ਹਰਜਿੰਦਰ ਦੁੱਗਾਂ
ਸੰਗਰੂਰ, 13 ਮਈ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਲਾਏ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ, ਅੱਜ ਉਸ ਦੇ ਅੰਦਰੂਨੀ ਹਾਲਾਤ ਇਹ ਹੋ ਚੁੱਕੇ ਹਨ ਕਿ ਉਸ ਦੇ ਦੋ ਦਰਜ਼ਨ ਦੇ ਕਰੀਬ ਵਿਧਾਇਕ ਆਪਣੀ ਸਰਕਾਰ ਤੋਂ ਦੁਖੀ ਹਨ ਅਤੇ ਉਹ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ। ਉਹ ਸੰਗਰੂਰ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਹੋਏ ਸਨ। ਸੋਢੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਹੁਣ ਉਹ ਲੱਥ ਚੁੱਕੇ ਹਨ। ‘ਆਪ’ ਸਰਕਾਰ ਆਪਣੀਆਂ ਆਪ ਹੁਦਰੀਆਂ ਕਾਰਨ ਪੰਜਾਬ ਦੇ ਲੋਕਾਂ ਵਿੱਚੋਂ ਹੀ ਨਹੀਂ ਸਗੋਂ ਆਪਣੇ ਵਿਧਾਇਕਾਂ ਦੇ ਮਨੋਂ ਵੀ ਲੱਥ ਰਹੀ ਹੈ। ਉਨਾਂ ਦਾਅਵਾ ਕੀਤਾ ਕਿ ‘ਆਪ’ ਦੇ 21 ਦੇ ਕਰੀਬ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ ਤੇ ਸਿੱਧੇ ਤੇ ਅਸਿੱਧੇ ਤੌਰ ’ਤੇ ਭਾਜਪਾ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਬਣਾ ਕੇ ਹੁਣ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 40 ਸਾਲ ਕਾਂਗਰਸ ਵਿੱਚ ਰਹੇ ਹਨ ਅਤੇ ਇਹ ਗੱਲ ਦਾਅਵੇ ਨਾਲ ਆਖ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨਾ ਪੰਜਾਬ ਅਤੇ ਪੰਜਾਬੀਆਂ ਵਾਸਤੇ ਸੁਹਿਰਦ ਹਨ, ਅੱਜ ਤੱਕ ਕੋਈ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਕੱਲੇ ਤੌਰ ’ਤੇ ਚੋਣ ਲੜੀ ਤੇ ਪਹਿਲਾਂ ਨਾਲੋਂ ਜ਼ਿਆਦਾ ਵੋਟ ਪ੍ਰਤੀਸ਼ਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਫ਼ਤਵਾ ਦਿੱਤਾ ਹੈ, ਉਹ ਭਾਜਪਾ ਦੇ ਨਹੀਂ ਸਗੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਹੈ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਭਾਜਪਾ ਪਹਿਲਾਂ ਨਾਲੋਂ ਵੀ ਮਜ਼ਬੂਤੀ ਨਾਲ ਲੜੇਗੀ। ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਭਾਜਪਾ ਆਪਣੇ ਤੌਰ ’ਤੇ ਕਮਲ ਦੇ ਚੋਣ ਨਿਸ਼ਾਨ ’ਤੇ ਲੜੇਗੀ।
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨ ਪੱਖੀ ਸਰਕਾਰ ਹੈ, ਪਰ ਇਸ ਸਰਕਾਰ ਦੇ ਸ਼ਾਸਨ ਵਿੱਚ ਵੀ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਰੱਤੀ ਭਰ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।
ਇਸ ਮੌਕੇ ਦਿਆਲ ਸਿੰਘ ਸੋਢੀ ਸੂਬਾਈ ਜਨਰਲ ਸਕੱਤਰ, ਸੁੱਚਾ ਰਾਮ ਲੱਧੜ, ਰਿਸ਼ੀ ਖੇੜਾ, ਜਤਿੰਦਰ ਕਾਲੜਾ, ਪਵਨ ਗਰਗ, ਯਾਦਵਿੰਦਰ ਸ਼ੰਟੀ ਜ਼ਿਲ੍ਹਾ ਪ੍ਰਧਾਨ ਭਾਜਪਾ ਬਰਨਾਲਾ, ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ, ਜਗਤ ਕਥੂਰੀਆ, ਪ੍ਰਦੀਪ ਗਰਗ, ਸਤਵੰਤ ਸਿੰਘ ਪੂਨੀਆ, ਅਮਨਦੀਪ ਸਿੰਘ ਪੂਨੀਆ, ਜਗਦੀਪ ਸਿੰਘ ਤੂਰ, ਡਾ: ਮੱਖਣ ਸਿੰਘ, ਅਮਨ ਗੁਰੂ, ਸ਼ੈਲੀ ਬਾਂਸਲ ਸੁਨਾਮ, ਮਾਸਟਰ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।