ਪੁਸਪਿੰਦਰ ਤੂਰ
ਬ੍ਰਿਸਬੇਨ/4 ਮਈ : ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸਾਹਿਤ ਅਕਾਡਮੀ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਬ੍ਰਿਸਬੇਨ ਵਿਖੇ ਭਾਰਤੀ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ, ਜਿਸ ਵਿਚ ਤ੍ਰੈ ਭਾਸਾਈ ਕਵੀ ਦਰਬਾਰ ਕਰਵਾਇਆ ਜਾਂਦਾ ਹੈ। ਇਸ ਉਤਸਵ ਵਿਚ ਹਰ ਸਾਲ ਹਿੰਦੀ, ਪੰਜਾਬੀ ਅਤੇ ਊਰਦੂ ਵਿੱਚੋਂ ਕਿਸੇ ਇਕ ਭਾਸ਼ਾ ਦੇ ਲੇਖਕ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਲਈ ਇਪਸਾ ਐਵਾਰਡ ਫਾਰ ਲਿਟਰੇਚਰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਨਾਲ $500 ਡਾਲਰ ਦੀ ਰਾਸੀ ਅਤੇ ਸੋਵੀਨਾਰ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਵਰ੍ਹੇ ਮਿਤੀ 14 ਮਈ ਨੂੰ ਛੇਵੇਂ ਭਾਰਤੀ ਸਾਹਿਤ ਉਤਸਵ ਵਿਚ ਪੰਜਵਾਂ ਇਪਸਾ ਐਵਾਰਡ ਸੁਖਵਿੰਦਰ ਅੰਮ੍ਰਿਤ ਜੀ ਅਤੇ ਛੇਵਾਂ ਇਪਸਾ ਪੁਰਸਕਾਰ ਨਾਮਵਰ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਜੀ ਨੂੰ ਦਿੱਤਾ ਜਾਵੇਗਾ। ਇਸ ਉਤਸਵ ਵਿਚ ਕਹਾਣੀਕਾਰ ਜਿੰਦਰ ਮੁੱਖ ਮਹਿਮਾਨ ਹੋਣਗੇ, ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ ਅਰਵਿੰਦਰ ਕੌਰ ਭਾਟੀਆ ਜੀ ਅਤੇ ਨਿਊ ਸਾਊਥ ਵੇਲਜ ਤੋਂ ਬਲਵੰਤ ਸਾਨੀਪੁਰ ਜੀ ਵਿਸੇਸ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਉਤਸਵ ਵਿਚ ਤਿੰਨਾਂ ਭਾਸਾਵਾਂ ਦੇ ਪ੍ਰਤੀਨਿਧ ਕਵੀ ਸਾਮਿਲ ਹੋਣਗੇ। ਇਸ ਵਿਚ ਹਿੰਦੀ ਦੀ ਪ੍ਰਤੀਨਿਧਤਾ ਵਿਭਾ ਦਾਸ ਸਿੰਘ, ਊਰਦੂ ਦੀ ਪ੍ਰਤਿਨਿਧਤਾ ਫਰਹਾ ਅਮਾਰ ਅਤੇ ਪੰਜਾਬੀ ਦੀ ਪ੍ਰਤੀਨਿਧਤਾ ਪ੍ਰਸਿੱਧ ਗਜਲਗੋ ਗੁਰਦਿਆਲ ਦਲਾਲ ਜੀ ਕਰਨਗੇ। ਇਸ ਉਤਸਵ ਦਾ ਵਿਸੇਸ ਆਕਰਸਨ ਆਰਟ ਪ੍ਰਦਰਸਨੀ ਹੋਵੇਗੀ, ਇਸ ਲਈ ਆਰਟਿਸਟ ਰਾਜੀ ਮੁਸੱਵਰ ਮੈਲਬੌਰਨ ਤੋਂ ਵਿਸੇਸ ਰੂਪ ਵਿਚ ਆਪਣੀ ਕਲਾ-ਕ੍ਰਿਤੀਆਂ ਨਾਲ ਹਾਜਰੀ ਭਰਨਗੇ। ਭਾਰਤੀ ਸਾਹਿਤ ਉਤਸਵ ਦਾ ਸਾਹਿਤਕ ਸੈਸਨ ਇੰਡੋਜ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਅਤੇ ਕਲਾ ਪ੍ਰਦਰਸਨੀ ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਆਯੋਜਿਤ ਕਰਵਾਈ ਜਾਵੇਗੀ। ਇਸ ਸਮਾਗਮ ਵਿਚ ਬ੍ਰਿਸਬੇਨ ਤੋਂ ਕਵਿੱਤਰੀ ਹਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ‘ਵੱਡੇ ਵੱਡੇ ਸੁਪਨੇ’ ਲੋਕ ਅਰਪਣ ਕੀਤੀ ਜਾਵੇਗੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਉਤਸਵ ਵਿਚ ਦੋਵਾਂ ਰਸਮੀ ਸੈਸਨਾਂ ਤੋਂ ਇਲਾਵਾ ਕੁੱਝ ਹੋਰ ਗੈਰ ਰਸਮੀ ਅਦਬੀ ਮਿਲਣੀਆਂ ਅਤੇ ਬੈਠਕਾਂ ਵੀ ਇਸ ਦਾ ਵਿਸੇਸ ਹਿੱਸਾ ਹੋਣਗੀਆਂ। ਜ਼ਿਕਰਯੋਗ ਹੈ ਕਿ ਇਪਸਾ ਐਵਾਰਡ ਫਾਰ ਲਿਟਰੇਚਰ ਇਸ ਤੋਂ ਪਹਿਲਾਂ ਹਿੰਦੀ ਲੇਖਕ ਡਾ ਸਰਵਾ ਦਮਨ ਸਿੰਘ, ਭਾਰਤੀ ਊਰਦੂ ਸਾਇਰ ਖੁਸਬੀਰ ਸਿੰਘ ਸਾਦ, ਪਾਕਿਸਤਾਨੀ ਊਰਦੂ ਸਾਇਰ ਅਸਰਫ ਸਾਦ ਅਤੇ ਹਿੰਦੀ ਸਾਇਰਾ ਰੇਖਾ ਰਾਜਵੰਸੀ ਜੀ ਨੂੰ ਦਿੱਤਾ ਜਾ ਚੁੱਕਾ ਹੈ।