੋਂ ਬਚਾਇਆ ਜਾਵੇ।