- ਹਾਕੀ ਖਿਡਾਰੀਆਂ ਨੂੰ ਇੱਥੇ ਹੀ ਅੰਤਰਰਾਸ਼ਟਰੀ ਸਹੂਲਤਾਂ ਮਹੱਈਆ ਕਰਵਾਵਾਂਗੇ : ਰਾਜਪਾਲ ਸਿੰਘ
ਰਵਿੰਦਰ ਸਿੰਘ ਢੀਂਡਸਾ, ਰੰਜਨਾ ਸ਼ਾਹੀ
ਸ੍ਰੀ ਫ਼ਤਹਿਗੜ੍ਹ ਸਾਹਿਬ/ 11 ਮਈ : ਭਾਰਤੀ ਹਾਕੀ ਦੇ ਸਾਬਕਾ ਕਪਤਾਨ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੌਜੂਦਾ ਐਸ.ਪੀ. (ਡੀ) ਰਾਜਪਾਲ ਸਿੰਘ ਨੇ ਅੱਜ ਸਥਾਨਕ ਆਈ.ਟੀ.ਆਈ ਵਿਖੇ ਮੇਹਰ ਬਾਬਾ ਹਾਕੀ ਨਰਸਰੀ ਦਾ ਦੌਰਾ ਕਰਦੇ ਹੋਏ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਹਾਕੀ ਦੇ ਖੇਤਰ ਵਿੱਚ ਕੀਤੇ ਗਏ ਉਪਰਾਲਿਆ ਦੀ ਸ਼ਲਾਘਾ ਕੀਤੀ। ਟਰੱਸਟੀ ਸੂਰਤ ਸਿੰਘ ਸੰਧੂ, ਠਾਕੁਰ ਸਿੰਘ ਮੇਜੀ, ਹਾਕੀ ਕੋਚ ਤੇਜਿੰਦਰ ਸਿੰਘ, ਵਜੀਰ ਚੰਦ, ਪ੍ਰਬੰਧਕ ਰੌਬਿਨ ਗੁਪਤਾ ਅਤੇ ਹੇਮਾ ਪਨੇਸਰ, ਸੰਦੀਪ ਕੁਮਾਰ, ਸਿਮਰਨਜੀਤ ਸਿੰਘ ਅਤੇ ਹਰਜੀਤ ਕੌਰ ਆਦਿ ਦੀ ਮੌਜੂਦਗੀ ਚ ਓਲੰਪਿਅਨ ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਇਸ ਹਾਕੀ ਨਰਸਰੀ ਦੇ ਬੱਚਿਆਂ ਨੂੰ ਅੰਤਰਾਸ਼ਟਰੀ ਪੱਧਰ ਦੀਆਂ ਸਹੁਲਤਾਂ ਇੱਥੇ ਹੀ ਮੁਹੱਇਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਗੱਲਬਾਤ ਦੌਰਾਨ ਠਾਕੁਰ ਮੇਜੀ ਨੇ ਦੱਸਿਆ ਕਿ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਤੱਕ ਇਸ ਹਾਕੀ ਨਰਸਰੀ ’ਤੇ ਤਕਰੀਬਨ 2.5 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਮੇਹਰ ਬਾਬਾ ਹਾਕੀ ਨਰਸਰੀ ਦੀ ਸ਼ੁਰੂਆਤ ਬਸੀ ਪਠਾਣਾ ਚ ਸਾਲ 2009 ਕੀਤੀ ਗਈ ਸੀ। ਟਰੱਸਟ ਦੇ ਬਾਨੀ ਸਵ. ਪ੍ਰੋ:ਹਰਦਰਸ਼ਨ ਸਿੰਘ ਮੇਜੀ ਦਾ ਸੁਪਨਾ ਸੀ ਕਿ ਇਸ ਹਾਕੀ ਨਰਸਰੀ ਦੇ ਖਿਡਾਰੀ ਭਾਰਤ ਦੀ ਹਾਕੀ ਟੀਮ ਦਾ ਹਿੱਸਾ ਬਨਣ। ਕਿਉਂਕਿ ਇਸ ਨਰਸਰੀ ਤੋਂ ਸਿਖਲਾਈ ਪ੍ਰਾਪਤ ਕਰ ਕੇ 106 ਤੋਂ ਵੱਧ ਖਿਡਾਰੀ ਭਾਰਤ ਦੀਆਂ ਨਾਮੀ ਹਾਕੀ ਅਕੈਡਮੀਆਂ ’ਚ ਖੇਡ ਰਹੇ ਹਨ।