- ਮੋਗਾ ਜ਼ਿਲ੍ਹਾ ਕਰੇਗਾ ਵੱਡੀ ਸ਼ਮੂਲੀਅਤ : ਕਾਲੜਾ, ਰਾਮਗੜ੍ਹ
ਜੀਤਾ ਸਿੰਘ ਨਾਰੰਗ
ਕੋਟ ਈਸੇ ਖਾਂ/13 ਮਈ : ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਾਰੀ ਲੁਕਾਈ ਘਰ ਅੰਦਰ ਬੰਦ ਹੋ ਕੇ ਰਹਿ ਗਈ ਸੀ ਪ੍ਰੰਤੂ ਇਕ ਡਿਪੂ ਹੋਲਡਰ ਹੀ ਸਨ ਜੋ ਕਿ ਇਸ ਭਿਆਨਕ ਦੌਰ ਵਿੱਚ ਵੀ ਆਪਣੀ ਜਾਨ ਨੂੰ ਤਲੀ ਤੇ ਰੱਖਦੇ ਹੋਏ ਕੇਂਦਰ ਵੱਲੋਂ ਆਏ ਰਾਸਨ ਨੂੰ ਲੋੜਵੰਦਾਂ ਵਿੱਚ ਘਰ ਘਰ ਜਾ ਕੇ ਵੰਡਣ ਲਈ ਰਤਾ ਵੀ ਸੰਕੋਚ ਨਹੀਂ ਕਰ ਰਹੇ ਸਨ ਭਾਵੇਂ ਇਸ ਦੌਰਾਨ ਉਨ੍ਹਾਂ ਦੇ ਪੰਜਾਬ ਵਿਚ ਕੋਈ ਡੇਢ ਤੋਂ ਦੋ ਦਰਜਨ ਦੇ ਕਰੀਬ ਡਿਪੂ ਹੋਲਡਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਸਨ। ਪ੍ਰੰਤੂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੇਂਦਰ ਵੱਲੋਂ ਰਾਸ਼ਨ ਵੰਡਣ ਸਬੰਧੀ ਆਈ ਕਰੋੜਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਡਿਪੂ ਹੋਲਡਰਾਂ ਦੇ ਖਾਤੇ ਵਿਚ ਨਹੀਂ ਪਾਈ ਗਈ ਜਦੋਂ ਕਿ ਹੋਰਨਾਂ ਮੰਗਾਂ ਦੇ ਨਾਲ ਨਾਲ ਇਸ ਸਬੰਧੀ ਪੰਜਾਬ ਸਰਕਾਰ ਨੂੰ ਕਈ ਵਾਰ ਸਮੇਂ ਸਮੇਂ ਤੇ ਗੁਹਾਰ ਵੀ ਲਗਾਈ ਜਾਂਦੀ ਰਹੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਮੋਗਾ ਦੇ ਡਿਪੂ ਹੋਲਡਰ ਦੇ ਪ੍ਰਧਾਨ ਨਿਰਮਲ ਸਿੰਘ ਕਾਲੜਾ, ਜ਼ਿਲ੍ਹਾ ਜਨਰਲ ਸਕੱਤਰ ਬਖਸ਼ੀਸ਼ ਸਿੰਘ ਰਾਮਗੜ੍ਹ ਅਤੇ ਜ਼ਿਲ੍ਹਾ ਵਿੱਤ ਸਕੱਤਰ ਦਲੇਰ ਮਾਲਵਾ ਵੱਲੋਂ ਸਾਂਝੇ ਤੌਰ ਤੇ ਪੱਤਰਕਾਰਾਂ ਕੋਲ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਸ ਵਕਤ ਡਿਪੂ ਹੋਲਡਰਾਂ ਦੇ ਸਬਰ ਦਾ ਪਿਆਲਾ ਪੂਰੀ ਤਰ੍ਹਾਂ ਭਰ ਚੁੱਕਾ ਹੈ ਕਿਉਂਕਿ ਉਨ੍ਹਾਂ ਦੀ ਅਜੇ ਤੱਕ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਹੁਣ ਥੱਕ ਹਾਰ ਕੇ ਸੂਬਾਈ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਭਰ ਦੇ ਡਿਪੂ ਹੋਲਡਰ ਇਸ ਮਹੀਨੇ ਦੀ ਸੋਲਾਂ ਤਰੀਕ ਨੂੰ ਚੰਡੀਗਡ੍ਹ ਵਿਖੇ ਇਕ ਸੂਬਾ ਪੱਧਰ ਦਾ ਰੋਸ ਧਰਨਾ ਦੇਣਗੇ ਜਿਸ ਵਿੱਚ ਜ਼ਿਲ੍ਹਾ ਮੋਗਾ ਦੇ ਡਿਪੂ ਹੋਲਡਰ ਵੀ ਵੱਡੀ ਪੱਧਰ ਤੇ ਆਪਣੀ ਹਾਜ਼ਰੀ ਲਵਾਉਣਗੇ। ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਸੋਹੀ, ਹਰਿੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਤੇਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਗੁਰਦੇਵ ਸਿੰਘ ਖੁਰਾਣਾ, ਮਨਪ੍ਰੀਤ ਸਿੰਘ, ਰਾਕੇਸ਼ ਕੁਮਾਰ ਸ਼ੈਦ ਮੁਹੰਮਦ, ਟੀਟੂ, ਜਨਕ ਰਾਜ ਫਤਿਹਗੜ੍ਹ ਪੰਜਤੂਰ ਆਦਿ ਵੀ ਹਾਜ਼ਰ ਸਨ।