ਏਜੰਸੀਆਂ
ਸ੍ਰੀਨਗਰ/16 ਮਈ : ਪੁਲਿਸ ਨੇ ਸੋਮਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਡੀਪੋਰਾ ’ਚ ਸਰਗਰਮ ਲਸ਼ਕਰ-ਏ-ਤਇਬਾ ਦੇ ਇਕ ਮਡਿਊਲ ਨੂੰ ਤਬਾਹ ਕਰ ਕੇ ਸੱਤ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦਾ ਸਰਗਨਾ ਪਾਕਿਸਤਾਨ ਤੋਂ ਸਿਖਲਾਈ ਹਾਸਲ ਦਹਿਸ਼ਤਗਰਦ ਹੈ ਜੋ ਪਾਸਪੋਰਟ-ਵੀਜ਼ਾ ਲੈ ਕੇ ਪਾਕਿਸਤਾਨ ਗਿਆ ਸੀ। ਮਾਡਿਊਲ ’ਚ ਇਕ ਮਹਿਲਾ ਵੀ ਹੈ। ਫੜ੍ਹੇ ਗਏ ਦਹਿਸ਼ਤਗਰਦਾਂ ਕੋਲੋਂ ਦੋ ਪਿਸਤੌਲ, ਤਿੰਨ ਮੈਗਜ਼ੀਨ, 25 ਕਾਰਤੂਸ ਤੇ ਤਿੰਨ ਹੱਥਗੋਲ਼ੇ ਮਿਲੇ ਹਨ। ਇਸ ਤੋਂ ਇਲਾਵਾ ਇਕ ਈਕੋ ਵੈਨ, ਤਿੰਨ ਸਕੂਟੀਆਂ, ਇਕ ਮਾਰੂਤੀ-800 ਕਾਰ ਤੇ ਇਕ ਪਲਸਰ ਬਾਈਕ ਵੀ ਬਰਾਮਦ ਕੀਤਾ ਗਿਆ ਹੈ। ਈਕੋ ਵੈਨ ਦਾ ਇਸਤੇਮਾਲ ਦਹਿਸ਼ਤਗਰਦਾਂ ਨੂੰ ਬਾਂਡੀਪੋਰਾ ਤੋਂ ਨੌਗਾਮ, ਪੰਥਾਚੌਕ ਤੇ ਸ੍ਰੀਨਗਰ ਪਹੁੰਚਾਉਣ ਲਈ ਕੀਤਾ ਗਿਆ ਸੀ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਬਾਂਡੀਪੋਰਾ ’ਚ ਬੀਤੇ ਇਕ ਮਹੀਨੇ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੀ ਜਾਂਚ ਪੁਲਿਸ ਨੂੰ ਲਸ਼ਕਰ ਦੇ ਮਾਡਿਊਲ ਬਾਰੇ ਪਤਾ ਲੱਗਿਆ ਸੀ। ਪੁਲਿਸ ਨੇ ਇਸ ਦੇ ਮੈਂਬਰਾਂ ਦੀਆਂ ਸਰਗਰਮੀਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਬਾਰੇ ਜ਼ਰੂਰੀ ਸਬੂਤ ਜਮ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇਕ ਵਿਸ਼ੇਸ਼ ਦਲ ਬਣਾਇਆ ਗਿਆ। ਸੋਮਵਾਰ ਦੀ ਸਵੇਰ ਤੱਕ ਮਾਡਿਊਲ ਦੇ ਸਾਰੇ 7 ਮੈਂਬਰ ਗ੍ਰਿਫ਼ਤਾਰ ਕਰ ਲਏ ਗਏ। ਇਸ ’ਚ ਤਿੰਨ ਦਹਿਸ਼ਤਗਰਦ ਤੇ ਚਾਰ ਓਵਰ ਗਰਾਊਂਡ ਵਰਕਰ ਸ਼ਾਮਲ ਹਨ। ਓਵਰ ਗਰਾਊਂਡ ਵਰਕਰਾਂ ’ਚ ਇਕ ਮਹਿਲਾ ਵੀ ਸ਼ਾਮਲ ਹੈ।