ਹਰਬੰਸ ਬਾਗੜੀ
ਮੋਹਾਲੀ/28 ਅਪ੍ਰੈਲ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਟੂਰੀਜ਼ਮ ਐਂਡ ਟਰੈਵਲ ਮੈਨੇਜਮੈਟ ਕੋਰਸ (ਬੀਟੀਟੀਐਮ) ਦੇ ਚੌਥੇ ਸਾਲ ਦੇ ਵਿਦਿਆਰਥੀ ਸੰਜੇ ਸ਼ਾਹੀ ਨੇ ਕੇਰਲਾ ਦੇ ਅਲਾਪੁਝਾ ਵਿਖੇ ਹੋਈ ਨੈਸ਼ਨਲ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ 66 ਕਿਲੋ ਵਰਗ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਸਕੁਐਟ (190 ਕਿਲੋਗ੍ਰਾਮ), ਬੈਂਚ ਪ੍ਰੈੱਸ (130 ਕਿਲੋਗ੍ਰਾਮ) ਅਤੇ ਡੈੱਡ ਲਿਫਟ (227.5 ਕਿਲੋਗ੍ਰਾਮ) ਵਰਗਾਂ ਵਿੱਚ ਮੁਕਾਬਲਾ ਕਰਦੇ ਹੋਏ ਸੰਜੇ ਨੇ ਕੁੱਲ 547.5 ਕਿਲੋਗ੍ਰਾਮ ਭਾਰ ਇਕੱਠਾ ਕੀਤਾ।ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਸੂਬਿਆਂ ਦੇ ਚਾਲੀ ਤੋਂ ਜ਼ਿਆਦਾ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਜਿਸ ਵਿੱਚ ਸੀਜੀਸੀ ਲਾਂਡਰਾ ਦੇ ਸੰਜੇ ਨੇ ਬਾਜ਼ੀ ਮਾਰੀ।ਜਿੱਤ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਸੰਜੇ ਨੇ ਦੱਸਿਆ ਕਿ ਮੇਰੇ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਮੈਨੂੰ ਕੌਮੀ ਪੱਧਰ ਤੇ ਆਪਣੇ ਕਾਲਜ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਅਤੇ ਨਾਮ ਰੌਸ਼ਨ ਕਰਨ ਦਾ ਮੌਕਾ ਮਿਲਿਆ।ਵਿਚਾਰ ਪ੍ਰਗਟ ਕਰਦਿਆਂ ਸੰਜੇ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਇਸ ਮੌਕੇ ਬਹੁਤ ਸਾਥ ਦਿੱਤਾ ਹੈ ਜਿਸ ਦਾ ਉਹ ਸ਼ੁਕਰਗੁਜ਼ਾਰ ਹਨ। ਇਸ ਦੇ ਨਾਲ ਹੀ ਸੀਜੀਸੀ ਲਾਂਡਰਾ ਵੱਲੋਂ ਇਨ੍ਹਾਂ ਚੈਂਪੀਅਨਸ਼ਿਪਾਂ ਦੀ ਤਿਆਰੀ ਲਈ ਲੋੜੀਂਦੀ ਅਤਿ ਆਧੁਨਿਕ ਸਿਖਲਾਈ, ਸਾਜੋ ਸਮਾਨ ਅਤੇ ਸਲਾਹਕਾਰ ਪ੍ਰਦਾਨ ਕਰਨ ਵਿੱਚ ਸਹਾਇਤਾ ਦੇਣ ਲਈ ਅਤਿ ਧੰਨਵਾਦੀ ਹੈ। ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਸੰਜੇ ਆਪਣੇ ਸਕੂਲੀ ਦਿਨਾਂ ਤੋਂ ਹੀ ਖੇਡਾਂ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ ਹੈ। ਉਹ ਵੱਖਰੇ ਵੱਖਰੇ ਚੈਂਪੀਅਨਸ਼ਿਪਾਂ ਵਿੱਚ ਸੀਜਸੀ ਅਦਾਰੇ ਦੀ ਨੁਮਾਇੰਦਗੀ ਕਰਦਿਆਂ ਹਰੇਕ ਵਾਰ ਕਾਲਜ ਦਾ ਨਾਂ ਰੌਸ਼ਨ ਕਰਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਜੇ ਨੇ ਜਨਵਰੀ 2022 ਵਿੱਚ ਉਦੇਪੂਰ ਵਿਖੇ ਕਰਵਾਈ ਨੈਸ਼ਨਲ ਸਬ ਜੂਨੀਅਨ ਅਤੇ ਜੂਨੀਅਰ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ 66 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ।ਇਸ ਦੇ ਨਾਲ ਹੀ ਉਸ ਦੇ ਮਾਰਚ 2022 ਵਿੱਚ ਫਰੀਦਾਬਾਦ, ਹਰਿਆਣਾ ਵਿਖੇ ਆਯੋਜਿਤ ਉੱਤਰੀ ਭਾਰਤੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਇੱਕ ਹੋਰ ਗੋਲਡ ਤੇ ਵੀ ਕਬਜ਼ਾ ਕੀਤਾ ਸੀ। ਨਵੰਬਰ 2021 ਵਿੱਚ ਸੰਜੇ ਨੇ ਗੋਆ ਵਿੱਚ ਕਰਵਾਈ ਨੈਸ਼ਨਲ ਕਲਾਸਿਕ ਬੈਂਚ ਪ੍ਰੈਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸੰੰਜੇ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਅਤੇ ਉਸ ਵੱਲੋਂ ਕੀਤੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਜੇ ਦੀ ਇਹ ਜਿੱਤ ਉਸ ਦੇ ਸਾਥੀ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰੇਗੀ।