ਏਜੰਸੀਆਂ
ਕੀਵ/8 ਮਈ : ਯੂਕਰੇਨ-ਰੂਸ ਜੰਗ ਖ਼ਤਮ ਹੋਣ ਦੀ ਬਜਾਏ ਵਧਦੀ ਜਾ ਰਹੀ ਹੈ। ਯੂਕਰੇਨ ਦੇ ਲੁਹਾਂਸਕ ਖੇਤਰ ਵਿਚ ਇੱਕ ਸਕੂਲ ’ਤੇ ਹੋਏ ਮਿਸਾਈਲ ਹਮਲੇ ਵਿਚ ਘੱਟੋ-ਘੱਟ 60 ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟਾਂ ’ਚ ਸਾਹਮਣੇ ਆਈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਸਕੂਲ ’ਤੇ ਹਵਾਈ ਹਮਲਾ ਹੋਇਆ, ਜਿੱਥੇ 90 ਲੋਕਾਂ ਨੇ ਪਨਾਹ ਲਈ ਹੋਈ ਸੀ। ਲੁਹਾਂਸਕ ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਹੇਡੇ ਨੇ ਐਤਵਾਰ ਨੂੰ ਟੈਲੀਗ੍ਰਾਮ ’ਤੇ ਕਿਹਾ ਕਿ ਸਕੂਲ ’ਚੋਂ 30 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ’ਚ ਸੱਤ ਜ਼ਖ਼ਮੀ ਹਨ।
ਉਨ੍ਹਾਂ ਨੇ ਦੱਸਿਆ ਕਿ ਮਲਬੇ ਵਿੱਚੋਂ ਦੋ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇੱਕ ਏਜੰਸੀ ਨੇ ਹੇਡੇ ਦੇ ਹਵਾਲੇ ਨਾਲ ਕਿਹਾ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਦੱਬੇ ਸਾਰੇ 60 ਲੋਕਾਂ ਦੀ ਮੌਤ ਹੋ ਗਈ ਹੈ। ਏਜੰਸੀ ਮੁਤਾਬਕ ਰੂਸ ਦੇ ਇਕ ਜਹਾਜ਼ ਨੇ ਬਿਲੋਹੋਰਿਵਕਾ ਪਿੰਡ ’ਚ ਸਕੂਲ ’ਤੇ ਬੰਬ ਸੁੱਟਿਆ, ਜਿਸ ਕਾਰਨ ਇਮਾਰਤ ਨੂੰ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤਿਆਂ ਨੂੰ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ।