- ਪਹਿਲੀ ਵਾਰ ‘ਥਾਮਸ ਕੱਪ’ ਜਿੱਤਿਆ
- 14 ਵਾਰ ਦੀ ਜੇਤੂ ਟੀਮ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ
ਏਜੰਸੀਆਂ
ਬੈਂਕਾਕ/15 ਮਈ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 73 ਸਾਲਾਂ ’ਚ ਪਹਿਲੀ ਵਾਰ ਥਾਮਸ ਕੱਪ ਆਪਣੇ ਨਾਂ ਕੀਤਾ ਹੈ। ਭਾਰਤ ਨੇ ਇੰਡੋਨੇਸ਼ੀਆਈ ਟੀਮ ਨੂੰ 3-0 ਨਾਲ ਮਾਤ ਦਿੱਤੀ।
ਭਾਰਤ ਇਸ ਟੂਰਨਾਮੈਂਟ ’ਚ ਪਹਿਲੀ ਵਾਰ ਫਾਇਨਲ ਖੇਡ ਰਿਹਾ ਸੀ। ਪੰਜ ਮੁਕਾਬਲਿਆਂ ਦੀ ਇਸ ਖ਼ਿਤਾਬੀ ਜੰਗ ’ਚ ਭਾਰਤ ਨੇ ਲਗਾਤਾਰ ਤਿੰਨ ਜਿੱਤਾਂ ਹਾਸਲ ਕੀਤੀਆਂ। ਇਨ੍ਹਾਂ ’ਚ ਦੋ ਸਿੰਗਲਜ਼ ਅਤੇ ਇੱਕ ਡਬਲਜ਼ ਸ਼ਾਮਲ ਹੈ। ਇਸ ਜਿੱਤ ਤੋਂ ਬਾਅਦ ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਟੀਮ ਲਈ ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਇਹ ਪਹਿਲਾ ਮੌਕਾ ਹੈ, ਜਦੋਂ ਖੇਡ ਮੰਤਰਾਲੇ ਨੇ ਓਲੰਪਿਕ, ਏਸ਼ੀਅਨ ਅਤੇ ਕਾਮਨਵੇਲਥ ਖੇਡਾਂ ਤੋਂ ਇਲਾਵਾ ਕੋਈ ਬੈਡਮਿੰਟਨ ਟੂਰਨਾਮੈਂਟ ’ਚ ਜਿੱਤਣ ’ਤੇ ਇਨਾਮ ਐਲਾਨਿਆ ਹੈ।
ਦੱਸਣਾ ਬਣਦਾ ਹੈ ਕਿ ਪਹਿਲੇ ਮੈਚ ਵਿੱਚ ਲਕਸਯ ਸੇਨ ਨੇ ਐਂਥਨੀ ਸਿਨਿਸੁਕਾ ਨੂੰ 8-21, 21-17, 21-16 ਨਾਲ ਹਰਾਇਆ। ਦੂਜੇ ਮੈਚ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸੈਟੀ ਦੀ ਡਬਲਜ਼ ਜੋੜੀ ਨੇ 18-21, 23-21, 21-19 ਨਾਲ ਜਿੱਤ ਦਰਜ ਕੀਤੀ।
ਤੀਜਾ ਮੈਚ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਅਤੇ ਜੋਨਾਥਨ ਕ੍ਰਿਸਟੀ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਕਿਦਾਂਬੀ ਨੇ ਕ੍ਰਿਸਟੀ ਨੂੰ 21-15, 23-21 ਨਾਲ ਹਰਾਇਆ। ਟੀਮ ਇੰਡੀਆ ਨੇ ਮਲੇਸੀਆ ਅਤੇ ਡੈਨਮਾਰਕ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ।
ਭਾਰਤੀ ਜੋੜੀ ਨੇ ਇਹ ਮੁਕਾਬਲਾ ਇੱਕ ਘੰਟੇ 13 ਮਿੰਟ ’ਚ 18-21, 23-21, 21-19 ਨਾਲ ਜਿੱਤਿਆ। ਭਾਰਤੀ ਜੋੜੀ ਨੇ ਫੈਸਲਾਕੁੰਨ ਪਲਾਂ ’ਚ ਸਬਰ ਤੇ ਸੰਜ਼ਮ ਦਿਖਾਇਆ ਤੇ ਜ਼ਰੂਰੀ ਅੰਕ ਹਾਸਲ ਕੀਤੇ।
ਉਧਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਖਿਡਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਇਤਿਹਾਸਕ ਜਿੱਤ ’ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।