BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਲੇਖ

ਫਲੋਰੇਂਸ ਨਾਇਟਿੰਗੇਲ ਤੇ ਨਰਸਾਂ ਦਾ ਦਿਹਾੜਾ

May 12, 2022 12:13 PM

ਡਾ. ਗੁਰਤੇਜ ਸਿੰਘ

ਦੁਨੀਆਂ ਭਰ ’ਚ 12 ਮਈ ਕੌਮਾਂਤਰੀ ਨਰਸਾਂ ਦਾ ਦਿਹਾੜਾ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਇਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ, ਜਿਸ ਨੇ ਨਰਸਿੰਗ ਕਿੱਤੇ ਨੂੰ ਉਪਜਾਇਆ ਹੈ। ਨਰਸ ਜੋ ਬਿਨਾਂ ਵਿਤਕਰੇ ਦੇ ਬੀਮਾਰਾਂ ਦੀ ਸੇਵਾ ਕਰਦੀ ਹੈ, ਜਦ ਰੋਗੀ ਤੰਦਰੁਸਤ ਹੋ ਕੇ ਆਪਣੇ ਘਰ ਪਰਤਦਾ ਹੈ ਤਾਂ ਕਿਤੇ ਨਾ ਕਿਤੇ ਉਹ ਨਰਸ ਨੂੰ ਵੀ ਅੰਦਰੋ ਦੁਆਵਾਂ ਦਿੰਦਾ ਹੈ। ਨਰਸਾਂ ਦਾ ਦਿਹਾੜਾ ਮਨਾਉਣ ਦੀ ਸ਼ੁਰੂਆਤ ਸੰਨ 1953 ’ਚ ਹੋਈ ਜੋ ਯੂਨਾਈਟਡ ਸਟੇਟਸ ਦੇ ਸਿਹਤ ਸਿੱਖਿਆ ਅਤੇ ਭਲਾਈ ਵਿਭਾਗ ਦੇ ਇੱਕ ਅਫ਼ਸਰ ਨੇ ਆਪਣੇ ਪੱਧਰ ’ਤੇ ਕੀਤੀ ਸੀ ਪਰ ਉਨ੍ਹਾਂ ਦੇ ਇਸ ਸ਼ਲਾਘਾਯੋਗ ਕਦਮ ਨੂੰ ਅਣਗੌਲਿਆ ਕਰ ਦਿੱਤਾ ਸੀ। ਸੰਨ 1965 ਵਿੱਚ ਇੰਟਰਨੈਸ਼ਨਲ ਕੌਂਸਿਲ ਆਫ ਨਰਸਜ਼ ਨੇ ਪਹਿਲੀ ਵਾਰ ਨਰਸਾਂ ਦਾ ਦਿਹਾੜਾ ਮਨਾਇਆ ਸੀ। ਸੰਨ 1974 ਵਿੱਚ ਇਸੇ ਸੰਸਥਾ ਨੇ ਫਲੋਰੈਂਸ ਨਾਇਟੇਂਗੇਲ ਦੇ ਜਨਮ ਦਿਨ ਨੂੰ ਨਰਸਾਂ ਦਾ ਦਿਹਾੜਾ ਵਜੋਂ ਮਨਾਉਣ ਦੀ ਅਧਿਕਾਰਿਕ ਤੌਰ ’ਤੇ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਦਿਨ ਨਰਸਿੰਗ ਕਿੱਤੇ ਨਾਲ ਲੋੜੀਂਦੇ ਸਾਜੋ ਸਮਾਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਹਿਤ ਇੱਕ ਥੀਮ ਵੰਡਣੀ ਸ਼ੁਰੂ ਕੀਤੀ ਜੋ ਅੱਜ ਵੀ ਕਈ ਮੁਲਕਾਂ ’ਚ ਪ੍ਰਚਲਿਤ ਹੈ। ਹਰ ਵਰ੍ਹੇ ਇਸ ਦਿਵਸ ’ਤੇ ਕੋਈ ਨਾ ਕੋਈ ਥੀਮ ਰੱਖੀ ਜਾਂਦੀ ਹੈ ਜੋ ਸੰਨ 1988 ਤੋਂ ਸ਼ੁਰੂ ਹੋਈ ਸੀ ਜੋ ਅੱਜ ਵੀ ਬਰਕਰਾਰ ਹੈ। ਇਸ ਵਰ੍ਹੇ ਦੀ ਥੀਮ ‘ਨਰਸਾਂ: ਅਗਵਾਈ ਕਰਨ ਲਈ ਇੱਕ ਆਵਾਜ਼- ਨਰਸਿੰਗ ਵਿੱਚ ਨਿਵੇਸ਼ ਕਰੋ ਅਤੇ ਵਿਸ਼ਵਵਿਆਪੀ ਸਿਹਤ ਨੂੰ ਸੁਰੱਖਿਅਤ ਕਰਨ ਲਈ ਅਧਿਕਾਰਾਂ ਦਾ ਸਨਮਾਨ ਕਰੋ’। ਪਿਛਲੇ ਸਾਲ ਦੀ ਥੀਮ ‘ਨਰਸਿੰਗ ਦੀ ਬੁਲੰਦ ਆਵਾਜ਼’ ਸੀ। ਸੰਨ 2003 ਤੋਂ ਸੰਸਾਰ ਦੇ ਕਈ ਦੇਸ਼ਾਂ ’ਚ 6 ਮਈ ਤੋਂ 12 ਮਈ ਤੱਕ ਨਰਸਜ਼ ਹਫ਼ਤਾ ਮਨਾਇਆ ਜਾਦਾ ਹੈ ਜਿਸ ਤਹਿਤ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਦਾ ਹੈ।
ਇਹ ਸੱਚ ਹੈ ਕਿ ਪੈਰਾਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ ਹੈ ਅਤੇ ਸੁਘੜ ਨਰਸ ਆਪਣੇ ਵਾਰਡ ’ਚ ਦਾਖ਼ਲ ਮਰੀਜ਼ਾਂ ਨੂੰ ਦਵਾਈ ਡਾਕਟਰ ਦੇ ਕਹਿਣੇ ਮੁਤਾਬਿਕ ਬਿਨਾਂ ਨਾਗਾ ਪਾਏ ਦਿੰਦੀ ਹੈ। ਇਸ ਤਰਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੀ ਤਰਾਂ ਮਰੀਜ਼ਾਂ ਦਾ ਖ਼ਿਆਲ ਰੱਖਦੀ ਹੈ ਜੋ ਮਾਂ, ਭੈਣ ਆਦਿ ਰਿਸ਼ਤੇ ਰੱਖਦੇ ਹਨ।ਆਪਣੇ ਵਾਰਡ ’ਚ ਮੌਜੂਦ ਮਰੀਜ਼ਾਂ ਦੀ ਦੇਖ਼ਭਾਲ ਕਰਨੀ ਉਸਦਾ ਮੁੱਢਲਾ ਫਰਜ਼ ਹੈ ਇਸ ਤੋਂ ਉਹ ਕਦੇ ਵੀ ਮੁਨਕਰ ਨਹੀ ਹੋ ਸਕਦੀ।ਵਾਰਡ ’ਚ ਮੌਜੂਦ ਤਰਾਂ ਤਰਾਂ ਦੇ ਮਰੀਜ਼ਾਂ ਨਾਲ ਉਸਦਾ ਵਿਵਹਾਰ ਦੋਸਤਾਨਾ ਹੁੰਦਾ ਹੈ ਜੋ ਲਾਜ਼ਮੀ ਵੀ ਹੈ ਕਿਉਂਕਿ ਦਵਾਈ ਦੇ ਨਾਲ ਹੌਂਸਲਾ ਅਫ਼ਜ਼ਾਈ ਬਹੁਤ ਜਰੂਰੀ ਹੁੰਦੀ ਹੈ ਜਿਸ ਨਾਲ ਭਿਆਨਕ ਬੀਮਾਰੀਆਂ ਨਾਲ ਗ੍ਰਸਿਤ ਮਰੀਜ਼ ਵੀ ਬਚੀ ਜ਼ਿੰਦਗੀ ਦਾ ਆਨੰਦ ਮਾਨਣ ਦੇ ਯੋਗ ਹੋ ਜਾਦੇ ਹਨ।
ਇਸ ਤਰਾਂ ਮਰੀਜ਼ਾਂ ਦੀ ਤੰਦਰੁਸਤੀ ’ਚ ਡਾਕਟਰ ਦੇ ਨਾਲ ਨਰਸਿੰਗ ਸਟਾਫ਼ ਦੀਆਂ ਅਣਥੱਕ ਸੇਵਾਵਾਂ ਵੀ ਸ਼ਾਮਿਲ ਹੁੰਦੀਆਂ ਹਨ।ਬਲਕਿ ਹਸਪਤਾਲ ਦੇ ਹਰ ਸੁਘੜ ਕਰਮਚਾਰੀ ਦਾ ਬਣਦਾ ਯੋਗਦਾਨ ਲਿਆ ਜਾਂਦਾ ਹੈ ਤਾਂ ਜੋ ਮਰੀਜ਼ ਰਾਜੀ ਖੁਸ਼ੀ ਆਪਣੇ ਘਰ ਜਾ ਸਕੇ। ਦੁਨੀਆਂ ਬੜੀ ਰੰਗੀ ਹੈ ਇਸ ’ਚ ਚੰਗੇ ਮੰਦੇ ਹਰ ਤਰਾਂ ਦੇ ਪ੍ਰਾਣੀਆਂ ਦਾ ਵਾਸ ਹੈ।ਕਈ ਵਾਰ ਕੋਈ ਸ਼ਖ਼ਸ ਕਿਸੇ ਲਈ ਫ਼ਰਿਸ਼ਤਾ ਹੋ ਬਹੁੜਦਾ ਹੈ ਅਤੇ ਕੋਈ ਕਿਸੇ ਲਈ ਸ਼ੈਤਾਨ ਦਾ ਰੂਪ ਹੋ ਨਿੱਬੜਦਾ ਹੈ।ਅਜੋਕੇ ਦੌਰ ’ਚ ਜ਼ਿੰਦਗੀ ਜਿਉਣ ਦੇ ਬਦਲਦੇ ਢੰਗ ਅਤੇ ਨਾਮੁਰਾਦ ਬੀਮਾਰੀਆਂ ਦੀ ਆਮਦ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ।ਇਸ ਲਈ ਅਕਸਰ ਹੀ ਹਸਪਤਾਲ ਜਾਣਾ ਪੈਦਾ ਹੈ ਅਤੇ ਉੱਥੇ ਮੌਜੂਦ ਅਮਲ਼ੇ ਦੀਆਂ ਸੇਵਾਵਾਂ ਲੈਣੀਆਂ ਪੈਦੀਆਂ ਹਨ। ਕਈ ਵਾਰ ਉਹ ਅਮਲ਼ਾ ਵਾਜ਼ਬ ਭਾਅ ’ਤੇ ਆਪਣੀ ਸੇਵਾ ਨਾਲ ਸਾਨੂੰ ਸੰਤੁਸ਼ਟ ਕਰ ਦਿੰਦਾ ਹੈ ਪਰ ਵਪਾਰੀਕਰਨ ਦੀ ਦੌੜ ਵਿੱਚ ਅਕਸਰ ਹੀ ਮਰੀਜ਼ਾਂ ਦੀ ਛਿੱਲ ਲਾਹੀ ਜਾਦੀ ਹੈ ਜਿਸ ’ਚ ਹਸਪਤਾਲ ਪ੍ਰਸ਼ਾਸ਼ਨ ਅਤੇ ਡਾਕਟਰ ਸਿੱਧੇ ਰੂਪ ਵਿੱਚ ਜਿੰਮੇਵਾਰ ਹੁੰਦੇ ਹਨ।ਕੁਝ ਕੁ ਥਾਵਾਂ ਨੂੰ ਛੱਡ ਕੇ ਨਰਸਜ਼ ਦੀ ਇਸ ਘਿਨੌਣੇ ਕਾਰਜ ’ਚ ਸ਼ਮੂਲੀਅਤ ਨਹੀ ਹੁੰਦੀ ਹੈ।
ਨਿੱਜੀ ਸਿਹਤ ਕੇਂਦਰਾਂ ’ਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਨਰਸ ਅਮਲ਼ੇ ਨਾਲ ਅਕਸਰ ਬਦਤਮੀਜੀ ਕਰਦੇ ਹਨ ਉਹ ਵਿਚਾਰੀਆਂ ਨੌਕਰੀ ਜਾਣ ਦੇ ਡਰ ਕਾਰਨ ਚੁੱਪ ਹੋਣ ਲਈ ਮਜ਼ਬੂਰ ਹੋ ਜਾਦੀਆਂ ਹਨ।ਜਨਤਕ ਸਿਹਤ ਕੇਦਰਾਂ ’ਚ ਤਾਇਨਾਤ ਨਰਸ ਕਰਮਚਾਰੀਆਂ ਦਾ ਵਿਵਹਾਰ ਸਦਾ ਹੀ ਸ਼ੱਕ ਦੇ ਘੇਰੇ ’ਚ ਰਿਹਾ ਹੈ। ਕਈ ਵਾਰ ਨਰਸ ਕਰਮਚਾਰੀ ਆਪਣੇ ਮਰੀਜ਼ਾਂ ਨਾਲ ਬਦਤਮੀਜੀ ਕਰਦੀਆਂ ਹਨ ਜਿਸਦਾ ਗਵਾਹ ਪੂਰਾ ਸਮਾਜ ਹੈ ਕਿਉਂਕਿ ਹਰ ਕਿਸੇ ਦਾ ਵਾਹ ਕਦੇ ਨਾ ਕਦੇ ਇਨ੍ਹਾਂ ਨਾਲ ਜਰੂਰ ਪਿਆ ਹੈ।ਜਨਤਕ ਸਿਹਤ ਕੇਂਦਰਾਂ ’ਚ ਜਾਣ ਵਾਲੇ ਮਰੀਜ਼ ਜਿਆਦਾਤਰ ਅਨਪੜ੍ਹ੍ਹ ਹੀ ਹੁੰਦੇ ਹਨ ਜਿਸ ਕਰਕੇ ਉਹ ਇਨ੍ਹਾਂ ਨੂੰ ਟਿੱਚ ਹੀ ਜਾਣਦੀਆਂ ਹਨ ਅਤੇ ਸਿੱਧੇ ਮੂੰਹ ਗੱਲ ਤੱਕ ਨਹੀ ਕਰਦੀਆਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੰਨ੍ਹ 2016 ਵਿੱਚ ਸਾਡੇ ਪਿੰਡ ਦੀ ਇੱਕ ਬੇਹੱਦ ਗਰੀਬ ਪਰਿਵਾਰ ਦੀ ਇੱਕ ਔਰਤ ਜਣੇਪੇ ’ਚ ਸੀ ਡਾਕਟਰੀ ਕਿੱਤੇ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ਮੇਰੇ ਤੱਕ ਪਹੁੰਚ ਕੀਤੀ ਸੀ। ਮੈਂ ਆਪ ਉਨ੍ਹਾਂ ਦੇ ਨਾਲ ਜਾਕੇ ਉਸ ਨੂੰ ਨੇੜਲੇ ਜਨਤਕ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਸੀ।ਅਲਟਰਾਸਾਂਊਡ ਦੀ ਰਿਪੋਰਟ ਅਨੁਸਾਰ ਅਤੇ ਮਰੀਜ਼ ਦੀ ਹਾਲਤ ਅਨੁਸਾਰ ਡਲਿਵਰੀ ਇਕਦਮ ਕਰਨੀ ਲਾਜ਼ਮੀ ਸੀ। ਉੱਥੇ ਮੌਜੂਦ ਨਰਸ ਕਰਮਚਾਰੀ ਕਾਫੀ ਦੇਰ ਤੱਕ ਟਾਲਮਟੋਲ ਕਰਦੀਆਂ ਰਹੀਆਂ ਤੇ ਨਾਂ ਹੀ ਉਨ੍ਹਾਂ ਨੇ ਆਪਣੇ ਡਾਕਟਰ ਨੂੰ ਇਸ ਸਬੰਧੀ ਜਾਣੂ ਕਰਵਾਇਆ।ਜਨਾਨਾ ਰੋਗਾਂ ਦੀ ਮਾਹਿਰ ਡਾਕਟਰ ਘਰ ਜਾ ਚੁੱਕੀ ਸੀ। ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਇੱਕ ਨਰਸ ਨੂੰ ਮੈਂ ਕਿਹਾ ਸਿਸਟਰ ਜੀ ਅਗਰ ਤੁਹਾਡਾ ਪਰਿਵਾਰਕ ਮੈਂਬਰ ਗੰਭੀਰ ਹਾਲਤ ਵਿੱਚ ਕਿਸੇ ਡਾਕਟਰ ਕੋਲ ਜਾਵੇ ਤਾਂ ਉੱਥੇ ਮੌਜੂਦ ਸਾਰਾ ਅਮਲ਼ਾ ਤੁਹਾਡੇ ਵਾਂਗ ਟਾਲਮਟੋਲ ਕਰੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ।ਉਸ ਨਰਸ ਨੇ ਐਨਕ ਦੇ ਉੱਪਰੋਂ ਦੇਖਦਿਆਂ ਮੈਨੂੰ ਪੁੱਛਿਆ ਤੂੰ ਕੰਮ ਕੀ ਕਰਦਾ, ਆਹ ਕੀ ਤਰੀਕਾ ਗੱਲ ਕਰਨ ਦਾ। ਮੈਂ ਕਿਹਾ ਸਿਸਟਰ ਜੀ ਮੈਂ ਮੈਡੀਕਲ ਦੇ ਦੂਜੇ ਸਾਲ ਦਾ ਵਿਦਿਆਰਥੀ ਹਾਂ ਤੇ ਇਸ ਮਰੀਜ਼ ਬਾਰੇ ਮੈ ਆਪਣੇ ਅਧਿਆਪਕਾਂ ਨਾਲ ਗੱਲ ਕੀਤੀ ਹੈ ਉਨ੍ਹਾਂ ਦੀ ਵੀ ਸਲਾਹ ਹੈ ਕਿ ਜਲਦੀ ਡਲਿਵਰੀ ਹੋਵੇ।ਅੱਛਾ ਤੂੰ ਡਾਕਟਰ ਹੈ, ਪਹਿਲਾਂ ਦੱਸ ਦੇਣਾ ਸੀ ਉਸ ਨੇ ਕੱਚੀ ਜਿਹੀ ਹੁੰਦੇ ਕਿਹਾ। ਆਪਣੇ ਡਾਕਟਰ ਨੂੰ ਬੁਲਾ ਕੇ ਉਨ੍ਹਾਂ ਨੇ ਡਲਿਵਰੀ ਕਰਵਾ ਦਿੱਤੀ।ਡਾਕਟਰ ਆਪਣਾ ਕੰਮ ਖਤਮ ਕਰਕੇ ਚਲਾ ਗਿਆ ਤੇ ਮੈਂ ਉਸਦਾ ਧੰਨਵਾਦ ਕੀਤਾ।ਡਾਕਟਰ ਦੇ ਜਾਣ ਦੀ ਦੇਰ ਸੀ ਇੱਕ ਨਰਸ ਨੇ ਮੁੰਡਾ ਹੋਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਉਸ ਔਰਤ ਦੇ ਦਿਹਾੜੀਦਾਰ ਗ਼ਰੀਬ ਪਤੀ ਤੋਂ ਵਧਾਈ ਦੇ ਰੂਪ ’ਚ ਪੰਜ ਸੌ ਰੁਪਏ ਮੰਗੇ ਜੋ ਉਸਨੇ ਚੁੱਪਚਾਪ ਦੇ ਦਿੱਤੇ। ਮੈਂ ਉਸਨੂੰ ਜਦ ਵਰਜਿਆ ਤਾਂ ਉਹ ਮੈਨੂੰ ਕਹਿਣ ਲੱਗਾ ਕੀ ਪਤਾ ਬਾਈ!ਇਹ ਗੁੱਸੇ ਹੋ ਕੇ ਕੋਈ ਗਲਤ ਟੀਕਾ ਨਾ ਲਗਾ ਦੇਣ।ਮੈਨੂੰ ਉਸਦੀ ਮਾਨਸਿਕਤਾ ਅਤੇ ਅਜਿਹੀਆਂ ਨਰਸ ਕਰਮਚਾਰੀਆਂ ਦੇ ਵਿਵਹਾਰ ਨੇ ਝੰਜੋੜ ਕੇ ਰੱਖ ਦਿੱਤਾ ਸੀ।
ਉਪਰੋਕਤ ਘਟਨਾਵਾਂ ਡਾਕਟਰੀ ਕਿੱਤੇ ਨਾਲ ਸਬੰਧਿਤ ਅਮਲ਼ੇ ਦੇ ਮੂੰਹ ’ਤੇ ਬਹੁਤ ਵੱਡੀ ਚਪੇੜ ਹੈ।ਕਹਿਣ ਨੂੰ ਤਾਂ ਸਾਡਾ ਮੁਲਕ ਮੈਡੀਕਲ ਟੂਰਿਜ਼ਮ ਵਜੋਂ ਵਿਕਸਿਤ ਹੋ ਰਿਹਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕਾਂ ਲਈ ਚੰਗੀਆਂ ਸਿਹਤ ਹਵਾਵਾਂ ਸਿਰਫ ਕਾਗਜਾਂ ਤੱਕ ਸੀਮਤ ਹਨ।ਇੱਕ ਅਨੁਮਾਨ ਅਨੁਸਾਰ ਦੇਸ਼ ਅੰਦਰ 4 ਲੱਖ ਡਾਕਟਰ ਹੋਰ ਚਾਹੀਦੇ ਹਨ ਅਤੇ 10 ਲੱਖ ਨਰਸਾਂ ਦੀ ਘਾਟ ਹੈ।
ਨਰਸਾਂ ਦੇ ਦਿਹਾੜੇ ਮੌਕੇ ਇਨ੍ਹਾਂ ਨੂੰ ਪ੍ਰਣ ਲੈਣ ਦੀ ਲੋੜ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਹਿਤ ਕਰਨਗੀਆਂ। ਨਿੱਜੀ ਖੇਤਰ ’ਚ ਤਾਇਨਾਤ ਨਰਸ ਅਮਲੇ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਉਨ੍ਹਾਂ ਦਾ ਸ਼ੋਸ਼ਣ ਨਾ ਕਰ ਸਕੇ ਜੋ ਅਜੋਕੇ ਦੌਰ ’ਚ ਬਹੁਤ ਹੋ ਰਿਹਾ ਹੈ।ਡਾਕਟਰ ਸਾਹਿਬਾਨ ਅਤੇ ਨਰਸਜ਼ ਦੇ ਸੀਨੀਅਰ ਅਧਿਕਾਰੀ ਹਮੇਸ਼ਾਂ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਉਨ੍ਹਾਂ ਦੀ ਖਿਚਾਈ ਨਾ ਕਰਨ।ਤੁਸੀ ਤਾਂ ਦੋ ਸ਼ਬਦ ਬੋਲ ਕੇ ਚਲੇ ਜਾਦੇ ਹੋ ਪਰ ਉਸ ਨਰਸਿੰਗ ਸਟਾਫ਼ ਨੇ ਘੰਟਿਆਂ ਬੱਧੀ ਡਿਉਟੀ ਕਰਨੀ ਹੈ ਅਗਰ ਉਸ ਨਾਜ਼ੁਕ ਹਾਲਤ ਵਾਲੇ ਮਰੀਜ਼ ਦੀ ਮੌਤ ਹੋ ਜਾਦੀ ਹੈ ਤਾਂ ਉਕਤ ਮਰੀਜ਼ ਦੇ ਰਿਸ਼ਤੇਦਾਰ ਹਿੰਸਕ ਹੋ ਜਾਂਦੇ ਹਨ। ਬਦਤਮੀਜ਼ੀ ਦੇ ਨਾਲ ਮਾਰ ਕੁਟਾਈ ਦਾ ਦੌਰ ਸ਼ੁਰੂ ਹੋ ਜਾਦਾ ਹੈ। ਉਕਤ ਸੀਨੀਅਰ ਅਧਿਕਾਰੀ ਇਸ ਨੁਕਤੇ ਨੂੰ ਸਮਝਣ ਅਤੇ ਇਹ ਗੱਲ ਵੀ ਦਿਮਾਗ ’ਚ ਬਿਠਾਉਣ ਕਿ ਜੂਨੀਅਰ ਸਟਾਫ਼ ਨੂੰ ਕਿਸੇ ਵੀ ਮੌਕੇ ਡਾਂਟਣ ਦਾ ਅਧਿਕਾਰ ਸੰਵਿਧਾਨਿਕ ਨਹੀ ਹੈ। ਨਰਸਜ਼ ਨੂੰ ਇਸ ਅਨਿਆਂ ਖਿਲਾਫ਼ ਖੜ੍ਹਨ ਦੀ ਲੋੜ੍ਹ ਹੈ, ਫਿਰ ਹੀ ਦਾ ਦਿਹਾੜਾ ਮਨਾਉਣ ਦਾ ਮਹੱਤਵ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ