ਰਾਣਾ ਹਰੀਵਾਲ
ਕੀਰਤਪੁਰ ਸਾਹਿਬ/9 ਮਈ : ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ.ਪ੍ਰੇਮ ਕੁਮਾਰ ਦੀ ਅਗਵਾਈ ਹੇਠ ਪੀ. ਐਚ.ਸੀ. ਕੀਰਤਪੁਰ ਸਾਹਿਬ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ। ਇਸ ਮੌਕੇ ਮੈਡੀਕਲ ਅਫਸਰ ਡਾ. ਪਵਨ ਕੌਸ਼ਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਥੈਲੇਸੀਮੀਆ ਇੱਕ ਜਿਨਸੀ ਰੋਗ ਹੈ। ਇਸ ਬਿਮਾਰੀ ਕਾਰਣ ਸਰੀਰ ਵਿੱਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਗੰਭੀਰ ਕੇਸਾਂ ਵਿੱਚ ਇਹ ਸ਼ਕਤੀ ਲਗਭਗ ਖਤਮ ਹੋ ਜਾਂਦੀ ਹੈ। ਇਸ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਬਿਮਾਰੀ ਨਾਲ਼ ਸ਼ਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ ਹੁੰਦੀ ਹੈ, ਪਿਸ਼ਾਬ ਦਾ ਰੰਗ ਗਾੜ੍ਹਾ ਹੁੰਦਾ ਹੈ, ਵਿਅਕਤੀ ਨੂੰ ਸ਼ਰੀਰ ਵਿੱਚ ਕਮਜੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਚਮੜੀ ਦਾ ਰੰਗ ਪੀਲ਼ਾ ਹੋ ਜਾਂਦਾ ਹੈ। ਚਿਹਰੇ ਦੀ ਬਣਾਵਟ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਗਰ ਤੇ ਤਿੱਲੀ ਦਾ ਸਾਈਜ਼ ਵਧ ਜਾਂਦਾ ਹੈ। ਥੈਲੇਸੀਮੀਆ ਦੇ ਇਲਾਜ਼ ਵਿੱਚ ਮਰੀਜ ਨੂੰ ਹਰ 15 ਤੋਂ 20 ਦਿਨਾਂ ਬਾਅਦ ਸਾਰੀ ਉਮਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ। ਇਸ ਦੀ ਜਾਂਚ ਲਈ ਐਚ. ਪੀ. ਐਲ. ਸੀ. ਮਸ਼ੀਨ ਰਾਹੀਂ ਖੂਨ ਦਾ ਟੈਸਟ ਰਾਜ ਦੇ 3 ਸਰਕਾਰੀ ਮੈਡੀਕਲ ਕਾਲਜ਼, ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟਦ ਦੇ ਨਾਲ਼ ਏਮਜ਼ ਬਠਿੰਡਾ ਅਤੇ ਸਰਕਾਰੀ ਹਸਪਤਾਲ਼ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਨਿਧੀ ਸਹੋਤਾ ਡੈਂਟਲ ਮੈਡੀਕਲ ਅਫਸਰ, ਡਾ.ਅਨੂੰ ਸ਼ਰਮਾ ਫੀਮੇਲ ਮੈਡੀਕਲ ਅਫਸਰ ਨੇ ਥੈਲੇਸੀਮੀਆ ਦੇ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲ਼ੀ ਪੀੜ੍ਹੀ ਨੂੰ ਬਚਾਉਣ ਲਈ ਥੈਲੇਸੀਮੀਆ ਦਾ ਟੈਸਟ ਗਰਭਵਤੀ ਔਰਤਾਂ, ਖਾਸ ਤੌਰ ਤੇ ਪਹਿਲੀ ਤਿਮਾਹੀ ਵਿੱਚ, ਵਿਆਹਯੋਗ ਤੇ ਵਿਆਹੇ ਜੋੜੇ ਅਤੇ ਅਨੀਮੀਆ ਦਾ ਇਲਾਜ ਕਰਨ ਦੇ ਬਾਵਜੂਦ ਖੂਨ ਦੀ ਮਾਤਰਾ ਨਾ ਵਧਦੀ ਹੋਵੇ ਨੂੰ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲ੍ਹੋਂ ਮੁਫਤ ਖੂਨ ਮੁਹਈਆ ਕਰਵਾਇਆ ਜਾਂਦਾ ਹੈ। ਪੂਨਮ ਰਾਣੀ ਸੀ. ਐਚ. ਓ. ਗੱਜਪੁਰ ਅਤੇ ਰਾਜਪ੍ਰੀਤ ਕੌਰ ਸੀ. ਐਚ. ਓ. ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਕਾਰਜਕ੍ਰਮ ਅਧੀਨ ਆਂਗਨਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਖੂਨ ਦੇ ਸਾਲਾਨਾ ਟੈਸਟ ਤੇ ਇਲਾਜ਼ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਹਰਜੀਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਸਟਾਫ ਨਰਸਜ਼, ਬਲਵੰਤ ਰਾਏ ਐਸ. ਆਈ., ਭਰਤ ਕਪੂਰ ਸੀ. ਓ., ਬਲਜੀਤ ਸਿੰਘ ਆਈ. ਏ., ਕੁਲਵਿੰਦਰ ਸਿੰਘ, ਕਮਲਜੀਤ ਸਿੰਘ ਸੀਨੀਅਰ ਅਸੀਸਟੈਂਟ, ਬਲਜਿੰਦਰ ਕੌਰ ਐਲ. ਐਚ. ਵੀ., ਨੀਲਮ ਏ. ਐਨ. ਐਮ., ਸੁਖਦੀਪ ਸਿੰਘ ਐਸ. ਆਈ., ਡਾ. ਦਿਆਲ ਨਰਸਿੰਗ ਸਕੂਲ ਨਿੱਕੂਵਾਲ ਤੋਂ ਮੈਡਮ ਮਧੂ ਮਹਿਤਾ ਅਤੇ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।