ਸੁਰੇਸ਼ ਕੁਮਾਰ
ਹੁਸ਼ਿਆਰਪੁਰ, 9 ਮਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿਚ ਡਾ. ਲਖਬੀਰ ਸਿੰਘ ਨੇ ਅੱਜ ਬਤੌਰ ਸਿਵਲ ਸਰਜਨ ਹੁਸ਼ਿਆਰਪੁਰ ਦਾ ਅਹੁਦਾ ਸੰਭਾਲ ਲਿਆ ਹੈ। ਡਾ. ਲਖਬੀਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਤਾਇਨਾਤ ਸਨ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਉਨ੍ਹਾਂ ਨੂੰ ਸਿਵਲ ਸਰਜਨ ਹੁਸ਼ਿਆਰਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਉਨ੍ਹਾਂ ਦੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਾ. ਲਖਬੀਰ ਸਿੰਘ ਵਰਗੇ ਮਿਹਨਤੀ ਤੇ ਇਮਾਨਦਾਰ ਅਫ਼ਸਰ ਦੀ ਨਿਯੁਕਤੀ ਨਾਲ ਸਿਹਤ ਵਿਭਾਗ ਪਹਿਲਾਂ ਤੋਂ ਵੀ ਵੱਧ ਊਰਜਾ ਨਾਲ ਜਨਤਾ ਨੂੰ ਹੋਰ ਬੇਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਡਾ. ਲਖਬੀਰ ਸਿੰਘ ਨੇ ਐਸ.ਐਮ.ਓ. ਅਤੇ ਜ਼ਿਲ੍ਹਾ ਸਿਹਤ ਅਫ਼ਸਰ ਰਹਿੰਦੇ ਹੋਏ ਜਿਲ੍ਹੇ ਵਿਚ ਲੋਕਹਿੱਤ ਵਿਚ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਮਾਨਦਾਰੀ ਅਤੇ ਮਿਹਨਤੀ ਸੁਭਾਅ ਵਾਲੇ ਅਧਿਕਾਰੀ ਡਾ. ਲਖਬੀਰ ਜ਼ਿਲ੍ਹੇ ਨੂੰ ਸਿਹਤ ਸੇਵਾਵਾਂ ਵਿਚ ਉਚਾ ਦਰਜਾ ਦਿਵਾਉਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਬੁਰੇ ਸਮੇਂ ਦੌਰਾਨ ਡਾ. ਲਖਬੀਰ ਸਿੰਘ ਨੇ ਅਣਥੱਕ ਜਿਹੜੀਆਂ ਸੇਵਾਵਾਂ ਦਿੱਤੀਆਂ ਹਨ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਜ਼ਰੂਰਤਮੰਦ ਵਿਅਕਤੀ ਤੱਕ ਸਿਹਤ ਸੇਵਾਵਾਂ ਪਹੁੰਚਣ, ਜਿਸ ਲਈ ਸਿਹਤ ਵਿਭਾਗ ਵਿਚ ਕਾਫ਼ੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਹਿੱਤ ਦੇ ਕੰਮਾਂ ਵਿਚ ਕਦੇ ਪਿੱਛੇ ਨਹੀਂ ਰਹੇਗੀ ਅਤੇ ਲੋਕਾਂ ਤੱਕ ਹਰ ਜ਼ਰੂਰੀ ਸੁਵਿਧਾਵਾਂ ਪਹੁੰਚਾਈਆਂ ਜਾਣਗੀਆਂ। ਇਸ ਦੌਰਾਨ ਨਵਨਿਯੁਕਤ ਸਿਵਲ ਸਰਜਨ ਡਾ. ਲਖਬੀਰ ਸਿੰਘ ਨੇ ਆਪਣੀ ਨਿਯੁਕਤੀ ’ਤੇ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ