ਰਾਣਾ ਹਰੀਵਾਲ
ਕੀਰਤਪੁਰ ਸਾਹਿਬ/4 ਮਈ : ਸਿਹਤ ਵਿਭਾਗ ਵਲੋਂ ਕੋਰੋਨਾ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੀ ਸਿਹਤ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ. ਜੰਗਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਤੇ ਇਸ ਦੇ ਅਧੀਨ ਆਉਂਦੇ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਸਬ ਸਿਡਰੀ ਹੈਲਥ ਸੈਂਟਰ, ਅਤੇ ਹੈਲਥ ਵੈੱਲਨੈਸ ਸੈਂਟਰਾਂ ਤੇ ਹਰ ਰੋਜ਼ ਕੋਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉੱਥੇ ਹੀ ਸਿਹਤ ਕਰਮੀਆਂ ਦੁਆਰਾ ਸਕੂਲਾਂ ਵਿੱਚ ਜਾ ਕੇ ਵੀ ਵਿਦਿਆਰਥੀਆਂ ਦੀ ਕੋਰੋਨਾ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਿਹਤ ਕਰਮੀਆਂ ਵਲ੍ਹੋਂ ਘਰ-ਘਰ ਜਾ ਕੇ ਵੀ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਗਈ ਤਾਂ ਜੋ ਕੋਈ ਵੀ ਵਿਅਕਤੀ ਇਸ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ। ਡਾ. ਜੰਗਜੀਤ ਸਿੰਘ ਨੇ ਇਸ ਕੋਰੋਨਾ ਕਾਲ ਦੇ ਸਮੇਂ ਵਿੱਚ ਸਿਹਤ ਵਿਭਾਗ ਦਾ ਸਾਥ ਦੇਣ ਵਾਲ਼ੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਸਿਹਤ ਵਿਭਾਗ ਵਲੋਂ ਕੋਵਿਡ ਸੰਬੰਧੀ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਅਤੇ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਅਪੀਲ ਕੀਤੀ ਕਿ ਖਤਰਾ ਹਲੇ ਵੀ ਟਲ਼ਿਆ ਨਹੀਂ ਹੈ ਅਤੇ ਕੋਰੋਨਾ ਦੀ ਚੋਥੀ ਲਹਿਰ ਦਾ ਮੁਕਾਬਲਾ ਕਰਨ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਅਤੇ ਭੀੜ ਵਾਲ਼ੀਆਂ ਥਾਵਾਂ ਤੇ ਮਾਸਕ ਦੀ ਵਰਤੋਂ ਕਰਨੀ, ਸਾਬਣ ਨਾਲ਼ ਬਾਰ-ਬਾਰ ਹੱਥ ਧੋਣਾ, ਸੈਨੇਟਾਈਜ਼ਰ ਦੀ ਵਰਤੋਂ ਕਰਨੀ ਜਰੂਰੀ ਹੈ ਅਤੇ ਕੋਰੋਨਾ ਦਾ ਟੀਕਾਕਰਨ ਹਰ ਵਿਅਕਤੀ ਲਈ ਜਰੂਰੀ ਹੈ। ਡਾ. ਜੰਗਜੀਤ ਸਿੰਘ ਜੀ ਨੇ ਦੱਸਿਆ ਕਿ ਮਾਨਯੋਗ ਸਿਵਲ ਸਰਜਨ ਰੂਪਨਗਰ, ਡਾ. ਪਰਮਿੰਦਰ ਕੁਮਾਰ ਨੂੰ ਇਸ ਕੋਰੋਨਾ ਸੰਕਟ ਦੌਰਾਨ ਰੂਪਨਗਰ ਜਿਲ੍ਹੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪਿਛਲੇ ਦਿਨੀਂ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਕਰਵਾਏ ਗਏ, ਇੱਕ ਸਮਾਗਮ ਦੋਰਾਨ ਕੈਬਨਿਟ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸ਼੍ਰੀ ਸੋਹਣ ਸਿੰਘ ਬੈਂਸ ਅਤੇ ਮਾਤਾ ਜੀਤੋ ਜੀ ਜੱਚਾ-ਬੱਚਾ ਸੰਸਥਾ, ਪੰਜਾਬ ਕੇਅਰ ਵਨ ਕੇਅਰ ਆਲ ਗਰੁੱਪ ਆਸਟ੍ਰੇਲੀਆ ਵਲ੍ਹੋਂ ਸਨਮਾਨਿਤ ਕੀਤਾ ਗਿਆ।