ਏਜੰਸੀਆਂ
ਇਸਲਾਮਾਬਾਦ/15 ਮਈ : ਪਾਕਿਸਤਾਨ ਦੇ ਅਸਾਂਤ ਖੈਬਰ ਪਖਤੂਨਖਵਾ ਖੇਤਰ ਦੇ ਉਪਨਗਰੀ ਇਲਾਕੇ ਸਰਬੰਦ ਇਲਾਕੇ ’ਚ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਦੋ ਵਿਅਕਤੀ ਸਰਬੰਦ ਦੇ ਬਾਟਾ ਤਾਲ ਬਾਜ਼ਾਰ ਵਿੱਚ ਮਸਾਲੇ ਵੇਚਣ ਵਾਲੇ ਦੁਕਾਨਦਾਰ ਸਨ। ਪੀੜਤਾਂ ਦੀ ਪਛਾਣ ਸੁਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਵਜੋਂ ਹੋਈ ਹੈ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਹਮਲੇ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਪੇਸ਼ਾਵਰ ਵਿੱਚ ਲਗਭਗ 15,000 ਸਿੱਖ ਰਹਿੰਦੇ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬਾਈ ਰਾਜਧਾਨੀ ਦੇ ਜੋਗਨ ਸ਼ਾਹ ਇਲਾਕੇ ਵਿੱਚ ਹਨ। ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਕਾਰੋਬਾਰ ਨਾਲ ਸਬੰਧਤ ਹਨ, ਜਦਕਿ ਕੁਝ ਫਾਰਮੇਸੀਆਂ ਵੀ ਚਲਾਉਂਦੇ ਹਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਇਸ ਘਟਨਾ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਪਿਛਲੇ ਸਾਲ ਸਤੰਬਰ ਵਿੱਚ ਇੱਕ ਮਸ਼ਹੂਰ ਸਿੱਖ ‘ਹਕੀਮ’ (ਯੂਨਾਨੀ ਦਵਾਈ ਪ੍ਰੈਕਟੀਸ਼ਨਰ) ਨੂੰ ਪੇਸ਼ਾਵਰ ਵਿੱਚ ਉਸਦੇ ਕਲੀਨਿਕ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ।