BREAKING NEWS
ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਦਾ ਦੇਹਾਂਤਮੁੱਖ ਮੰਤਰੀ 15 ਅਗਸਤ ਨੂੰ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਰੇਲਵੇ ਭਰਤੀ ਘਪਲਾ : ਸੀਬੀਆਈ ਵੱਲੋਂ ਲਾਲੂ ਯਾਦਵ ਦੇ 16 ਟਿਕਾਣਿਆਂ ’ਤੇ ਛਾਪੇਮਾਰੀਮਹਾਰਾਸ਼ਟਰ : ਟੈਂਕਰ ਤੇ ਟਰੱਕ ਵਿਚਾਲੇ ਟੱਕਰ ਤੋਂ ਬਾਅਦ ਲੱਗੀ ਅੱਗ, 9 ਜਣੇ ਜਿਊਂਦੇ ਸੜੇਪੰਜਾਬ ’ਚ ਅਗਲੇ ਦਿਨਾਂ ’ਚ ਬਾਰਿਸ਼ ਦੀ ਸੰਭਾਵਨਾਮਾਨਸੂਨ ਦੇ ਅਗਲੇ ਹਫ਼ਤੇ ਕੇਰਲ ਪਹੁੰਚਣ ਦੀ ਸੰਭਾਵਨਾਸੜਕ ਹਾਦਸੇ ’ਚ ਸਪੀਕਰ ਗਿਆਨ ਚੰਦ ਗੁਪਤਾ ਵਾਲ-ਵਾਲ ਬਚੇ, ਗੱਡੀ ਨੁਕਸਾਨੀਬਹਿਬਲ ਕਲਾਂ, ਬਰਗਾੜੀ ਗੋਲੀ ਕਾਂਡ ਤੇ ਬੇਅਦਬੀਆਂ ਨੂੰ ਲੈ ਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦਾ ਮੁੜ ਛਲਕਿਆ ਦਰਦਏਸ਼ੀਆ ਕੱਪ ਹਾਕੀ ਲਈ ਭਾਰਤੀ ਪੁਰਸ਼ ਟੀਮ ਜਕਾਰਤਾ ਰਵਾਨਾਆਮਰਪਾਲੀ ਲਈਅਰ ਵੈਲੀ ਖ਼ਿਲਾਫ਼ 230 ਕਰੋੜ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ

ਸੰਪਾਦਕੀ

ਪੈਟਰੋਲ-ਡੀਜ਼ਲ ’ਤੇ ਟੈਕਸਾਂ ’ਚ ਵੱਡੀ ਕਟੌਤੀ ਕਰਨ ਦਾ ਸਮਾਂ

May 14, 2022 11:50 AM

‘ਅੱਛੇ ਦਿਨ’ ਤਾਂ ਕੀ ਆਉਣੇ ਸਨ, ਉਹ ਤਾਂ ਸ਼ੁਰੂ ਤੋਂ ਹੀ ਪਤਾ ਸੀ, ਪਰ ਇਹ ਕਿਆਸ ਨਹੀਂ ਸੀ ਕਿ ਮੋਦੀ ਸਰਕਾਰ ਹੇਠ ਮਹਿੰਗਾਈ ਲੋਕਾਂ ਦਾ ਅਜਿਹਾ ਕੱਚੂਮਰ ਕੱਢੇਗੀ ਕਿ ਖਾਣ-ਪੀਣ ਦੀਆਂ ਵਸਤਾਂ ਹੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾਣਗੀਆਂ। ਪਿਛਲੇ ਵੀਰਵਾਰ, 12 ਮਈ ਨੂੰ, ਕੌਮੀ ਅੰਕੜਾ ਵਿਗਿਆਨਕ ਦਫ਼ਤਰ (ਐਨਐਸਓ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਨੇ ਵਧ ਚੁੱਕੀ ਮਹਿੰਗਾਈ ਦੇ ਅੰਕੜੇ ਜਾਰੀ ਕਰਕੇ ਮਹਿੰਗਾਈ ਦੀ ਅਸਲ ਹਾਲਤ ਸਾਹਮਣੇ ਲਿਆਂਦੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਮਹਿੰਗਾਈ ’ਤੇ ਨੱਥ ਰੱਖਣ ਦੀ ਜ਼ਿੰਮੇਵਾਰੀ ਰੱਖਦੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇਰ ਤੋਂ ਚੱਲੀ ਆ ਰਹੀ ਮਹਿੰਗਾਈ ਦੇ ਪ੍ਰਭਾਵ ਨੂੰ ਠੀਕ ਤਰ੍ਹਾਂ ਸਮਝਣ ’ਚ ਨਾਕਾਮ ਰਿਹਾ ਹੈ ਅਤੇ ਦੂਸਰੇ ਪਾਸੇ ਮੋਦੀ ਸਰਕਾਰ ਮਹਿੰਗਾਈ ਘਟਾਉਣ ਲਈ ਕੁੱਛ ਠੋਸ ਕਰਨ ਤੋਂ ਪਾਸੇ ਰਹੀ ਹੈ। ਸਰਕਾਰ ਦਾ ਇਹ ਵਤੀਰਾ ਲਗਾਤਾਰ ਜਾਰੀ ਹੈ। ਸਮੱਸਿਆ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਰਾਜਾਂ ਨੂੰ ਪੈਟਰੋਲ - ਡੀਜ਼ਲ ’ਤੇ ਆਪਣੇ ਟੈਕਸ ਘਟਾਉਣ ਦੀ ਨਸੀਹਤ ਦੇ ਚੁੱਕੇ ਹਨ ਪਰ ਆਪਣੇ ਪਾਸਿਓਂ ਪੱਲਾ ਝਾੜੀ ਬੈਠੇ ਹਨ। ਮਹਿੰਗਾਈ ਦੇ ਅੰਕੜਿਆਂ ਪੱਖੋਂ ਪ੍ਰਤੀਕਰਮ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦੀ ਮਹਿੰਗਾਈ, ਕਈ ਵਿਕਸਤ ਦੇਸ਼ਾਂ ਜਿੰਨੀ ਬੁਰੀ ਨਹੀਂ ਹੈ। ਮੰਤਰਾਲੇ ਵਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਕੌਮਾਂਤਰੀ ਮੰਡੀ ਦੀਆਂ ਕੀਮਤਾਂ ਅਤੇ ਕੌਮਾਂਤਰੀ ਹਾਲਤਾਂ ਦੁਆਰਾ ਮਹਿੰਗਾਈ ਹਾਲੇ ਬਣੀ ਰਹੇਗੀ। ਮਹਿੰਗਾਈ ਬਾਰੇ ਇਹ ਪ੍ਰਤੀਕਰਮ ਲੋਕਾਂ ਪ੍ਰਤੀ ਉਦਾਸੀਨ ਤੇ ਖਰਵਾ ਹੈ। ਮੰਡੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਲ ਮਹਿੰਗਾਈ ਹੇਠਾਂ ਆਉਣ ਵਾਲੀ ਨਹੀਂ।
ਅੱਜ ਭਾਰਤੀ ਖ਼ਪਤਕਾਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ 8.38 ਪ੍ਰਤੀਸ਼ਤ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਰੀ ਕੀਤੇ ਅੰਕੜੇ ਅਪਰੈਲ ਮਹੀਨੇ ਨਾਲ ਸੰਬੰਧਤ ਹਨ ਪਰ ਇਹ ਮਹਿੰਗਾਈ ਪਿਛਲੇ 8 ਸਾਲ ਦਾ ਰਿਕਾਰਡ ਤੋੜ ਚੁੱਕੀ ਹੈ। ਇਸ ਤੋਂ ਪਹਿਲਾਂ ਅਜਿਹੀ ਪਰਚੂਨ ਮਹਿੰਗਾਈ 2014 ਦੇ ਮਈ ਮਹੀਨੇ ਵਿੱਚ ਦੇਖਣ ਨੂੰ ਮਿਲੀ ਸੀ। ਇਸ ਸਾਲ ਦੇ ਮਾਰਚ ਮਹੀਨੇ ਵਿੱਚ ਮਹਿੰਗਾਈ , ਜੋ ਕਿ ਖ਼ਪਤਕਾਰ ਕੀਮਤ ਸੂਚਕ-ਅੰਕ ਰਾਹੀਂ ਮਾਪੀ ਗਈ ਹੈ, 6.95 ਪ੍ਰਤੀਸ਼ਤ ਸੀ। ਜਦੋਂ ਕਿ ਇਕ ਸਾਲ ਪਹਿਲਾਂ, 20211 ਦੇ ਮਈ ਮਹੀਨੇ ’ਚ ਮਹਿੰਗਾਈ 4.23 ਪ੍ਰਤੀਸ਼ਤ ਸੀ।
ਅਪਰੈਲ ’ਚ ਪਰਚੂਨ ਮਹਿੰਗਾਈ ਉਮੀਦ ਤੋਂ ਕਾਫੀ ਜ਼ਿਆਦਾ ਰਹੀ ਹੈ। ਇਸ ਦੇ 7 ਪ੍ਰਤੀਸ਼ਤ ਦੇ ਨੇੜੇ ਰਹਿਣ ਦੀ ਆਸ ਪ੍ਰਗਟਾਈ ਗਈ ਸੀ। ਪਰ ਖ਼ੁਰਾਕੀ ਵਸਤਾਂ ’ਚ ਮਹਿੰਗਾਈ ਦਰ ਬਹੁਤ ਜ਼ਿਆਦਾ ਹੈ। ਸਬਜ਼ੀਆਂ 15.41 ਪ੍ਰਤੀਸ਼ਤ ਅਤੇ ਖ਼ੁਰਾਕੀ ਤੇਲ 17.28 ਪ੍ਰਤੀਸ਼ਤ ਮਹਿੰਗੇ ਹੋਏ ਹਨ ਜਦੋਂਕਿ ਮਸਾਲੇ 10.56 ਪ੍ਰਤੀਸ਼ਤ ਅਤੇ ਟ੍ਰਾਂਸਪੋਰਟ 10.91 ਪ੍ਰਤੀਸ਼ਤ ਮਹਿੰਗੀ ਹੋਈ ਹੈ। ਖਾਣ-ਪੀਣ ਵਾਲੀਆਂ ਵਸਤਾਂ ਦਾ ਖ਼ਪਤਕਾਰ ਕੀਮਤ ਸੂਚਕ-ਅੰਕ ਵਿੱਚ ਹਿੱਸਾ 46 ਪ੍ਰਤੀਸ਼ਤ ਬਣਦਾ ਹੈ। ਲਗਾਤਾਰ ਚਾਰ ਮਹੀਨਿਆਂ ਤੋਂ ਪਰਚੂਨ ਮਹਿੰਗਾਈ ਦਰ 6 ਪ੍ਰਤੀਸ਼ਤ ਤੋਂ ਉਪਰ ਰਹੀ ਹੈ ਜਦੋਂਕਿ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਦਰ 4 ਪ੍ਰਤੀਸ਼ਤ ਤੱਕ ਰੱਖਣੀ ਹੁੰਦੀ ਹੈ ਪਰ 2 ਪ੍ਰਤੀਸ਼ਤ ਉਪਰ-ਥੱਲੇ ਦੀ ਗੁੰਜਾਇਸ਼ ਵੀ ਹੈ। ਉੱਚੀ ਮਹਿੰਗਾਈ ਦਰ ਖਾਣ-ਪੀਣ ਵਾਲੀਆਂ ਵਸਤਾਂ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਏ ਵਾਧੇ ਦਾ ਨਤੀਜਾ ਹੈ। ਇਸ ਨਾਲ ਥੋਕ ਦੀਆਂ ਕੀਮਤਾਂ ’ਚ ਵਾਧਾ ਹੋਣਾ ਤੈਅ ਹੈ।
ਇਹ ਵੀ ਤੈਅ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਕਰਜ਼ ਹੋਰ ਮਹਿੰਗਾ ਕਰਨਾ ਪਵੇਗਾ ਪਰ ਇਸ ਨਾਲ ਵੀ ਮਹਿੰਗਾਈ ਘਟਣ ਦੀ ਸੰਭਾਵਨਾ ਘੱਟ ਹੀ ਹੈ। ਮਹਿੰਗਾਈ ਤਦ ਹੀ ਘਟੇਗੀ ਜਦੋਂ ਕੇਂਦਰ ਦੀ ਮੋਦੀ ਸਰਕਾਰ ਪੈਟਰੋਲ-ਡੀਜ਼ਲ ’ਤੇ ਆਪਣੇ ਕਰਾਂ ’ਚ ਵੱਡੀਆਂ ਕਟੌਤੀਆਂ ਕਰੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ