ਵੀ. ਪੀ. ਸਿੰਘ ਨਾਗਰਾ
ਚੰਡੀਗੜ੍ਹ/1 ਮਈ : ਚੰਡੀਗੜ੍ਹ ਅਸਟੇਟ ਦਫਤਰ ਨੇ ਐਤਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸਥਿਤ ਕਲੋਨੀ ਨੰਬਰ 4 ਵਿੱਚ ਸੈਂਕੜੇ ਝੁੱਗੀਆਂ ਨੂੰ ਢਾਹ ਦਿੱਤਾ। ਕਰੀਬ 2,000 ਪੁਲਿਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟਰੇਟ ਕਲੋਨੀ ਨੂੰ ਢਾਹੁਣ ਅਤੇ ਬੇਦਖਲ ਕਰਨ ਦੀ ਕਾਰਵਾਈ ਲਈ ਤਾਇਨਾਤ ਕੀਤੇ ਗਏ ਸਨ।
ਯੂਟੀ ਪ੍ਰਸ਼ਾਸਨ ਨੇ ਕਲੋਨੀ ਦੇ 500 ਮੀਟਰ ਦੇ ਘੇਰੇ ਵਿੱਚ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਮੌਕੇ 2000 ਤੋਂ ਵਧ ਪੁਲਿਸ ਮੁਲਾਜ਼ਮਾਂ ਅਤੇ ਪੈਰਾ ਮਿਲਟਰੀ ਫੋਰਸ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ। ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਇਹ ਜ਼ਮੀਨ ਪ੍ਰਸ਼ਾਸਨ ਦੇ ਜੰਗਲਾਤ ਤੇ ਇੰਜੀਨੀਅਰਿੰਗ ਵਿਭਾਗ ਦੀ ਹੈ।
ਇਸ ਜ਼ਮੀਨ ਦਾ ਜ਼ਿਆਦਾਤਰ ਕਬਜ਼ਾ ਜੰਗਲਾਤ ਵਿਭਾਗ ਦਾ ਹੈ। ਅਜਿਹੇ ’ਚ ਇੱਥੇ ਕੀਤੇ ਗਏ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾ ਕੇ ਇਸ ਜ਼ਮੀਨ ਨੂੰ ਖਾਲੀ ਕਰਾਉਣ ਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਇਸ ਪੂਰੀ ਜ਼ਮੀਨ ਦੀ ਫੇਸਿੰਗ ਕਰਕੇ ਜੰਗਲਾਤ ਵਿਭਾਗ ਨੂੰ ਇਸ ਦਾ ਕਬਜ਼ਾ ਦਿੱਤਾ ਜਾਵੇਗਾ। ਇਸ ਦੌਰਾਨ ਕਾਲੋਨੀ ’ਚ ਰਹਿਣ ਵਾਲੀਆਂ ਔਰਤਾਂ ਰੋਂਦੀਆਂ ਵਿਖਾਈ ਦਿੱਤੀਆਂ।
ਅਸਟੇਟ ਦਫ਼ਤਰ ਵੱਲੋਂ ਕੀਤੇ ਗਏ ਬਾਇਓਮੈਟ੍ਰਿਕ ਸਰਵੇਖਣ ਦੇ ਆਧਾਰ ’ਤੇ ਕਲੋਨੀ ਦੇ 658 ਵਸਨੀਕਾਂ ਦੀ ਸੂਚੀ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਭੇਜੀ ਗਈ ਸੀ।
ਇਸ ਤੋਂ ਬਾਅਦ ਮਲੋਆ ਹਾਊਸਿੰਗ ਕੰਪਲੈਕਸ ਵਿਖੇ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਫਲੈਟਾਂ ਦੀ ਆਰਜੀ ਅਲਾਟਮੈਂਟ ਲਈ ਐਸਡੀਐਮ (ਪੂਰਬੀ) ਦੇ ਦਫ਼ਤਰ ਵਿਖੇ ਕੈਂਪ ਲਗਾਇਆ ਗਿਆ। 299 ਦੇ ਕਰੀਬ ਵਸਨੀਕ ਰਜਿਸਟ੍ਰੇਸ਼ਨ ਅਤੇ ਬਿਨੈ-ਪੱਤਰ ਜਮ੍ਹਾਂ ਕਰਵਾਉਣ ਲਈ ਆਏ ਅਤੇ ਅਰਜ਼ੀਆਂ ਸਵੀਕਾਰ ਕਰਨ ਦੀ ਪ੍ਰਕਿਰਿਆ ਤੜਕੇ 1 ਵਜੇ ਤੱਕ ਚੱਲੀ। ਐਤਵਾਰ ਨੂੰ ਡਰਾਅ ਵਿੱਚ ਕੁੱਲ 290 ਫਲੈਟ ਅਲਾਟ ਕੀਤੇ ਗਏ।