ਏਜੰਸੀਆਂ
ਨਵੀਂ ਦਿੱਲੀ, 13 ਮਈ : ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ ਦੇ ਵਾਰਾਣਸੀ ’ਚ ਗਿਆਨਵਾਪੀ ਮਸਜਿਦ-ਸ਼ਰਿੰਗਾਰ ਗੌਰੀ ਅਹਾਤੇ ’ਚ ਸਰਵੇ ਦਾ ਕੰਮ ਰੋਕਣ ਦੀ ਮੰਗ ਕਰਦੀ ਅਰਜ਼ੀ ’ਤੇ ਸ਼ੁੱਕਰਵਾਰ ਨੂੰ ਤੁਰੰਤ ਕੋਈ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਚੀਫ ਜਸਟਿਸ ਐਨਵੀ ਰਮੰਨਾ ਦੀ ਅਗੁਵਾਈ ਵਾਲੀ ਬੈਂਚ ਨੇ ਕਿਹਾ, ‘‘ਸਾਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ। ਇਸ ਦੇ ਚਲਦਿਆਂ ਅਸੀਂ ਹੁਕਮ ਕਿਦਾਂ ਦੇ ਸਕਦੇ ਹਾਂ।’’ ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ, ‘‘ਸਬੰਧਤ ਦਸਤਾਵੇਜ਼ ਵੇਖਣ ਤੋਂ ਬਾਅਦ ਅਸੀਂ ਇਸ ਨੂੰ ਸੂੱਚੀਬੱਧ ਕਰਾਂਗੇ।’’
ਹੇਠਲੀ ਅਦਾਲਤ ਦੇ ਹੁਕਮ ’ਤੇ ਪਹਿਲਾਂ ਵਾਲੀ ਸਥਿਤੀ ਬਣਾਏ ਰੱਖਣ ਦੀ ਮੰਗ ਕਰ ਰਹੇ ਸੀਨੀਅਰ ਵਕੀਲ ਐਚ ਅਹਿਮਦੀ ਨੇ ਅਦਾਲਤ ਨੂੰ ਦੱਸਿਆ ਕਿ ਅੱਜ (13 ਮਈ) ਨੂੰ ਸਰਵੇ ਹੋ ਰਿਹਾ ਹੈ। ਇਸ ਮਾਮਲੇ ’ਤੇ ਤਤਕਾਲ ਸੁਣਵਾਈ ਕਰਨ ਦੀ ਜ਼ਰੂਰਤ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਉਹ ਅਜੇ ਕੋਈ ਹੁਕਮ ਜਾਰੀ ਨਹੀਂ ਕਰ ਸਕਦੇ। ਇਸ ਮਾਮਲੇ ਨੂੰ ਸੂੱਚੀਬੱਧ ਕੀਤਾ ਜਾਵੇਗਾ। ਅਹਿਮਦੀ ਨੇ ਇਸ ਦੌਰਾਨ ਇਸ ਮਾਮਲੇ ਨੂੰ ਅਤਿ ਜ਼ਰੂਰੀ ਦੱਸਿਆ ਸੀ ਅਤੇ ਤਤਕਾਲ ਸੁਣਵਾਈ ਕਰਦੇ ਹੋਏ ਸਰਵੇ ਨੂੰ ਰੋਕਣ ਦੀ ਗੁਹਾਰ ਲਗਾਈ ਸੀ।
ਅੰਜੁਮਨ-ਏ-ਇਨਾਜਾਨੀਆ ਵਾਰਾਣਸੀ ਦੀ ਪ੍ਰਬੰਧਕ ਕਮੇਟੀ ਨੇ ਸਰਵੇ ’ਤੇ ਤਤਕਾਲ ਰੋਕ ਲਗਾਉਣ ਦਾ ਹੁਕਮ ਦੇਣ ਦੀ ਮੰਗ ਸਬੰਧੀ ਇਕ ਪਟੀਸ਼ਨ ਦਾਇਰ ਕੀਤੀ ਸੀ। ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ’ਚ ਇਲਾਹਾਬਾਦ ਹਾਈ ਕੋਰਟ ਦੇ 21 ਅਪ੍ਰੈਲ ਦੇ ਹੁਕਮ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਦੇ ਖ਼ਿਲਾਫ਼ ਦਾਇਰ ਪਟੀਸ਼ਨ ਖ਼ਾਰਜ਼ ਕਰ ਦਿੱਤੀ ਸੀ। ਦੀਵਾਨੀ ਅਦਾਲਤ ਨੇ ਸਰਵੇ ਕਰਨ ਦਾ ਹੁਕਮ ਦਿੱਤਾ ਸੀ।
ਅਨੇਕਾਂ ਹਿੰਦੂਆਂ ਦਾ ਇਹ ਮੰਨਣਾ ਹੈ ਕਿ ਕਾਸ਼ੀ ਵਿਸ਼ਵਨਾਥ ਮੰਦਰ-ਗਿਆਨਵਾਪੀ ਮਸਜਿਦ ਅਹਾਤੇ ਦੇ ਅੰਦਰ ਮਾਂ ਸ਼ਿ੍ਰੰਗਾਰ ਗੌਰੀ ਮੰਦਰ ਹੈ। ਇਸ ਆਸਥਾ ਦੇ ਚਲਦਿਆਂ ਪੰਜ ਹਿੰਦੂ ਮਹਿਲਾਵਾਂ ਨੇ ਰੋਜ਼ਾਨਾ ਪੂਜਾ ਦੀ ਇਜਾਜ਼ਤ ਦੇਣ ਦੀ ਮੰਗ ਕਰਦਿਆਂ ਹੇਠਲੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ।
ਸਬੰਧਤ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਿਛਲੇ ਮਹੀਨੇ ਸਰਵੇ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਬੇਸਮੈਂਟ ਤੇ ਬੰਦ ਕਮਰਿਆਂ ਸਮੇਤ ਪੂਰੀ ਗਿਆਨਵਾਪੀ ਮਸਜਿਦ ’ਚ ਸਰਵੇ ਜਾਰੀ ਰਹੇਗਾ। ਮੁਸਲਮ ਪੱਖਾਂ ਨੇ ਸਰਵੇ ਕਰਨ ਦੇ ਹੁਕਮ ਦਾ ਵਿਰੋਧ ਕੀਤਾ ਸੀ।