BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸੰਪਾਦਕੀ

ਲੋੜੀਂਦੀ ਖ਼ੁਰਾਕ ਤੋਂ ਔਰਤਾਂ ਤੇ ਬੱਚਿਆਂ ਦਾ ਵਾਂਝੇ ਰਹਿਣਾ ਚਿੰਤਾਜਨਕ

May 16, 2022 11:50 AM

ਕੌਮੀ ਪਰਿਵਾਰ ਸਿਹਤ ਸਰਵੇਖਣ-5 ਦੁਆਰਾ ਹਾਸਲ ਕੀਤੇ ਗਏ ਤੱਥਾਂ ਬਾਰੇ ਪਿਛਲੇ ਕੁਝ ਦਿਨਾਂ ਤੋਂ ਰਿਪੋਰਟਾਂ ਛਾਪੀਆਂ ਜਾ ਰਹੀਆਂ ਹਨ। ਜੋ ਕੁਝ ਸਾਹਮਣੇ ਆ ਰਿਹਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਕੌਮੀ ਪਰਿਵਾਰ ਸਿਹਤ ਸਰਵੇਖਣ-4, ਜੋ ਕਿ 2015-16 ਦੌਰਾਨ ਕੀਤਾ ਗਿਆ ਸੀ, ਦੁਆਰਾ ਭਾਰਤੀ ਆਬਾਦੀ, ਖਾਸ ਕਰ ਔਰਤਾਂ ਅਤੇ ਬੱਚਿਆਂ, ਦੀ ਸਿਹਤ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਸੀ, ਉਸ ਦੇ ਮੁਕਾਬਲੇ ਕੌਮੀ ਪਰਿਵਾਰ ਸਿਹਤ ਸਰਵੇਖਣ-5 ’ਚ ਸਾਹਮਣੇ ਆਈ ਜਾਣਕਾਰੀ ਵਿਗੜੇ ਹਾਲਾਤ ਦੀ ਹੀ ਦੱਸ ਪਾਉਂਦੀ ਹੈ। ਬੇਸ਼ੱਕ ਸਰਕਾਰ ਕੁੱਛ ਵੀ ਦਾਅਵੇ ਕਰਦੀ ਰਹੇ ਪਰ ਇਹ ਸਾਹਮਣੇ ਆਇਆ ਹੈ ਕਿ ਔਰਤਾਂ, ਬੱਚਿਆਂ ਅਤੇ ਨਵਜਨਮੇ ਬੱਚਿਆਂ ਦੀ ਸਿਹਤ ਅਤੇ ਖ਼ੁਰਾਕ ਪੱਖੋਂ ਹਾਲਤ ਚਿੰਤਾਜਨਕ ਹੈ। ਇਸ ’ਚ ਸੰਦੇਹ ਨਹੀਂ ਕਿ ਅੱਜ ਦੇ ਬਾਲਾਂ ਨੇ ਹੀ ਕੱਲ੍ਹ ਨੂੰ ਭਾਰਤ ਦਾ ਭਵਿੱਖ ਬਣਨਾ ਹੈ। ਪਰ ਨਵਜਨਮੇ ਬੱਚਿਆਂ ਦੀ ਸਿਹਤ ਬਾਰੇ ਕੌਮੀ ਪਰਿਵਾਰ ਸਿਹਤ ਸਰਵੇਖਣ-5 ਨੇ ਡਰਾਉਣੇ ਤੱਥ ਸਾਹਮਣੇ ਲਿਆਂਦੇ ਹਨ।
ਸਰਵੇਖਣ ਦੀ ਰਿਪੋਰਟ ਅਨੁਸਾਰ 6 ਤੋਂ 59 ਮਹੀਨਿਆਂ ਦੇ ਕੁੱਲ ਬੱਚਿਆਂ ਵਿੱਚੋਂ 66 ਪ੍ਰਤੀਸ਼ਤ ਬੱਚੇ ਖ਼ੂਨ ਦੀ ਕਮੀ ਦੇ ਸ਼ਿਕਾਰ ਹਨ। ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ 2015-16 ਵਿੱਚ ਹੋਏ ਪਰਿਵਾਰ ਸਿਹਤ ਸਰਵੇਖਣ-4 ਵਿੱਚ ਇਸੇ ਉਮਰ ਵਰਗ ਦੇ ਕੁੱਲ ਬੱਚਿਆਂ ਵਿੱਚੋਂ 58.6 ਪ੍ਰਤੀਸ਼ਤ ਬੱਚੇ ਖ਼ੂਨ ਦੀ ਕਮੀ ਦਾ ਸ਼ਿਕਾਰ ਸਨ। ਇਸ ਸਰਵੇਖਣ ਨੇ ਸਾਹਮਣੇ ਲਿਆਂਦਾ ਹੈ ਕਿ 5 ਸਾਲ ਦੀ ਉਮਰ ਤੋਂ ਹੇਠਾਂ ਦੇ ਬੱਚੇ ਹੀ ਨਹੀਂ ਸਗੋਂ ਅੱਲ੍ਹੜ ਉਮਰ ਦੀਆਂ ਕੁੜੀਆਂ ਤੇ ਮੁੰਡੇ ਅਤੇ ਗਰਭਵਤੀ ਔਰਤਾਂ ਵੀ ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਬਾਲਗ਼ ਔਰਤਾਂ ਵਿੱਚੋਂ 57 ਪ੍ਰਤੀਸ਼ਤ ਔਰਤਾਂ ਅਤੇ ਬਾਲਗ ਆਦਮੀਆਂ ਵਿੱਚੋਂ 25 ਪ੍ਰਤੀਸ਼ਤ ਆਦਮੀ (15 ਤੋਂ 49 ਸਾਲ ਉਮਰ ਵਰਗ) ਖ਼ੂਨ ਦੀ ਕਮੀ ਦਾ ਸ਼ਿਕਾਰ ਹਨ। ਪਿਛਲੇ 2015-16 ਦੇ ਸਰਵੇਖਣ ਦੇ ਮੁਕਾਬਲੇ ਇਸ ਸਰਵੇਖਣ ਵਿੱਚ ਖ਼ੂਨ ਦੀ ਕਮੀ ਦਾ ਸ਼ਿਕਾਰ ਔਰਤਾਂ ਵਿੱਚ 4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ 2 ਪ੍ਰਤੀਸ਼ਤ ਹੋਰ ਆਦਮੀਆਂ ਵਿੱਚ ਵੀ ਖ਼ੂਨ ਦੀ ਕਮੀ ਪਾਈ ਗਈ ਹੈ। ਸਰਕਾਰ ਨੇ ਹਰੇਕ ਸਾਲ ਖ਼ੂਨ ਦੀ ਕਮੀ ਵਾਲੀ ਆਬਾਦੀ 3 ਪ੍ਰਤੀਸ਼ਤ ਘਟਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਆਬਾਦੀ ਦੇ ਵੱਖ - ਵੱਖ ਉਮਰ ਵਰਗਾਂ ’ਚ ਖ਼ੂਨ ਦੀ ਕਮੀ ਇੱਕ ਗੰਭੀਰ ਮਸਲਾ ਹੈ, ਜੋ ਡਾਕਟਰਾਂ ਅਨੁਸਾਰ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਬੱਚਿਆਂ ’ਚ ਖ਼ੂਨ ਦੀ ਕਮੀ ਉਨ੍ਹਾਂ ਦੀ ਆਮ ਸਮਝ ਨੂੰ ਘਟਾ ਸਕਦੀ ਹੈ, ਬੱਚੇ ਕੱਦ ਕੱਢਣ ਤੋਂ ਰੁਕ ਸਕਦੇ ਹਨ ਅਤੇ ਲਾਗ ਦੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਸਕਦੇ ਹਨ।
ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹੋਰ ਵੀ ਛੋਟੀ ਉਮਰ (6 ਤੋਂ 23 ਮਹੀਨੇ ਦੇ ਉਮਰ ਵਰਗ) ਦੇ 89 ਪ੍ਰਤੀਸ਼ਤ ਬੱਚਿਆਂ ਨੂੰ ਘੱਟੋ ਘੱਟ ਲੋੜੀਂਦੀ ਖ਼ੁਰਾਕ ਨਹੀਂ ਮਿਲ ਰਹੀ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ ਨੇ ਦੁੱਧ ਚੁੰਗਣ ਵਾਲੇ ਬੱਚਿਆਂ ਅਤੇ ਦੂਸਰੇ ਦੁੱਧ ਨਾ ਚੁੰਗਣ ਵਾਲੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਖ਼ੁਰਾਕ ਦਾ ਜਾਇਜ਼ਾ ਲਿਆ ਹੈ। ਇਸ ਵਿੱਚ ਪਾਇਆ ਗਿਆ ਹੈ ਕਿ 88.9 ਪ੍ਰਤੀਸ਼ਤ ਦੁੱਧ ਚੁੰਗਣ ਵਾਲੇ 2 ਸਾਲ ਦੀ ਉਮਰ ਤੋਂ ਹੇਠਲੇ ਬੱਚਿਆਂ ਨੂੰ ਲੋੜੀਂਦੀ ਖ਼ੁਰਾਕ ਨਹੀਂ ਮਿਲ ਰਹੀ ਹੈ। ਪਿਛਲੇ ਸਰਵੇਖਣ ’ਚ ਇਹ ਗਿਣਤੀ 91.3 ਪ੍ਰਤੀਸ਼ਤ ਸੀ ਪਰ ਦੁੱਧ ਨਾ ਚੁੰਗਣ ਵਾਲੇ ਲੋੜੀਂਦੀ ਖੁਰਾਕ ਤੋਂ ਵਿਰਵੇ ਬੱਚਿਆਂ ਦੀ ਪ੍ਰਤੀਸ਼ਤਤਾ 87.3 ਪ੍ਰਤੀਸ਼ਤ ਹੋ ਗਈ ਹੈ ਜੋ ਕਿ ਪਿਛਲੇ 2015-16 ਦੇ ਸਰਵੇਖਣ ’ਚ 85.7 ਪ੍ਰਤੀਸ਼ਤ ਸੀ।
ਭਾਰਤ ਵਿੱਚ ਗਰਭਵਤੀ ਔਰਤਾਂ ਦਾ ਖ਼ੂਨ ਦੀ ਕਮੀ ਦਾ ਸ਼ਿਕਾਰ ਹੋਣਾ ਅਤੇ ਵਧਣ-ਫੁੱਲਣ ਦੀ ਉਮਰ ਵਿੱਚ ਭਾਰਤੀ ਬੱਚਿਆਂ ਨੂੰ ਲੋੜੀਂਦੀ ਖ਼ੁਰਾਕ ਦਾ ਨਾ ਮਿਲਣਾ ਦਰਸਾਉਂਦਾ ਹੈ ਕਿ ਜੇ ਕਰ ਸਰਕਾਰ ਨੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਖੁੱਲ੍ਹ-ਦਿਲੀ ਨਾਲ ਸਿਹਤ ਸਹੂਲਤਾਂ ’ਤੇ ਖ਼ਰਚਾ ਨਾ ਵਧਾਇਆ ਤਾਂ ਆਉਣ ਵਾਲੀ ਨਸਲ ਮਾੜੀ ਸਿਹਤ ਦਾ ਸ਼ਿਕਾਰ ਹੋ ਸਕਦੀ ਹੈ। ਦੇਸ਼ ਦੇ ਭਵਿੱਖ ਲਈ ਇਹ ਖ਼ਬਰ ਅੱਛੀ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ