BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਸੰਪਾਦਕੀ

ਆਮ ਆਦਮੀ ਦੀ ਥਾਲ਼ੀ ’ਚੋਂ ਹੁਣ ਫੁਲਕੇ ਵੀ ਗਾਇਬ ਹੋਣ ਲੱਗੇ

May 10, 2022 11:59 AM

ਹੌਲੀ ਹੌਲੀ ਆਮ ਭਾਰਤੀਆਂ ਦੀ ਥਾਲੀ ਵਿੱਚੋਂ ਖ਼ੁਰਾਕੀ ਵਸਤਾਂ ਗਾਇਬ ਹੁੰਦੀਆਂ ਗਈਆਂ ਹਨ। ਆਲੂ ਪਿਆਜ ਦਾ ਗਾਇਬ ਹੋਣਾ ਤੇ ਹਾਜ਼ਰ ਹੋਣਾ ਤਾਂ ਲੱਗਿਆ ਰਹਿੰਦਾ ਹੈ, ਸਬਜ਼ੀਆਂ ਦੀ ਮਹਿੰਗਾਈ ਨੇ ਥਾਲ਼ੀ ’ਚੋਂ ਸਬਜ਼ੀ ਬਹੁਤ ਘਟਾ ਦਿੱਤੀ ਹੈ। ਫਿਰ ਪਿਛਲੇ ਥੋੜੇ੍ਹ ਜਿਹੇ ਸਮੇਂ ਵਿੱਚ ਹੀ ਦਾਲਾਂ ਐਨੀਆਂ ਮਹਿੰਗੀਆਂ ਹੋ ਗਈਆਂ ਕਿ ਦਾਲਾਂ ਖਾਣਾ ਹਰ ਕਿਸੇ ਦੇ ਵਸ ਨਹੀਂ ਰਿਹਾ। ਇਸੇ ਦੌਰਾਨ ਕੋਵਿਡ-19 ਤੋਂ ਬਚਣ ਲਈ ਲਾਏ ਲਾਕਡਾਊਨ ਅਤੇ ਇਸਦੇ ਮਾਰੂ ਪ੍ਰਭਾਵ ਵੀ ਚਲਦੇ ਰਹੇ ਹਨ ਜਿਨ੍ਹਾਂ ਨੇ ਆਮ ਭਾਰਤੀ ਦੀ ਆਮਦਨ ਹੀ ਸਮੇਟ ਦਿੱਤੀ । ਅੰਤਾਂ ਦੀ ਮਹਿੰਗਾਈ ਅਤੇ ਥੁੜ੍ਹ ਦੇ ਦੌਰ ’ਚ ਖ਼ੁਰਾਕੀ ਤੇਲਾਂ ਦੀ ਕੀਮਤ ਆਸਮਾਨੀ ਜਾ ਠਹਿਰੀ ਹੈ। ਇਸ ਨਾਲ ਆਮ ਭਾਰਤੀ ਦੀ ਥਾਲੀ ਵਿੱਚੋਂ ਤੇਲ ਜੇ ਗਾਇਬ ਨਹੀਂ ਹੋਇਆ ਤਾਂ ਅਸਹਿ ਤੌਰ ’ਤੇ ਘਟਿਆ ਜ਼ਰੂਰ ਹੈ। ਤੇਲ ਦੀਆਂ ਚਾਰ ਬੂੰਦਾਂ ਦੇ ਤੜਕੇ ਲੱਗਣ ਲੱਗੇ ਹਨ। ਹਾਲਤ ਬਹੁਤ ਭਿਆਨਕ ਹੈ। ਆਮ ਭਾਰਤੀ ਦੀ ਆਮਦਨ ਨੇ ਵਧਣਾ ਤਾਂ ਕੀ ਸੀ, ਇਹ ਲਗਾਤਾਰ ਘੱਟ ਰਹੀ ਹੈ ਅਤੇ ਦੂਸਰੇ ਪਾਸੇ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ। ਖੁਦਰਾ ਮਹਿੰਗਾਈ ਨੇ ਪਿਛਲੇ 17 ਮਹੀਨੇ ਦਾ ਰਿਕਾਰਡ ਤੋੜ ਦਿੱਤਾ ਹੈ। ਇਸੇ ਕਰਕੇ ਭਾਰਤੀ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ ਵਿੱਚ ਵਾਧਾ ਕਰਨਾ ਪਿਆ ਹੈ ਤਾਂ ਕਿ ਮੰਡੀ ਵਿੱਚੋਂ ਪੈਸਾ ਘਟਾਇਆ ਜਾ ਸਕੇ ਜਿਸ ਨਾਲ ਵਸਤਾਂ ਦੀ ਵਿਕਰੀ ਘਟੇ ਤੇ ਕੀਮਤਾਂ ਹੇਠਾਂ ਆਉਣ ਪਰ ਭਾਰਤੀ ਰਿਜ਼ਰਵ ਬੈਂਕ ਦੀ ਇਸ ਦੇਰ ਨਾਲ ਕੀਤੀ ਕਾਰਵਾਈ ਦਾ ਵੀ ਚੰਗਾ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਉਲਟਾ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੀ ਚੜ੍ਹਾਈ ਜਾਰੀ ਹੈ।
ਹੋਰ ਵੀ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਥਾਲੀ ਵਿੱਚ ਰੋਟੀਆਂ ਘੱਟਣ ਦੀ ਨੌਬਤ ਆਉਂਦੀ ਲੱਗਦੀ ਹੈ। ਆਟਾ ਐਨਾ ਮਹਿੰਗਾ ਹੋ ਚੁੱਕਾ ਹੈ ਕਿ ਪਿਛਲੇ ਦਸ ਸਾਲ ਵਿੱਚ ਆਟੇ ਦੀ ਐਸੀ ਮਹਿੰਗਾਈ ਦੇਖਣ ਨੂੰ ਨਹੀਂ ਮਿਲਦੀ। ਰੂਸ-ਯੂਕਰੇਨ ਜੰਗ ਕਾਰਨ ਸੰਸਾਰ ’ਚ ਕਣਕ ਦੀ ਸਪਲਾਈ ਘਟ ਗਈ ਹੈ ਅਤੇ ਭਾਰਤ ’ਚ ਕਣਕ ਦੀ ਖ਼ਰੀਦ ਕਰਨ ਲਈ ਨਿੱਜੀ ਵਪਾਰੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਕੌਮਾਂਤਰੀ ਮੰਡੀ ਵਿੱਚ ਉਹ ਕਣਕ ਵੇਚ ਕੇ ਵੱਡੇ ਲਾਭ ਕਮਾ ਸਕਦੇ ਹਨ। ਆਟੇ ਦੇ ਮਹਿੰਗੇ ਹੋਣ ਪਿੱਛੇ ਇਕ ਕਾਰਨ ਇਹ ਵੀ ਕੰਮ ਕਰ ਰਿਹਾ ਹੈ। ਦੂਸਰਾ ਕਾਰਨ ਇਹ ਹੈ ਕਿ ਭਾਰਤ ਵਿੱਚ ਇਸ ਸਾਲ ਕਣਕ ਦੀ ਪੈਦਾਵਾਰ ਘੱਟ ਗਈ ਹੈ ਅਤੇ ਕਣਕ ਦਾ ਭੰਡਾਰ ਵੀ ਪਹਿਲਾਂ ਜਿਹਾ ਨਹੀਂ ਹੋ ਸਕਿਆ।
ਕਣਕ ਦੀ ਪੈਦਾਵਾਰ ਅਤੇ ਭੰਡਾਰਨ ਸੰਬੰਧੀ ਵੱਖ-ਵੱਖ ਰਾਜਾਂ ਦੁਆਰਾ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਮੰਤਰਾਲੇ ਨੂੰ ਭੇਜੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ 7 ਮਈ ਨੂੰ ਦੇਸ਼ ਪੱਧਰ ’ਤੇ ਆਟੇ ਦੀ ਔਸਤ ਪਰਚੂਨ ਕੀਮਤ 32 ਰੁਪਏ 78 ਪੈਸੇ ਪ੍ਰਤੀ ਕਿੱਲੋ ਸੀ। ਇਹ ਪਿਛਲੇ ਸਾਲ ਦੇ ਇਸੇ ਮਹੀਨੇ ਰਹੀ ਆਟੇ ਦੀ ਕੀਮਤ ਤੋਂ ਸਵਾ 9 ਪ੍ਰਤੀਸ਼ਤ ਜ਼ਿਆਦਾ ਹੈ। ਉਸ ਸਮੇਂ ਆਟਾ ਪ੍ਰਤੀ ਕਿੱਲੋ 30 ਰੁਪਏ 3 ਪੈਸੇ ਪ੍ਰਤੀ ਕਿੱਲੋ ਸੀ। ਪਰ ਇਸ ਸਾਲ ਦੇ ਅਪਰੈਲ ਮਹੀਨੇ ’ਚ ਆਟਾ 32 ਰੁਪਏ 38 ਪੈਸੇ ਪ੍ਰਤੀ ਕਿੱਲੋ ਹੋ ਚੁੱਕਾ ਸੀ। ਪੋਰਟ ਬਲੇਅਰ ਵਿੱਚ ਤਾਂ ਮਈ ਵਿੱਚ ਆਟਾ 59 ਰੁਪਏ ਪ੍ਰਤੀ ਕਿੱਲੋ ਵਿਕਿਆ ਹੈ। ਇਹ ਭਾਅ 156 ਦੇਸ਼ਾਂ ਵਿੱਚ ਸਭ ਤੋਂ ਵੱਧ ਮਹਿੰਗਾ ਰਿਹਾ ਹੈ। ਵੱਡੇ ਸ਼ਹਿਰਾਂ ਵਿੱਚੋਂ ਮੁੰਬਈ ਵਿੱਚ ਆਟਾ ਸਭ ਤੋਂ ਮਹਿੰਗਾ, 49 ਰੁਪਏ ਪ੍ਰਤੀ ਕਿੱਲੋ, ਰਿਹਾ ਹੈ।
ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਵਿੱਚ, ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ ਆਟੇੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਹੈ ਅਤੇ ਹੁਣ ਤੱਕ 5.81 ਪ੍ਰੀਤਸ਼ਤ ਕੀਮਤ ਵੱਧ ਚੁੱਕੀ ਹੈ। ਆਟੇ ਦੀ ਕੀਮਤ ਦਾ ਲਗਾਤਾਰ ਵਧਣਾ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕੌਮਾਂਤਰੀ ਮੰਡੀ ਵਿੱਚ ਭਾਰਤੀ ਕਣਕ ਦੀ ਵਿੱਕਰੀ ਦਾ ਵਧਣਾ ਵੀ ਇੱਕ ਕਾਰਨ ਹੈ ਜੋ ਕਿ ਰੂਸ ਅਤੇ ਯੂਕਰੇਨ ਤੋਂ ਕਣਕ ਦੇ ਕੌਮਾਂਤਰੀ ਮੰਡੀ ਵਿੱਚ ਨਾ ਆਉਣ ਕਰਕੇ ਵਧਿਆ ਹੈ ਪਰ ਭਾਰਤ ਵਿੱਚ ਡੀਜ਼ਲ ਦੀ ਕੀਮਤ ਵਿੱਚ ਵਾਧੇ ਨੇ ਵੀ ਕਣਕ ਤੇ ਆਟੇ ਦੀ ਕੀਮਤ ਚੜ੍ਹਾਈ ਹੈ। ਇਸ ਦੇ ਨਾਲ ਹੀ ਬ੍ਰੈਡ ਵਗੈਰਾ ਦੀ ਕੀਮਤ ਵੀ ਵਧ ਗਈ ਹੈ। ਸਰਕਾਰ ਨੂੰ ਆਮ ਭਾਰਤੀ ਖ਼ਪਤਕਾਰ ਦਾ ਫ਼ਿਕਰ ਨਹੀਂ ਹੈ। ਇਸ ਨੂੰ ਸਮਾਜ ’ਚ ਵੰਡੀਆਂ ਪਾਉਣ ਲਈ ਬੁਲਡੋਜ਼ਰ ਚਲਾਉਣ ਦੀ ਨੀਤੀ ਅਜ਼ਮਾਉਣ ਤੋਂ ਫੁਰਸਤ ਨਹੀਂ । ਪਰ ਦੂਸਰੇ ਪਾਸੇ ਮਹਿੰਗਾਈ ਦਾ ਬੁਲਡੋਜ਼ਰ ਭਾਰਤੀਆਂ ਦੀ ਖ਼ੁਰਾਕ ਰੌਂਦਣ ਲੱਗਾ ਹੈ ਜੋ ਭੁੱਖਮਰੀ ਵੱਲ ਲਿਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ