ਏਜੰਸੀਆਂ
ਨਵੀਂ ਦਿੱਲੀ, 13 ਮਈ : ਅਹਿਮਦਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭਾਰਤੀ ਹਵਾਈ ਫੌਜ ਦੇ ਦੋ ਸੇਵਾਮੁਕਤ ਤੇ ਇੱਕ ਮੌਜੂਦਾ ਅਧਿਕਾਰੀ ਨੂੰ 27 ਸਾਲ ਪਹਿਲਾਂ ਰਸੋਈਏ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜਾਮਨਗਰ ਦੇ ਏਅਰਫੋਰਸ ਸਟੇਸ਼ਨ ’ਤੇ ਰਸੋਈਏ ਗਿਰਿਜਾ ਰਾਵਤ ਨੂੰ ਨਵੰਬਰ 1995 ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ ਕਿਉਂਕਿ ਦੋਸ਼ੀਆਂ ਨੂੰ ਸ਼ੱਕ ਸੀ ਕਿ ਉਸ ਨੇ ਕੰਟੀਨ ਤੋਂ ਸ਼ਰਾਬ ਚੋਰੀ ਕੀਤੀ ਸੀ। ਦੋਸ਼ੀ ਅਧਿਕਾਰੀ ਅਨੂਪ ਸੂਦ ਉਦੋਂ ਜਾਮਨਗਰ ਵਿੱਚ ਏਅਰ ਫੋਰਸ-1 ਵਿੱਚ ਸਕੁਐਡਰਨ ਲੀਡਰ ਅਤੇ ਅਨਿਲ ਕੇਐੱਨ ਅਤੇ ਮਹਿੰਦਰ ਸਿੰਘ ਸ਼ੇਰਾਵਤ ਸਾਰਜੈਂਟ ਸਨ। ਸੂਦ ਗਰੁੱਪ ਕੈਪਟਨ ਵਜੋਂ ਸੇਵਾਮੁਕਤ ਹੋਇਆ ਹੈ। ਅਨਿਲ ਵੀ ਸੇਵਾਮੁਕਤ ਹੋ ਚੁੱਕਿਆ ਪਰ ਸ਼ੇਰਾਵਤ ਨੌਕਰੀ ’ਤੇ ਹੈ। ਸੀਬੀਆਈ ਨੇ ਰਾਵਤ ਦੀ ਪਤਨੀ ਦੀ ਪਟੀਸਨ ’ਤੇ ਗੁਜਰਾਤ ਹਾਈ ਕੋਰਟ ਦੇ ਹੁਕਮਾਂ ’ਤੇ 22 ਫਰਵਰੀ 2012 ਨੂੰ ਮਾਮਲੇ ਆਪਣੇ ਹੱਥਾਂ ਵਿੱਚ ਲਿਆ ਸੀ ਅਤੇ 30 ਜੁਲਾਈ 2013 ’ਚ ਦੋਸ਼ੀਆਂ ਖ਼ਿਲਾਫ਼ ਦੋਸ਼ ਪੱਤਰ ਅਦਾਲਤ ’ਚ ਦਾਖਲ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ ਤੇ ਇਕ ਦੋਸ਼ੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ।