- ਹਿਮਾਚਲ ’ਚ ਮੀਂਹ ਨਾਲ ਗਰਮੀ ਤੋਂ ਰਾਹਤ
ਦਸਬ/ਏਜੰਸੀਆਂ
ਚੰਡੀਗੜ੍ਹ/ਹਿਮਾਚਲ/16 ਮਈ : ਪੰਜਾਬ ਵਿਚ ਪਿਛਲੇ ਦੋ ਤਿੰਨ ਦਿਨਾਂ ਤੋਂ ਤਿੱਖ਼ੀ ਗਰਮੀ ਪੈਣ ਕਾਰਨ ਲੋਕ ਬੇਹਾਲ ਹੋ ਗਏ ਹਨ। ਇੱਥੇ ਗਰਮੀ ਨੇ ਪਿਛਲੇ ਅੱਠ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿਚ ਸੋਮਵਾਰ ਨੂੰ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ, ਜਦਕਿ ਲੁਧਿਆਣਾ ਵਿਚ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਅੱਠ ਡਿਗਰੀ ਵੱਧ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ, ਪਰ ਇਹ ਰਾਹਤ ਅਸਥਾਈ ਹੋਵੇਗੀ। ਇਸ ਤੋਂ ਬਾਅਦ ਮੁੜ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ 31 ਮਈ ਤੱਕ ਗਰਮੀ ਹੋਰ ਵਧੇਗੀ।
ਉਧਰ ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਕਈ ਥਾਈਂ ਮੀਂਹ ਪੈਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਸ਼ਿਮਲਾ ਵਿਚ ਸੋਮਵਾਰ ਨੂੰ ਭਰਵਾਂ ਮੀਂਹ ਪਿਆ, ਜਿਸ ਕਾਰਨ ਸੈਲਾਨੀਆਂ ਨੇ ਮਾਲ ਰੋਡ ’ਤੇ ਮੀਂਹ ਤੇ ਠੰਢੇ ਮੌਸਮ ਦਾ ਆਨੰਦ ਮਾਣਿਆ।
ਦੂਜੇ ਪਾਸੇ ਮੌਨਸੂਨ ਬੰਗਾਲ ਦੀ ਖਾੜੀ ਵਿਚ ਪੁੱਜ ਗਿਆ ਹੈ, ਜਿਸ ਦਾ ਅਸਰ ਨੇੜਲੇ ਖੇਤਰਾਂ ਵਿਚ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅੰਡੇਮਾਨ ਨਿਕੋਬਾਰ ਵਿਚ ਵੀ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ।
ਭਾਰਤੀ ਮੌਸਮ ਵਿਭਾਗ ਨੇ ਇਸੀ ਹਫਤੇ ਮੇਘਾਲਿਆ, ਉਤਰਾਖੰਡ ਤੇ ਅਸਾਮ ਵਿਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।