BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਸੰਪਾਦਕੀ

ਸ਼ਾਹਰਾਹ ’ਤੇ ਵਾਪਰੇ ਤਮਾਸ਼ੇ ਲਈ ਹੁਕਮਰਾਨਾਂ ਦੇ ਜਾਤੀ ਮੁਫ਼ਾਦ ਜ਼ਿੰਮੇਵਾਰ

May 09, 2022 11:37 AM

ਬੀਤੇ ਸ਼ੁੱਕਰਵਾਰ, 6 ਮਈ ਵਾਲੇ ਦਿਨ ਹੁਕਮਰਾਨਾਂ ਵੱਲੋਂ ਸੱਤਾ ਨੂੰ ਆਪਣੇ ਮੁਫ਼ਾਦ ਲਈ ਵਰਤਣ ਦੇ ਢੰਗ-ਤਰੀਕਿਆਂ ਦਾ ਜੋ ਇੱਕ ਤਮਾਸ਼ਾਮਈ ਮੁਜ਼ਾਹਰਾ ਦਿੱਲੀ-ਚੰਡੀਗੜ੍ਹ ਸ਼ਾਹਰਾਹ ’ਤੇ ਵੇਖਣ ਨੂੰ ਮਿਲਿਆ ਹੈ, ਉਸ ਦੀ ਮਿਸਾਲ ਲੱਭਣੀ ਔਖੀ ਹੈ। ਇਸ ਸਾਰਾ ਦਿਨ ਚੱਲੇ ਤਮਾਸ਼ੇ ਵਿੱਚ ਤਿੰਨ ਰਾਜਾਂ ਦੀ ਪੁਲਿਸ ਦੀ ਖੁੱਲ੍ਹ ਕੇ ਸ਼ਿਰਕਤ ਵੇਖਣ ਨੂੰ ਮਿਲੀ ਪਰ ਨਾਲ-ਨਾਲ ਕਾਨੂੰਨੀ ਸੰਗੀਤ ਵੀ ਸੁਣਨ ਨੂੰ ਮਿਲਿਆ। ਇਸ ਸਮੁੱਚੇ ਤਮਾਸ਼ੇ ਨੂੰ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਸੀ ਅਤੇ ਜੋ ਹਾਕਮ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਦੀ ਨਿੰਦਾ ਹੋਣੀ ਚਾਹੀਦੀ ਹੈ ਭਾਵੇਂ ਕਿ ਸਭ ਧਿਰਾਂ ਇਹ ਸਾਬਤ ਕਰਨ ਵਿੱਚ ਸਫ਼ਲ ਹੋ ਸਕਦੀਆਂ ਹਨ ਕਿ ਉਨ੍ਹਾਂ ਨੇ ਜੋ ਵੀ ਕੀਤਾ ਕਾਨੂੰਨ ਅਨੁਸਾਰ ਹੀ ਕੀਤਾ ਹੈ। ਫਿਰ ਵੀ ਸਮੁੱਚਾ ਘਟਨਾਕ੍ਰਮ ਕਾਨੂੰਨੀ ਸਲੀਕੇ ਲਈ ਬਦਮਗਜ਼ੀ ਪੈਦਾ ਕਰਨ ਵਾਲਾ ਰਿਹਾ ਹੈ। ਇਸ ’ਚ ਆਪਣੇ-ਆਪਣੇ ਪਾਸੇ ਤੋਂ ਅਡੀਸ਼ਨਲ ਸਾਲੀਸਿਟਰ ਜਨਰਲ, ਪੰਜਾਬ ਤੇ ਹਰਿਆਣਾ ਐਡਵੋਕੇਟ ਜਨਰਲ ਅਤੇ ਕਈ ਹੋਰ ਵਕੀਲਾਂ ਦਾ ਵੀ ਜ਼ੋਰ ਲੱਗਿਆ ਹੈ।
ਦੇਖਣ ਨੂੰ ਇਹ ਇੱਕ ਗ੍ਰਿਫ਼ਤਾਰੀ ਕਰਨ ਦਾ ਆਮ ਜਿਹਾ ਮਾਮਲਾ ਬਣਦਾ ਹੈ ਪਰ ਜਦੋਂ ਹੁਕਮਰਾਨ ਤਾਕਤਾਂ ਪਿੱਛੋਂ ਖੇਡ ਖੇਡ ਰਹੀਆਂ ਹੋਣ ਤਾਂ ਕੀ ਦਾ ਕੀ ਬਣ ਸਕਦਾ ਹੈ, ਇਸ ਦੀ ਨਜ਼ੀਰ ਬਣ ਗਈ ਹੈ। ਇੱਕ ਅਪਰੈਲ ਨੂੰ ਆਮ ਆਦਮੀ ਪਾਰਟੀ ਦੇ ਪਜੰਾਬ ਦੇ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਨਿਗਰਾਨ ਡਾਕਟਰ ਮਨੀ ਸਿੰਘ ਆਹਲੂਵਾਲੀਆ ਨੇ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ ਕਿ ਸੋਸ਼ਲ ਮੀਡੀਆ ਅਤੇ ਟਵਿੱਟਰ ’ਤੇ ਬੱਗਾ ਵੱਲੋਂ ਕੀਤੀਆਂ ਟਿੱਪਣੀਆਂ ‘‘ਹਿੰਸਾ ਉਕਸਾਉਣ ਵਾਲੀਆਂ, ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਦੂਸਰੇ ਆਗੂਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਧਮਕਾਉਣ ਅਤੇ ਉਨ੍ਹਾਂ ਦਾ ਨੁਕਸਾਨ ਕਰਨ ਵਾਲੀਆਂ ਹਨ।’’ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਪਿੱਛੇ ਸੋਚੀ ਸਮਝੀ ਸਾਜ਼ਿਸ਼ ਅਤੇ ਤਰਤੀਬ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਬੱਗਾ ਖ਼ਿਲਾਫ਼ ਵੱਖ-ਵੱਖ ਸਮੂਹਾਂ ’ਚ ਦੁਸ਼ਮਣੀ ਪੈਦਾ ਕਰਨ (ਧਾਰਾ 153-ਏ) ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਧਮਕੀਆਂ ਦੇਣ (ਧਾਰਾ-506) ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਜਨਕਪੁਰੀ ’ਚ ਰਹਿੰਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇਜਿੰਦਰ ਪਾਲ ਬੱਗਾ ਨੂੰ ਇਸ ਸਿਲਸਿਲੇ ’ਚ ਬੁਲਾਉਂਦੇ ਰਹੇ। ਪੰਜ ਵਾਰ (9, 11, 15, 22 ਤੇ 28 ਅਪਰੈਲ ਨੂੰ) ਨੋਟਿਸ ਵੀ ਦੇ ਕੇ ਆਏ ਪਰ ਉਹ ਜਾਣਬੁੱਝ ਕੇ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ। ਤਦ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਦਿੱਲੀ ਉਸ ਦੇ ਘਰ ਪਹੁੰਚੀ। ਸਵੇਰੇ 8 ਵਜੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੰਜਾਬ ਨੂੰ ਵਾਪਸ ਚਲ ਪਈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਸੰਬੰਧੀ ਉਸ ਨੇ ਦਿੱਲੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ।
ਪਰ ਦਿੱਲੀ ਪੁਲਿਸ ਨੇ ਬੱਗਾ ਦੇ ਪਿਤਾ ਦੀ ਸ਼ਿਕਾਇਤ ’ਤੇ ਝੱਟ ਬੱਗਾ ਦੇ ਅਗਵਾ ਹੋਣ ਦਾ ਮਾਮਲਾ ਦਰਜ ਕਰ ਲਿਆ। ਹੋਰ ਵੀ ਤੇਜ਼ੀ ਦਿਖਾਉਂਦੇ ਦਵਾਰਕਾ ਦੇ ਮੈਜਿਸਟ੍ਰੇਟ ਤੋਂ ਬੱਗਾ ਦੇ ‘ਸਰਚ ਵਰੰਟ’ ਲੈ ਲਏ ਅਤੇ ਇਹ ਹੁਕਮ ਵੀ ਪ੍ਰਾਪਤ ਕਰ ਲਏ ਕਿ ਉਸ ਨੂੰ ਲੱਭ ਕੇ ਅਦਾਲਤ ’ਚ ਪੇਸ਼ ਕੀਤਾ ਜਾਵੇ। ਉਸ ਤੋਂ ਬਾਅਦ ਜੋ ਵਾਪਰਿਆ ਉਹ ਦੇਸ਼ ’ਚ ਗੁੰਮ ਹਰੇਕ ਵਿਅਕਤੀ ਜਾਂ ਬੱਚੇ ਨੂੰ ਲੱਭਣ ਲਈ ਵੀ ਵਰਤਿਆ ਜਾਣਾ ਚਾਹੀਦਾ ਹੈ। ਅਗਵਾ ਦੀ ਖ਼ਬਰ ਦਿੱਲੀ ਪੁਲਿਸ ਵੱਲੋਂ ‘ਫਲੈਸ਼’ ਕਰਦੇ ਹੀ ਹਰਿਆਣਾ ਦੀ ਪੁਲਿਸ ਨੂੰ ਬੱਗਾ ਨੂੰ ਲਿਜਾ ਰਹੇ ਵਾਹਨ ਦਾ ਪਤਾ ਲੱਗ ਗਿਆ। ਦੱਸਿਆ ਗਿਆ ਹੈ ਕਿ ਦਿੱਲੀ ਪੁਲਿਸ ਨੇ ਬੱਗਾ ਦਾ ਫੋਨ ਟਰੈਪ ’ਤੇ ਲਾ ਲਿਆ ਸੀ। ਹਰਿਆਣਾ ਪੁਲਿਸ ਨੇ ਕੋਈ ਸਾਢੇ 11 ਵਜ਼ੇ ਕੁਰੂਕਸ਼ੇਤਰ ਕੋਲ ਪੰਜਾਬ ਪੁਲਿਸ ਦੀਆਂ ਗੱਡੀਆਂ ਰੋਕ ਲਈਆਂ। ਖ਼ਬਰਾਂ ਅਨੁਸਾਰ ਪੁਲਿਸ ਦੀਆਂ ਦੋਨੋਂ ਧਿਰਾਂ ਨੇ ਇਕ ਦੂਸਰੇ ’ਤੇ ਬੰਦੂਖਾਂ ਵੀ ਤਾਣੀਆਂ। ਮੌਕੇ ’ਤੇ ਕੁਰੂਕਸ਼ੇਤਰ, ਕਰਨਾਲ ਅਤੇ ਅੰਬਾਲਾ ਦੇ ਐਸਪੀ ਪਹੁੰਚੇ। ਹਰਿਆਣਾ ਪੁਲਿਸ ਨੇ ਦਿੱਲੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਜੋ ਕੋਈ ਪੌਣੇ 3 ਵਜੇ ਕੁਰੂਕਸ਼ੇਤਰ ਪਹੁੰਚੀ। ਕੋਈ ਸਵਾ 4 ਵਜੇ ਪੰਜਾਬ ਪੁਲਿਸ ਦੇ ਏਡੀਜੀਪੀ ਚੌਹਾਨ ਵੀ ਪਹੁੰਚ ਗਏ। ਸਦਰ ਥਾਣੇ ’ਚ ਲੰਬੀ ਗੱਲਬਾਤ ਹੋਈ। ਇੱਧਰ ਪਜੰਾਬ ਸਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੀ ਪਰ ਇਸ ਦੀ ਬੇਨਤੀ ਕਿ ਬੱਗਾ ਨੂੰ ਹਰਿਆਣਾ ’ਚ ਹੀ ਰੱਖਿਆ ਜਾਵੇ ਅਦਾਲਤ ’ਚ ਪ੍ਰਵਾਨ ਨਹੀਂ ਹੋਈ। ਹਰਿਆਣਾ ਨੂੰ ਅਗਲੇ ਦਿਨ ਹਲਫ਼ਨਾਮਾ ਦੇਣ ਲਈ ਕਿਹਾ ਗਿਆ।
ਆਖਰ ਦਿੱਲੀ ਪੁਲਿਸ ਭਾਰਤੀ ਜਨਤਾ ਪਾਰਟੀ ਦੇ ਆਗੂ ਤੇਜਿੰਦਰ ਪਾਲ ਸਿੰਘ ਬੱਗਾ, ਜਿਨ੍ਹਾਂ ਨੂੰ ਗ੍ਰਹਿ ਮੰਤਰੀ ਦਾ ਖਾਸ ਸਮਝਿਆ ਜਾਂਦਾ ਹੈ, ਨੂੰ ਦਿੱਲੀ ਲੈ ਗਈ। ਸ਼ਾਮ ਦੇ 7 ਵਜੇ ਪੰਜਾਬ ਪੁਲਿਸ, ਜਿਸ ਨੇ ਦਿੱਲੀ ’ਚ ਬੱਗਾ ਨੂੰ ਸਵੇਰੇ 8 ਵਜੇ ਗ੍ਰਿਫ਼ਤਾਰ ਕੀਤਾ ਸੀ, ਖਾਲ੍ਹੀ ਹੱਥ ਕੁਰੂਕਸ਼ੇਤਰ ਤੋਂ ਪੰਜਾਬ ਲਈ ਰਵਾਨਾ ਹੋ ਗਈ।
ਇਸ ’ਚ ਸ਼ੱਕ ਨਹੀਂ ਕਿ ਪੰਜਾਬ ਪੁਲਿਸ ਆਪਣੀ ਕਾਰਵਾਈ ’ਚ ਨਾਕਾਮ ਰਹੀ ਹੈ ਅਤੇ ਇਸ ਦੇ ਵੱਕਾਰ ਨੂੰ ਸੱਟ ਵੱਜੀ ਹੈ। ਪਰ ਇਸ ਲਈ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ। ਪੁਲਿਸ ਹੱਥ ਆਉਂਦੇ ਹੀ ਆਮ ਆਮ ਆਦਮੀ ਪਾਰਟੀ ਉਹ ਕੁੱਛ ਕਰਨ ਲੱਗੀ ਹੈ ਜਿਸ ਲਈ ਇਹ ਭਾਰਤੀ ਜਨਤਾ ਪਾਰਟੀ ਦੀ ਨਿੰਦਾ ਕਰਦੀ ਰਹੀ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋ ਮਹੀਨੇ ਵੀ ਨਹੀਂ ਹੋਏ ਦਿੱਲੀ ਦੇ ਤਿੰਨ ਆਗੂਆਂ ਵਿਰੁੱਧ ਪੰਜਾਬ ’ਚ ਮਾਮਲੇ ਦਰਜ ਹੋ ਚੁੱਕੇ ਹਨ। ਫਿਰ ਵੀ ਕਹਿਣਾ ਬਣਦਾ ਹੈ ਕਿ 6 ਮਈ ਦੇ ਤਮਾਸ਼ੇ ਦਾ ਮੁੱਖ ਸੂਤਰਧਾਰ ਕੇਂਦਰੀ ਗ੍ਰਹਿ ਮੰਤਰਾਲਾ ਤੇ ਭਾਰਤੀ ਜਨਤਾ ਪਾਰਟੀ ਹੀ ਹਨ। ਹੁਕਮਰਾਨ ਦੁਆਰਾ ਸੱਤਾ ਦੀ ਆਪਣੇ ਮੁਫ਼ਾਦ ਲਈ ਵਰਤੋਂ ਦੀਆਂ ਹੋਰ ਵੀ ਘਟਨਾਵਾਂ ਵੇਖਣ ਨੂੰ ਮਿਲਣਗੀਆਂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ