BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸੰਪਾਦਕੀ

ਚੌਥੀ ਲਹਿਰ ਦੀ ਘਾਤਕਤਾ ਘੱਟ ਹੋਣ ਦੀ ਸੰਭਾਵਨਾ

May 04, 2022 01:02 PM

ਦੇਸ਼ ’ਚ ਕੋਵਿਡ-19 ਦੇ ਮਾਮਲੇ ਵੱਧਣ ਲੱਗੇ ਹਨ। ਕਈ ਤਰ੍ਹਾਂ ਦੀਆਂ ਚਿੰਤਾਵਾਂ ਵਿਅਕਤ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਆਲਮੀ ਪੱਧਰ ’ਤੇ ਕੋਵਿਡ-19 ਮਹਾਮਾਰੀ ਦੇ ਮੁੜ ਕੇ ਫੈਲਣ ਨਾਲ ਕਈ ਵਿਕਸਤ ਮੁਲ਼ਕਾਂ ਨੂੰ ਵੀ ਸਖ਼ਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਦਾ ਫੈਲਾਅ ਓਮੀਕਰੋਨ ਦੇ ਨਵੇਂ ਵੇਅਰੀਐਂਟ (ਬੀ-2) ਦੁਆਰਾ ਕੀਤਾ ਮੰਨਿਆ ਜਾ ਰਿਹਾ ਹੈ ਜੋ ਕਿ ਇਸ ਦੇ ਪਹਿਲਾਂ ਦੇ ਵੇਅਰੀਐਂਟ (ਬੀ.ਏ.2.12.1) ਨਾਲੋਂ ਵੀ ਤੇਜ਼ੀ ਨਾਲ ਫੈਲਣ ਵਾਲਾ ਹੈ। ਅਮਰੀਕਾ ’ਚ ਪ੍ਰਤੀ ਦਿਨ ਕੋਈ 56 ਹਜ਼ਾਰ ਨਵੇਂ ਮਾਮਲੇ ਦਰਜ ਹੋਣ ਲੱਗੇ ਹਨ ਜਦੋਂਕਿ ਅਪਰੈਲ ਦੇ ਮੁੱਢਲੇ ਦਿਨਾਂ ’ਚ ਇਹ 25 ਹਜ਼ਾਰ ਦੇ ਕਰੀਬ ਸਨ। ਅਮਰੀਕਾ ’ਚ ਨਵਾਂ ਵੇਅਰੀਐਂਟ ਕੋਈ 68 ਪ੍ਰਤੀਸ਼ਤ ਮਾਮਲਿਆਂ ਲਈ ਜ਼ਿੰੰਮੇਵਾਰ ਹੈ। ਯੂਰਪੀ ਦੇਸ਼ਾਂ ਨੂੰ ਵੀ ਨਵੇਂ ਸਿਰੇ ਤੋਂ ਕੋਵਿਡ-19 ਮਹਾਮਾਰੀ ਵਿਰੁੱਧ ਜੂਝਣਾ ਪੈ ਰਿਹਾ ਹੈ। ਜਰਮਨੀ ’ਚ ਨਵੇਂ ਮਾਮਲਿਆਂ ’ਚ ਤਿੱਖਾ ਵਾਧਾ ਹੋਇਆ ਹੈ। ਚੀਨ ਨੇ ਕੋਵਿਡ-19 ਪ੍ਰਤੀ ਸਭ ਤੋਂ ਸਖ਼ਤ ਨੀਤੀ ਅਪਣਾ ਰੱਖੀ ਹੈ। ਚੀਨ ਦੇ 26 ਸ਼ਹਿਰਾਂ ਵਿੱਚ, ਜਿਨ੍ਹਾਂ ’ਚ ਕਈ ਵੱਡੇ ਸਨਅਤੀ ਸ਼ਹਿਰ ਵੀ ਹਨ, ਲਾਕਡਾਊਨ ਲੱਗਾ ਹੋਇਆ ਹੈ ਜਿਸ ਕਰਕੇ ਕੋਈ 21 ਕਰੋੜ ਲੋਕਾਂ ਨੂੰ ਘਰਾਂ ਤੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ। ਚੀਨ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਦਿਹਾੜਾ ਵੀ ਬਹੁਤ ਸਾਰੀਆਂ ਥਾਵਾਂ ’ਤੇ ਨਹੀਂ ਮਨਾਇਆ ਗਿਆ ਹੈ। ਸੰਸਾਰ ’ਚ ਮਹਾਮਾਰੀ ਦੀ ਇਸ ਸਥਿਤੀ ਨੂੰ ਦੇਖਦਿਆਂ ਭਾਰਤ ਵਿੱਚ ਪਿਛਲੇ ਦਿਨਾਂ ਤੋਂ ਕੋਵਿਡ-19 ਦੇ ਵਧ ਰਹੇ ਮਾਮਲਿਆਂ ਕਾਰਨ ਚਿੰਤਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ।
ਭਾਰਤ ਵਿੱਚ ਇਸ ਸਾਲ ਦੇ ਜਨਵਰੀ ਮਹੀਨੇ ਦੇ ਵਿਚਕਾਰਲੇ ਦਿਨਾਂ ’ਚ ਕੋਵਿਡ-19 ਮਹਾਮਾਰੀ ਦੀ ਤੀਸਰੀ ਲਹਿਰ ਦੀ ਸਿਖਰ ਆ ਗਈ ਸੀ ਜਦੋਂ 19 ਜਨਵਰੀ ਨੂੰ 3 ਲੱਖ 7 ਹਜ਼ਾਰ ਮਾਮਲੇ ਦਰਜ ਕੀਤੇ ਗਏ ਸਨ। ਉਸ ਤੋਂ ਬਾਅਦ ਨਵੇਂ ਮਾਮਲਿਆਂ ਦੀ ਗਿਣਤੀ ’ਚ ਹੋਰ ਵਾਧਾ ਹੋਇਆ ਪਰ ਫਰਵਰੀ ਦੇ ਅਖੀਰ ਤੱਕ ਤੀਜੀ ਲਹਿਰ ਖ਼ਤਮ ਹੋਣ ਲੱਗੀ । ਤਦ ਸਮਝਿਆ ਗਿਆ ਸੀ ਕਿ ਸਰਕਾਰ ਦੁਆਰਾ ਟੀਕਾਕਰਨ ਦੀ ਮੁਹਿੰਮ ਤੇਜ਼ ਕਰਨ ਅਤੇ ਮੁੱਖ ਤੌਰ ’ਤੇ ਦੇਸ਼ਵਾਸੀਆਂ ’ਚ ਕੁਦਰਤੀ ਪੈਦਾ ਹੋਈ ਰੋਗ-ਪ੍ਰਤੀਰੋਧਤਾ ਕਰਕੇ ਜਲਦ ਹੀ ਇਸ ਮਹਾਮਾਰੀ ਦਾ ਅੰਤ ਆ ਜਾਵੇਗਾ। ਸਰਕਾਰ ਨੂੰ ਵੀ ਅਰਥਵਿਵਸਥਾ ਦੇ ਮੁੜ ਲੀਹ ’ਤੇ ਆ ਜਾਣ ਦਾ ਭਰੋਸਾ ਬਣਿਆ। ਅਰਥਵਿਵਸਥਾ ਦੇ ਉਠਣ ਸੰਬੰਧੀ ਭਰੋਸੇ ਭਰੇ ਬਿਆਨ ਵੀ ਆਏ। ਪਰ ਵਿਗਿਆਨੀਆਂ ਨੇ ਇਸ ਭਰੋਸੇ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਕੋਈ ਤੱਥ ਜਾਂ ਅੰਦਾਜ਼ੇ ਨਹੀਂ ਦਿੱਤੇ ਸਨ। ਉਲਟਾ ਖਦਸ਼ਾ ਵਿਅਕਤ ਕੀਤਾ ਗਿਆ ਸੀ ਕਿ ਮਈ ਮਹੀਨੇ ’ਚ ਮਹਾਮਾਰੀ ਦੀ ਚੌਥੀ ਲਹਿਰ ਆ ਸਕਦੀ ਹੈ। ਹੁਣ ਮਈ ਮਹੀਨੇ ਦਾ ਪਹਿਲਾ ਹਫ਼ਤਾ ਚੱਲ ਰਿਹਾ ਹੈ। ਪਿਛਲੇ ਸੋਮਵਾਰ, 2 ਮਈ ਨੂੰ, ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਮਹਾਮਾਰੀ ਚੜ੍ਹਾਈ ’ਤੇ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ 2 ਮਹੀਨੇ ਬਾਅਦ ਪੋਜ਼ਿਟੀਵਿਟੀ ਰੇਟ, 1 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਿਆ ਹੈ। ਉਸ ਦਿਨ 3157 ਨਵੇਂ ਮਾਮਲੇ ਆਏ ਸਨ ਅਤੇ 26 ਮੌਤਾਂ ਹੋਈਆਂ ਸਨ। 25 ਅਪਰੈਲ ਤੋਂ 1 ਮਈ ਦਰਮਿਆਨ ਦੇ ਹਫ਼ਤੇ ਵਿੱਚ 22 ਹਜ਼ਾਰ 200 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਇਸ ਤੋਂ ਪਿਛਲੇ ਹਫ਼ਤੇ ਦੇ ਕੁੱਲ ਨਵੇਂ ਮਾਮਲਿਆਂ ਤੋਂ 41 ਪ੍ਰਤੀਸ਼ਤ ਜ਼ਿਆਦਾ ਹਨ। ਇਸ ਤੋਂ ਇਲਾਵਾ 20 ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਕੋਵਿਡ-19 ਦੇ ਮਾਮਲਿਆਂ ’ਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਪਰ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਪੰਦਰਾਂ ਦਿਨਾਂ ’ਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ ਹੈ। ਅੰਕੜੇ ਇਹ ਵੀ ਦਸਦੇ ਹਨ ਕਿ ਦੂਜੀ ਲਹਿਰ ਦੇ ਮੁਕਾਬਲੇ ਤੀਜੀ ਲਹਿਰ ਦੌਰਾਨ ਕੋਵਿਡ-19 ਦੇ ਇਲਾਜ ਵਾਲੀਆਂ ਸਭ ਤਰ੍ਹਾਂ ਦੀਆਂ ਦਵਾਈਆਂ ਘੱਟ ਵਿਕੀਆਂ ਹਨ। ਇਸ ਦਾ ਅਰਥ ਹੈ ਕਿ ਲਾਗ ਦੀ ਮਾਰ ਘੱਟਦੀ ਗਈ ਹੈ। ਸੋ ਸੰਭਵ ਹੈ ਕਿ ਜਲਦ ਮਹਾਮਾਰੀ ਦੀ ਚੌਥੀ ਲਹਿਰ ਆਵੇ ਪਰ ਘਾਤਕ ਬਹੁਤ ਘੱਟ ਹੋਵੇ। ਇਹ ਕੋਵਿਡ-19 ਮਹਾਮਾਰੀ ਦੇ ਅੰਤ ਵਲ ਵੱਧਣ ਦੀ ਨਿਸ਼ਾਨੀ ਹੋਵੇਗੀ। ਜ਼ਿਆਦਾ ਸੰਭਾਵਨਾ ਇਸੇ ਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ