ਏਜੰਸੀਆਂ
ਨਵੀਂ ਦਿੱਲੀ/16 ਮਈ : ਇੱਥੇ ਅੱਜ ਸਵੇਰ ਤੋਂ ਹੀ ਗਰਮੀ ਦਾ ਕਹਿਰ ਜਾਰੀ ਹੈ। ਇੱਥੋਂ ਦੇ ਕਈ ਇਲਾਕਿਆਂ ਤੇ ਉਤਰ ਪ੍ਰਦੇਸ਼ ਵਿਚ ਤਾਪਮਾਨ 49 ਡਿਗਰੀ ਤੋਂ ਉਤੇ ਪੁੱਜ ਗਿਆ ਹੈ, ਜਦਕਿ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਸੋਮਵਾਰ ਨੂੰ ਹਨ੍ਹੇਰੀ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕੇਰਲਾ ਤੇ ਪੰਜ ਹੋਰ ਜ਼ਿਲ੍ਹਿਆ ਵਿਚ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਸਫਦਰਜੰਗ ਖੇਤਰ ਵਿਚ ਤਾਪਮਾਨ 45.6 ਡਿਗਰੀ, ਜਦਕਿ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਖੇਤਰ ਵਿਚ ਕ੍ਰਮਵਾਰ 49.2 ਤੇ 49.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ਵਿੱਚ ਅੱਜ ਤੱਕ ਇੰਨਾ ਤਾਪਮਾਨ ਕਦੇ ਦਰਜ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅੱਜ ਦਿੱਲੀ-ਐਨਸੀਆਰ ਵਿੱਚ ਬੱਦਲ ਛਾਏ ਰਹਿਣਗੇ। ਇੱਕ ਧੂੜ ਤੂਫਾਨ ਹੋ ਸਕਦਾ ਹੈ। ਇਸ ਕਾਰਨ ਤਾਪਮਾਨ ਥੋੜਾ ਘੱਟਣ ਦੀ ਸੰਭਾਵਨਾ ਹੈ। ਪਰ 18 ਮਈ ਤੋਂ ਬਾਅਦ ਗਰਮੀ ਦਾ ਅਸਰ ਇਕ ਵਾਰ ਫਿਰ ਵਧੇਗਾ।
ਮੌਸਮ ਵਿਭਾਗ ਦੇ ਅਨੁਸਾਰ ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਜ਼ਿਆਦਾਤਰ ਹਿੱਸਿਆਂ ਵਿਚ ਧੂੜ ਭਰੀ ਹਨ੍ਹੇਰੀ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ ਵਿੱਚ ਧੂੜ ਭਰੀ ਹਨੇਰੀ ਆਵੇਗੀ। ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿੱਚ ਗਰਮੀ ਜਾਰੀ ਰਹੇਗੀ। ਵਿਦਰਭ, ਉੱਤਰੀ ਮੱਧ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀ ਗਰਮੀ ਦੀ ਲਹਿਰ ਜਾਰੀ ਰਹੇਗੀ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਰਾਜਧਾਨੀ ’ਚ ਬੱਦਲ ਛਾਏ ਰਹਿਣਗੇ। ਇਨ੍ਹਾਂ ਕਾਰਨ ਧੂੜ ਭਰੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ। ਪਰ ਇਹ ਰਾਹਤ ਜ਼ਿਆਦਾ ਦੇਰ ਨਹੀਂ ਚੱਲੇਗੀ। 18 ਮਈ ਤੋਂ ਤਾਪਮਾਨ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ ਅਤੇ 19 ਅਤੇ 20 ਮਈ ਦੇ ਆਸ-ਪਾਸ ਇਹ 44 ਤੋਂ 45 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਤੋਂ ਬਾਅਦ 21 ਮਈ ਤੋਂ ਇਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਿਆ ਜਾ ਸਕਦਾ ਹੈ ਅਤੇ ਤਾਪਮਾਨ 41 ਡਿਗਰੀ ਤੱਕ ਘੱਟ ਸਕਦਾ ਹੈ।
ਹਿਮਾਚਲ ਪ੍ਰਦੇਸ ਦੇ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਸਿੱਕਮ, ਪੱਛਮੀ ਬੰਗਾਲ, ਅੰਦਰੂਨੀ ਤਾਮਿਲਨਾਡੂ ਅਤੇ ਲਕਸਦੀਪ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਬਿਹਾਰ, ਛੱਤੀਸਗੜ੍ਹ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੜੀਸਾ, ਦੱਖਣੀ ਮੱਧ ਮਹਾਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਹਿਮਾਲੀਅਨ ਖੇਤਰ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।