- ਪ੍ਰਿੰਸੀਪਲ ਲਲਿਤ ਮੋਹਨ ਚੌਧਰੀ ਨੇ ਦਿੱਤੀ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸ਼ਾਬਾਸ਼
ਬਲਵਿੰਦਰ ਰੈਤ
ਨੰਗਲ, 25 ਅਪ੍ਰੈਲ: ਸਰਕਾਰੀ ਆਈਟੀਆਈ ਬਸੀ ਪਠਾਣਾਂ ਵਿਖੇ ਜ਼ੋਨਲ ਖੇਡਾਂ ਕਰਵਾਈਆਂ ਗਈਆਂ ਜਿੱਥੇ ਸਰਕਾਰੀ ਆਈਟੀਆਈ ਨੰਗਲ ਦੇ ਸਿਖਿਆਰਥੀਆਂ ਨੇ ਵੱਖ-ਵੱਖ ਗੇਮਾਂ ਚ ਜਿੱਤ ਕੇ ਆਪਣਾ ਕਬਜ਼ਾ ਕੀਤਾ ਅਤੇ ਆਲ ਓਵਰ ਟਰਾਫੀ ਜਿੱਤ ਕੇ ਸੰਸਥਾ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ। ਜੇਤੂ ਟੀਮਾਂ ਦਾ ਅੱਜ ਸਰਕਾਰੀ ਆਈ ਟੀ ਨੰਗਲ ਕੈਂਪਸ ਵਿਚ ਪਹੁੰਚਣ ਤੇ ਪ੍ਰਿੰਸੀਪਲ ਲਲਿਤ ਮੋਹਨ ਚੌਧਰੀ ਅਤੇ ਸਮੂਹ ਸਟਾਫ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਲਲਿਤ ਮੋਹਨ ਨੇ ਜੇਤੂ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦੇ ਹੋਏ ਸਟੇਟ ਪੱਧਰ ਦੀਆਂ ਖੇਡਾਂ ਵਿਚ ਵਧ ਚਡ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਹ ਪੰਜਾਬ ਪੱਧਰ ਦੀਆਂ ਹੋਣ ਵਾਲੀਆਂ ਖੇਡਾਂ ਵਿੱਚ ਇਸ ਸੰਸਥਾ ਦਾ ਨਾਂ ਉੱਚਾ ਕਰਨਗੇ। ਪ੍ਰਿੰਸੀਪਲ ਨੇ ਜਿੱਥੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਉਥੇ ਇਨ੍ਹਾਂ ਦੀ ਕੋਚ ਇੰਸਟਰੱਕਟਰ ਮਨੋਜ ਕੁਮਾਰ, ਅਜੇ ਕੌਸ਼ਲ, ਬਲਵਿੰਦਰ ਕੁਮਾਰ, ਮਨਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅੱਗੇ ਤੋਂ ਵੀ ਸਿਖਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਰਹਿਣਗੇ।ਇਸ ਮੌਕੇ ਇੰਸਟਰੱਕਟਰ ਯੂਨੀਅਨ ਨੰਗਲ ਦੇ ਸਾਬਕਾ ਪ੍ਰਧਾਨ ਰਾਕੇਸ਼ ਧੀਮਾਨ, ਇੰਸਟਰੱਕਟਰ ਗੁਰਦੀਪ ਕੌਸ਼ਲ, ਅਸ਼ਵਨੀ ਕੁਮਾਰ ਅਤੇ ਦਲਜੀਤ ਸਿੰਘ ਹਾਜ਼ਰ ਸਨ। ਜ਼ੋਨਲ ਪੱਧਰ ਦੀਆਂ ਹੋਈਆਂ ਖੇਡਾਂ ਵਿੱਚ ਨੰਗਲ ਆਈਟੀਆਈ ਦੇ ਨਤੀਜਿਆਂ ਵਿੱਚ ਕਬੱਡੀ ਨੈਸ਼ਨਲ ਵਿੱਚ ਰੂਪਨਗਰ ਅਤੇ ਨੰਗਲ ਦਾ ਫਸਵਾਂ ਮੁਕਾਬਲਾ ਰਿਹਾ ਜਿਸ ਵਿੱਚ ਨੰਗਲ ਜੇਤੂ ਰਿਹਾ। ਵਾਲੀਬਾਲ ਲੜਕੇ ਵਿੱਚ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਫਾਈਨਲ ਮੁਕਾਬਲਾ ਹੋਇਆ ਅਤੇ ਨੰਗਲ ਜੇਤੂ ਰਿਹਾ। ਬੈਡਮਿੰਟਨ ਲੜਕੇ ਬਸੀ ਪਠਾਣਾਂ ਅਤੇ ਨੰਗਲ ਚ ਹੋਏ ਰੋਚਕ ਮੁਕਾਬਲੇ ਵਿੱਚ ਨੰਗਲ ਨੇ ਬਾਜ਼ੀ ਮਾਰੀ। ਦੌੜਾਂ ਵਿਚ 400 ਮੀਟਰ ਵਿੱਚ ਭਾਨੂੰ ਪ੍ਰਤਾਪ ਸਿੰਘ ਫਸਟ। 1500 ਮੀਟਰ ਦੌੜ ਵਿਚ ਅਭਿਸ਼ੇਕ ਰਾਣਾ ਨੰਗਲ ਫਸਟ। 100 ਮੀਟਰ ਦੌੜ ਵਿੱਚ ਭਾਨੂੰ ਪ੍ਰਤਾਪ ਸੈਕਿੰਡ ਰਿਹਾ। 200 ਮੀਟਰ ਦੌੜ ਵਿੱਚ ਜਗਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। 500 ਮੀਟਰ ਦੌੜ ਵਿੱਚ ਹਿੰਮਤ ਸਿੰਘ ਫਸਟ ਰਿਹਾ। ਜ਼ੋਨਲ ਖੇਡਾਂ ਦੌਰਾਨ ਬੈਸਟ ਅਥਲੀਟ ਭਾਨੂ ਪ੍ਰਤਾਪ ਨੂੰ ਚੁਣਿਆ ਗਿਆ। ਜੈਵਲਿਨ ਥਰੋ ਵਿੱਚ ਆਦਰਸ਼ ਪੁਰੀ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਥਰੋ ਲੜਕੇ ਆਦਰਸ਼ ਪੁਰੀ ਸੈਕਿੰਡ ਰਿਹਾ। ਡਿਸਕਸ ਥਰੋ ਲੜਕੇ ਆਦਰਸ਼ ਪੁਰੀ ਫਸਟ ਰਿਹਾ। ਲੌਂਗ ਜੰਪ ਲੜਕੇ ਭਾਨੂ ਪ੍ਰਤਾਪ ਨੇ ਪਹਿਲਾ ਸਥਾਨ ਹਾਸਲ ਕੀਤਾ। ਰਿਲੇਅ ਰੇਸ 400 ਮੀਟਰ ਚ ਆਈਟੀਆਈ ਨੰਗਲ ਸੰਸਥਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਆਲ ਓਵਰ ਟਰਾਫੀ ਤੇ ਸਰਕਾਰੀ ਆਈਟੀਆਈ ਨੰਗਲ ਦਾ ਕਬਜਾ ਰਿਹਾ ਜੋ ਆਪਣੇ ਆਪ ਵਿਚ ਇਕ ਨਵੀਂ ਮਿਸਾਲ ਬਣੀ ਹੈ।