- ਕਿਹਾ, ਕਾਂਗਰਸ ’ਚ ਫੌਰੀ ਸੁਧਾਰ ਜ਼ਰੂਰੀ
ਏਜੰਸੀਆਂ
ਉਦੈਪੁਰ, 13 ਮਈ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਤੇ ਦੋਸ ਲਾਇਆ ਕਿ ਉਨ੍ਹਾਂ ਦੀ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ (ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ) ਦਾ ਅਰਥ ਲਗਾਤਾਰ ਧਰੁਵੀਕਰਨ ਕਰਨਾ ਅਤੇ ਡਰ ਦਾ ਮਾਹੌਲ ਬਣਾਉਣਾ ਹੈ। ਉਨ੍ਹਾਂ ਨੇ ਕਾਂਗਰਸ ਦੇ ‘ਨਵਸੰਕਲਪ ਚਿੰਤਿਨ ਕੈਂਪ’ ਦੀ ਸ਼ੁਰੂਆਤ ਮੌਕੇ ਪਾਰਟੀ ’ਚ ਵੱਡੇ ਸੁਧਾਰ ਦੀ ਗੱਲ ਕੀਤੀ ਅਤੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਵੱਡੇ ਸਮੂਹਿਕ ਯਤਨਾਂ ਰਾਹੀਂ ਪਾਰਟੀ ’ਚ ਨਵੀਂ ਜਾਨ ਫੂਕਣ ਕਿਉਂਕਿ ਹੁਣ ਪਾਰਟੀ ਦਾ ਕਰਜ਼ਾ ਚੁਕਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਦਾ ਚਿੰਤਨ ਕੈਂਪ ਸ਼ੁਰੂ ਹੋਇਆ। ਸੋਨੀਆ ਗਾਂਧੀ ਨੇ ਕਿਹਾ, ਚਿੰਤਨ ਕੈਂਪ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਦੇਸ਼ ਦੇ ਸਾਹਮਣੇ ਖੜ੍ਹੀਆਂ ਉਨ੍ਹਾਂ ਚੁਣੌਤੀਆਂ ’ਤੇ ਚਰਚਾ ਕਰ ਸਕੀਏ ਜੋ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵੱਲੋਂ ਪੈਦਾ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਕੈਂਪ ’ਚ ਰਾਸ਼ਟਰੀ ਮੁੱਦਿਆਂ ਤੇ ਸੰਗਠਨ ’ਤੇ ‘ਠੋਸ ਚਿੰਤਨ’ ਹੋਵੇਗਾ। ਪ੍ਰਧਾਨ ਮੰਤਰੀ ’ਤੇ ਹਮਲਾ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦੀ ਗੱਲ ਕਰਨ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਲਗਾਤਾਰ ਧਰੁਵੀਕਰਨ ਅਤੇ ਡਰ ਦਾ ਮਾਹੌਲ ਬਣਾਉਣਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਘੱਟ ਗਿਣਤੀਆਂ ਨੂੰ ਡਰਾਉਣਾ ਹੈ, ਜਦਕਿ ਘੱਟ ਗਿਣਤੀਆਂ ’ਚ ਆਉਣ ਵਾਲੇ ਲੋਕ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ। ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਸਿਆਸੀ ਵਿਰੋਧੀਆਂ ਨੂੰ ਡਰਾਉਣਾ, ਉਨ੍ਹਾਂ ਨੂੰ ਬਦਨਾਮ ਕਰਨਾ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਜੇਲ੍ਹਾਂ ’ਚ ਡੱਕਣਾ।’’ ਸੋਨੀਆ ਗਾਂਧੀ ਮੁਤਾਬਕ ਭਾਜਪਾ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਕਿ ਇਤਿਹਾਸ ’ਤੇ ਮੁੜ ਵਿਚਾਰ ਕੀਤਾ ਜਾਵੇ, ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਘੱਟ ਕੀਤਾ ਜਾਵੇ ਅਤੇ ਮਹਾਤਮਾ ਗਾਂਧੀ ਦੇ ਕਾਤਲਾਂ ਦੀ ਵਡਿਆਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਤੋਂ ਸਮੇਂ-ਸਮੇਂ ’ਤੇ ਲਚਕੀਲੇਪਣ ਦੀ ਉਮੀਦ ਕੀਤੀ ਜਾਂਦੀ ਹੈ। ਇਕ ਵਾਰ ਸਾਡੇ ਤੋਂ ਆਸ ਕੀਤੀ ਜਾ ਰਹੀ ਹੈ ਕਿ ਅਸੀਂ ਆਪਣਾ ਸਮਰਥਨ ਅਤੇ ਹਿੰਮਤ ਦੀ ਭਾਵਨਾ ਦਾ ਪ੍ਰਮਾਣ ਦੇਈਏ।
ਕਾਂਗਰਸ ਦੇ ਚਿੰਤਨ ਕੈਂਪ ਵਿੱਚ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਕੈਂਪ ਵਿੱਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਪਰ ਮਜਬੂਤ ਪਾਰਟੀ ਅਤੇ ਏਕਤਾ ਦਾ ਸੁਨੇਹਾ ਦੇਸ਼ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਆਪਣੀਆਂ ਨਿੱਜੀ ਖਾਹਿਸਾਂ ਤੋਂ ਉੱਪਰ ਰੱਖਣਾ ਹੋਵੇਗਾ। ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਸਮਾਂ ਪਾਰਟੀ ਨੂੰ ਵਾਪਸ ਦੇਣ ਦਾ ਹੈ। ਸੰਗਠਨ ਵਿੱਚ ਬਦਲਾਅ ਸਮੇਂ ਦੀ ਮੰਗ ਹੈ, ਸਾਨੂੰ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ।