ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ/16 ਮਈ : ਨਸ਼ੇ ਦਾ ਕਹਿਰ ਜਿਵੇਂ-ਜਿਵੇਂ ਵੱਧਦਾ ਦਾ ਰਿਹਾ ਹੈ, ਉਵੇਂ-ਉਵੇਂ ਨਸ਼ਾ ਕਈ ਘਰਾਂ ਦੇ ਚਿਰਾਗਾਂ ਨੂੰ ਬੁਝਾਉਂਦਾ ਜਾ ਰਿਹਾ ਹੈ। ਬੀਤੇ ਦਿਨ ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ 2 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਮਜੀਠਾ ਦੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਅਣਪਛਾਤੇ ਉੱਤੇ ਮਾਮਲਾ ਦਰਜ ਕੀਤਾ ਹੈ। ਮਰਨ ਵਾਲੇ ਦੀ ਪਛਾਣ ਸਿਮਰਜੀਤ ਸਿੰਘ ਨਿਵਾਸੀ ਖਾਸਾ ਪੱਤੀ, ਮਜੀਠਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਿਮਰਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਈ ਹੈ ਅਤੇ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਸ਼ਾ ਕਰਨ ਲਈ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਇਕ ਹੋਰ ਨੌਜਵਾਨ ਦੀ ਮੌਤ ਨੂੰ ਲੈ ਕੇ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਹੈ। ਮਰਨ ਵਾਲੇ ਦੀ ਪਛਾਣ ਤਰਸੇਮ ਸਿੰਘ ਨਿਵਾਸੀ ਪਿੰਡ ਬਾਬੋਵਾਲ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਤਰਸੇਮ ਦੀ ਮੌਤ ਨਸ਼ੇ ਜ਼ਿਆਦਾ ਕਰਨ ਕਾਰਨ ਹੋਈ ਹੈ ਅਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਨਸ਼ਾ ਕਰਨ ਲਈ ਕੋਈ ਨਸ਼ੇ ਵਾਲੀ ਚੀਜ਼ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।