BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸੰਪਾਦਕੀ

ਕਣਕ ਤੋਂ ਇਲਾਵਾ ਦਾਲਾਂ ਤੇ ਧਾਨ ਦੀ ਪੈਦਾਵਾਰ ਵੀ ਪ੍ਰਭਾਵਿਤ

May 06, 2022 11:25 AM

ਗਰਮੀ ਤੋਂ ਕੁੱਛ ਰਾਹਤ ਜ਼ਰੂਰ ਮਿਲੀ ਹੈ ਪਰ ਮੌਸਮ ਵਿਭਾਗ ਮੁਤਾਬਿਕ ਜਲਦ ਹੀ ਗਰਮ ਦਿਨ ਪਰਤਣ ਵਾਲੇ ਹਨ ਜਿਹੜੇ ਕਿ ਗਰਮੀ ਵਰਤਾਉਣ ’ਚ ਨਵੇਂ ਰਿਕਾਰਡ ਵੀ ਬਣਾ ਸਕਦੇ ਹਨ, ਜੋ ਹਰ ਪੱਖੋਂ ਨੁਕਸਾਨਦੇਹ ਹੀ ਸਾਬਤ ਹੋਣਗੇ। ਅਪਰੈਲ ਦੇ ਮਹੀਨੇ ਵਿੱਚ ਪਹਿਲਾਂ ਹੀ ਐਨੀ ਗਰਮੀ ਵਰ੍ਹ ਚੁੱਕੀ ਹੈ ਕਿ ਇਸਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪਹਿਲੀ ਅਪਰੈਲ ਤੋਂ ਅਠਾਈ ਅਪਰੈਲ ਦੌਰਾਨ ਉੱਤਰੀ-ਪੱਛਮੀ ਭਾਰਤ ਵਿੱਚ ਮਹੀਨੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 35.9 ਸੈਲਸ਼ੀਅਸ ਰਿਹਾ ਹੈ ਜਦੋਂਕਿ ਕੇਂਦਰੀ ਭਾਰਤ ਵਿੱਚ ਇਹ 37.78 ਡਿਗਰੀ ਸੈਲਸੀਅਸ ਸੀ। ਪਰ ਇਨ੍ਹਾਂ ਵਿਗਿਆਨਕ ਤੱਥਾਂ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਹੰਢਾਈਆਂ ਗਰਮ ਲੂਆਂ ਦੇ ਕਹਿਰ ਦਾ ਪਤਾ ਨਹੀਂ ਚਲਦਾ ਕਿਉਂਕਿ ਇਨ੍ਹਾਂ ਰਾਜਾਂ ਵਿੱਚ, ਗੁਜਰਾਤ ਅਤੇ ਮਹਾਰਾਸ਼ਟਰ ਜਿਹੇ ਰਾਜਾਂ ਸਮੇਤ, ਕਈ ਥਾਵਾਂ ’ਤੇ ਤਾਪਮਾਨ 40 ਡਿਗਰੀ ਸੈਲਸ਼ੀਅਸ ਰਿਹਾ ਹੈ ਅਤੇ ਕਈ ਥਾਵਾਂ ’ਤੇ ਤਾਂ ਇਸ ਤੋਂ ਵੀ ਵਧਦਾ ਰਿਹਾ ਹੈ। ਇਸੇ ਲਈ ਮੌਸਮ ਵਿਭਾਗ ਨੇ ਗਰਮ ਹਵਾਵਾਂ (ਹੀਟਵੇਵਜ਼) ਚਲਦੇ ਹੋਣ ਦਾ ਐਲਾਨ ਕੀਤਾ ਸੀ
ਮੌਸਮ ਵਿਭਾਗ ਗਰਮ ਹਵਾਵਾਂ (ਲੂਅ) ਚੱਲਣ (ਹੀਟਵੇਵਜ਼) ਦਾ ਐਲਾਨ ਉਸ ਸਮੇਂ ਕਰਦਾ ਹੈ ਜਦੋਂ ਤਾਪਮਾਨ 40 ਡਿਗਰੀ ਸੈਲਸ਼ੀਅਸ ਹੋ ਜਾਵੇ ਅਤੇ ਆਮ ਤਾਪਮਾਨ ਨਾਲੋਂ 4 ਜਾਂ 5 ਡਿਗਰੀ ਸੈਲਸ਼ੀਅਸ ਤਾਪਮਾਨ ਜ਼ਿਆਦਾ ਹੋਵੇ। ਖੁਸ਼ਕ, ਤੇਜ਼, ਗਰਮ ਹਵਾਵਾਂ ਦਾ ਐਲਾਨ ਮੌਸਮ ਵਿਭਾਗ ਤਾਪਮਾਨ ਦੇ ਆਮ ਨਾਲੋਂ 6 ਡਿਗਰੀ ਸੈਲਸ਼ੀਅਸ ਵਧੇਰੇ ਹੋਣ ਸਮੇਂ ਕਰਦਾ ਹੈ। ਮਈ ਮਹੀਨੇ ਦੌਰਾਨ ਗ਼ਰਮ ਹਵਾਵਾਂ ਦਾ ਦੌਰ ਹੰਢਾਉਣ ਨੂੰ ਮਿਲਣ ਵਾਲਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਹੈ ਕਿ ਉੱਤਰੀ ਪੱਛਮੀ ਭਾਰਤ ਵਿੱਚ ਉਮੀਦ ਮੁਤਾਬਿਕ ਸਖ਼ਤ ਗਰਮੀ ਪਵੇਗੀ, ਗਰਮ ਹਵਾਵਾਂ ਚੱਲਣਗੀਆਂ। ਬਾਕੀ ਦੇ ਭਾਰਤ ਵਿੱਚ ਸ਼ਾਇਦ ਅਪਰੈਲ ਜਿੰਨੀ ਗਰਮੀ ਨਾ ਪਵੇ।
ਇਸ ਵਾਰ ਦੇ ਗਰਮੀ ਦੇ ਵਰਤਾਰੇ ਨੂੰ ਅਸਾਧਾਰਣ ਸਮਝਿਆ ਜਾ ਰਿਹਾ ਹੈ। ਇਸ ਵਾਰ ਪੱਛਮੀ ਗੜਬੜਾਂ (ਭੂਮੱਧ ਸਾਗਰ ਤੋਂ ਉੱਠਣ ਵਾਲੀਆਂ ਤੇਜ਼ ਹਵਾਵਾਂ, ਜੋ ਭਾਰਤ ਦੇ ਉੱਤਰੀ ਪਾਸੇ ਬਾਰਿਸ਼ ਲਿਆਉਂਦੀਆਂ ਹਨ ) ਅਤੇ ਲਾ-ਨੀਨਾ ਪ੍ਰਭਾਵ (ਪ੍ਰਸ਼ਾਂਤ ਸਾਗਰ ਦੇ ਕੁਝ ਹਿੱਸਿਆਂ ਨੂੰ ਠੰਡਾ ਕਰਨ ਦਾ ਸਮੇਂ ਸਿਰ ਵਾਪਰਨ ਵਾਲਾ ਵਰਤਾਰਾ) ਬਰਖਾ ਨਹੀਂ ਲਿਆ ਸਕੇ ਹਨ। ਜਿਸ ਕਾਰਨ ਸਮੇਂ ਤੋਂ ਪਹਿਲਾਂ ਚੱਲੀਆਂ ਗਰਮ ਹਵਾਵਾਂ ਨੇ ਦੇਸ਼ ’ਚ ਕਈ ਫ਼ਸਲਾਂ ਖ਼ਰਾਬ ਕਰ ਦਿੱਤੀਆਂ ਹਨ। ਪੰਜਾਬ ਵਿੱਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਦਾਣਾ ਪੱਕਣ ਸਮੇਂ ਪਈ ਸਖ਼ਤ ਗਰਮੀ ਨੇ ਦਾਣਾ ਸੰਗੋੜ ਦਿੱਤਾ ਹੈ । ਦਾਣਾ ਸਟਾਰਚ ਅਤੇ ਪ੍ਰੋਟੀਨ ਪੱਖੋਂ ਹੀ ਨਹੀਂ ਆਕਾਰ ਪੱਖੋਂ ਵੀ ਘਟ ਗਿਆ ਹੈ ਜਿਸ ਕਰਕੇ ਇੱਕ ਹੈਕਟੇਅਰ ਪਿੱਛੇ 8 ਤੋਂ 10 ਕੁਇੰਟਲ ਤੱਕ ਝਾੜ ਘਟਿਆ ਹੈ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਜਿਨ੍ਹਾਂ ਰਾਜਾਂ ਵਿੱਚ ਕਣਕਾਂ ਪਛੇਤੀਆਂ ਬੀਜੀਆਂ ਗਈਆਂ ਹਨ, ਉਥੇ ਝਾੜ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਗਰਮੀ ਦੀ ਮਾਰ ਸਿਰਫ਼ ਕਣਕ ਤਕ ਸੀਮਤ ਨਹੀਂ ਰਹੀ ਹੈ। ਸਰੋਂ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ । ਨੀਂਬੂ, ਅੰਬ ਅਤੇ ਜ਼ੀਰੇ ਦੀ ਪੈਦਾਵਾਰ ਵੱਧ ਪ੍ਰਭਾਵਿਤ ਹੋਈ ਹੈ, ਪਰ ਵੱਡੀ ਮੁਸੀਬਤ ਉਨ੍ਹਾਂ ਕਿਸਾਨਾਂ ਨੂੰ ਆਉਂਦੀ ਮਹਿਸੂਸ ਹੋ ਰਹੀ ਹੈ ਜਿਨ੍ਹਾਂ ਨੇ ਦਾਲਾਂ ਦੀ ਹੁਣੇ ਹੁਣੇ ਬੀਜਾਈ ਕੀਤੀ ਹੈ। ਮਹਾਰਾਸ਼ਟਰ, ਕਰਨਾਟਕ ਤੇ ਤੇਲੰਗਾਨਾ ਵਿੱਚ ਉੜਦ , ਮੂੰਗ ਅਤੇ ਤੁੜ ਦੀ ਦਾਲ ਬੀਜੀ ਗਈ ਹੈ ਜਿਸ ਨੂੰ ਬਾਰਸ਼ ਦੀ ਕਮੀ ਅਤੇ ਗਰਮ ਮੌਸਮ ਦੀ ਮਾਰ ਪੈਣ ਦਾ ਖ਼ਤਰਾ ਹੈ। ਪੱਛਮੀ ਬੰਗਾਲ ’ਚ ਧਾਨ ਦੀ ਬੀਜਾਈ ਤੇ ਸੰਭਾਲ ਲਈ ਵੀ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਇੱਕ ਵਜਾਹ ਇਹ ਹੈ ਕਿ ਖੇਤ ਮਜ਼ਦੂਰ ਗਰਮੀ ਕਾਰਨ ਤਪੇ ਪਾਣੀ ’ਚ ਕੰਮ ਕਰਨ ਲਈ ਤਿਆਰ ਨਹੀਂ ਹਨ। ਭਾਰਤ ’ਚ ਹਰ ਸਾਲ 40 ਲੱਖ ਟਨ ਤੁੜ (ਅਰਹਰ), 25 ਲੱਖ ਟਨ ਮੂੰਗ ਅਤੇ 22 ਲੱਖ ਟਨ ਉੜਦ (ਮਾਂਹ) ਦੀ ਪੈਦਾਵਾਰ ਹੁੰਦੀ ਹੈ ਜਿਨ੍ਹਾਂ ਦਾ ਥੋੜਾ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ। ਦਾਲਾਂ ਦੀਆਂ ਕੀਮਤਾਂ ਪਹਿਲਾਂ ਹੀ ਆਸਮਾਨ ਛੂਹ ਚੁੱਕੀਆਂ ਹਨ। ਦੱਸਿਆ ਜਾ ਗਿਆ ਹੈ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਸਮੇਂ ਤੋਂ ਪਹਿਲਾਂ ਚੱਲੀਆਂ ਗਰਮ ਹਵਾਵਾਂ ਕਾਰਨ ਝਾੜ ਦਾ 10 ਤੋਂ 35 ਪ੍ਰਤੀਸ਼ਤ ਤੱਕ ਨੁਕਸਾਨ ਹੋ ਚੁੱਕਾ ਹੈ। ਇਸ ਤਬਾਹਕੁਨ ਮੌਸਮੀ ਵਰਤਾਰੇ ਨੂੰ ਮੌਸਮੀ ਤਬਦੀਲੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਇਹ ਸਪਸ਼ੱਟ ਹੈ ਕਿ ਜੇਕਰ ਆਲਮੀ ਤਾਪਮਾਨ ਗਰਮਾਉਂਦਾ ਗਿਆ ਤਾਂ ਫ਼ਸਲਾਂ ਦੀ ਤਬਾਹੀ ਕਰਨ ਵਾਲਾ ਮੌਸਮੀ ਕੁਚੱਕਰ ਆਮ ਹੋ ਜਾਵੇਗਾ। ਇਨ੍ਹਾਂ ਨੇ ਹੀ ਫ਼ਸਲੀ ਚੱਕਰ ਖ਼ਰਾਬ ਕਰਕੇ ਤੇ ਬੰਦੇ ਹੱਥੋਂ ਖ਼ੁਰਾਕ ਖੋਹਣੀ ਹੈ । ਸੋ, ਹਾਲੇ ਵੀ ਸੰਭਲਣ ਦਾ ਸਮਾਂ ਮਨੁੱਖ-ਜਾਤੀ ਕੋਲ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ