ਸ੍ਰੀ ਫ਼ਤਹਿਗੜ੍ਹ ਸਾਹਿਬ/ 14 ਮਈ (ਰਵਿੰਦਰ ਸਿੰਘ ਢੀਂਡਸਾ) : ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨਥਰੋਪਾਲੋਜੀ ਵਿਭਾਗ ਦੇ ਐਵੋਲਿਊਸ਼ਨ ਆਫ਼ ਮੈਨ ਮਿਊਜ਼ੀਅਮ ਅਤੇ ਜਿਓਲੋਜੀ ਮਿਊਜ਼ੀਅਮ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਵਹਾਰਕ ਸਿੱਖਿਆ ਪ੍ਰਦਾਨ ਕਰਨ ਲਈ ਅਜਿਹੇ ਵਿਦਿਅਕ ਦੌਰੇ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ੂਆਲੋਜੀ ਵਿਭਾਗ ਦੇ ਮੁਖੀ ਪ੍ਰੋ. ਪਰਦੀਪ ਕੌਰ ਸੰਧੂ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਅਰਬਾਂ ਸਾਲ ਪਹਿਲਾਂ ਧਰਤੀ 'ਤੇ ਮੌਜੂਦ ਚੱਟਾਨਾਂ ਅਤੇ ਜੀਵਾਸ਼ਮਾਂ ਨੂੰ ਦੇਖਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਫਾਸਿਲਾਂ ਦਾ ਵੀ ਨਿਰੀਖਣ ਕੀਤਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਨ੍ਹਾਂ ਅਜਾਇਬ ਘਰਾਂ ਦੇ ਦੌਰੇ ਦੌਰਾਨ ਇਹ ਵੀ ਪਤਾ ਚੱਲਿਆ ਕਿ ਧਰਤੀ ਉੱਤੇ ਸਮੇਂ ਦੇ ਨਾਲ ਮਨੁੱਖ ਦੀ ਉਤਪੱਤੀ ਅਤੇ ਵਿਕਾਸ ਕਿਵੇਂ ਹੋਇਆ ਹੈ, ਉਨ੍ਹਾਂ ਨੇ ਕਿਵੇਂ ਸਾਧਨਾਂ ਦੀ ਵਰਤੋਂ ਸਿੱਖੀ ਅਤੇ ਉਹ ਕਿਵੇਂ ਸਮਾਜਿਕ ਤਬਦੀਲੀਆਂ ਵਿੱਚੋਂ ਗੁਜ਼ਰੇ। ਇਸ ਮੌਕੇ ਜ਼ੂਆਲੋਜੀ ਵਿਭਾਗ ਦੇ ਡਾ. ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।