- ਡੈਨਮਾਰਕ ਯਾਤਰਾ ਤੋਂ ਬਾਅਦ ਪੀਐਮ ਫਰਾਂਸ ਲਈ ਰਵਾਨਾ
ਏਜੰਸੀਆਂ
ਕੋਪੇਨਹੇਗਨ/4 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੀ ਕਾਰਜ ਯੋਜਨਾ ’ਚ ਪ੍ਰਗਤੀ ਦੇ ਤਰੀਕਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਸਕੱਤਰੇਤ ਨੇ ਟਵੀਟ ਕੀਤਾ, ‘ਸਵੀਡਨ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਨੇ ਭਾਰਤ-ਸਵੀਡਨ ਦੋਸਤੀ ਨੂੰ ਹੋਰ ਵਿਆਪਕ ਕਰਨ ’ਤੇ ਗੱਲਬਾਤ ਕੀਤੀ।’
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਡੈਨਮਾਰਕ ਦੀ ਆਪਣੀ ‘ਸਾਰਥਕ’ ਯਾਤਰਾ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ। ਡੈਨਮਾਰਕ ਦੀ ਆਪਣੀ ਯਾਤਰਾ ਦੌਰਾਨ ਮੋਦੀ ਨੇ ਨਾਰਡਿਕ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਕਈ ਦੁਵੱਲੀ ਮੀਟਿੰਗਾਂ ਕੀਤੀਆਂ ਅਤੇ ਭਾਰਤ-ਨਾਰਡਿਕ ਸ਼ਿਖਰ ਸੰਮੇਲਨ ’ਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਡੈਨਮਾਰਕ ਦੀ ਆਪਣੀ ਸਾਰਥਕ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਲਈ ਰਵਾਨਾ ਹੋ ਗਏ ਹਨ। ਵਿਦੇਸ਼ ਮੰਤਰਾਲਾ (ਐਮਈਏ) ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਯਾਤਰਾ ਦੌਰਾਨ ਡੈਨਮਾਰਕ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਨਾਰਡਿਕ ਦੇਸ਼ਾਂ ਅਤੇ ਖੇਤਰ ਨਾਲ ਸਹਿਯੋਗ ਨੂੰ ਵਧਾਇਆ ਗਿਆ। ਪੀਐਮ ਮੋਦੀ ਤਿੰਨ ਯੂਰਪੀਅਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ’ਚ ਮੰਗਲਵਾਰ ਨੂੰ ਬਰਲਿਨ ਤੋਂ ਇਥੇ ਪਹੁੰਚੇ ਸਨ। ਮੋਦੀ ਨੇ ਮੰਗਲਵਾਰ ਨੂੰ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡੇਰਿਕਸੇਨ ਨਾਲ ‘ਸਾਰਥਕ ਗੱਲਬਾਤ’ ਕੀਤੀ ਸੀ।