- 6 ਸਮਝੌਤਿਆਂ ’ਤੇ ਕੀਤੇ ਦਸਤਖ਼ਤ
ਏਜੰਸੀਆਂ
ਲੁੰਬਿਨੀ/16 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰਨਿਮਾ ਦੇ ਮੌਕੇ ਇੱਕ ਦਿਨਾਂ ਦੌਰੇ ’ਤੇ ਨੇਪਾਲ ਪਹੁੰਚੇ।
ਵੈਸਾਖ ਬੁੱਧ ਪੂਰਨਿਮਾ ਮੌਕੇ ਪੀਲੇ ਰੰਗ ਦੀ ਪੋਸ਼ਾਕ ਪਹਿਨੇ ਪ੍ਰਧਾਨ ਮੰਤਰੀ ਮੋਦੀ ਹੈਲੀਪੈਡ ਤੋਂ ਨੇਪਾਲੀ ਪ੍ਰਧਾਨ ਮੰਤਰੀ ਨਾਲ ਸਿੱਧੇ ਮਾਇਆਦੇਵੀ ਦੇ ਮੰਦਰ ਦਰਸ਼ਨ ਲਈ ਰਵਾਨਾ ਹੋਏ।
ਇਹ ਮੰਦਰ ਭਗਵਾਨ ਬੁੱਧ ਦਾ ਜਨਮ ਅਸਥਾਨ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਪੂਜਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਨੇਪਾਲ ਪਹੁੰਚਿਆ। ਬੁੱਧ ਪੂਰਨਿਮਾ ਦੇ ਵਿਸ਼ੇਸ਼ ਮੌਕੇ ’ਤੇ ਨੇਪਾਲ ਦੇ ਲੋਕਾਂ ਵਿਚਾਲੇ ਆ ਕੇ ਖੁਸ਼ੀ ਹੋਈ। ਲੁੰਬਿਨੀ ’ਚ ਪ੍ਰੋਗਰਾਮਾਂ ਦੀ ਉਡੀਕ ’ਚ।’’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨੇਪਾਲ ਦੇ ਹਮਰੁਤਬਾ ਸ਼ੇਰ ਬਹਾਦੁਰ ਦਿਓਬਾ ਨਾਲ ਗੌਤਮ ਬੁੱਧ ਦੇ ਜਨਮ ਸਥਾਨ ਲੁੰਬਿਨੀ ਵਿੱਚ ਦੁਵੱਲੀ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਨੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਬਹੁਪੱਖੀ ਦੁਵੱਲੀ ਭਾਈਵਾਲੀ ਵਿੱਚ ਨਵੇਂ ਖੇਤਰਾਂ ਨੂੰ ਵਿਕਸਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸੱਭਿਆਚਾਰਕ ਅਤੇ ਵਿੱਦਿਅਕ ਖੇਤਰਾਂ ਵਿੱਚ ਸਹਿਯੋਗ ਲਈ ਛੇ ਸਮਝੌਤਿਆਂ ’ਤੇ ਦਸਤਖਤ ਕੀਤੇ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਲੁੰਬਿਨੀ ’ਚ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਿਰਕਤ ਕਰਨਗੇ।
ਦੱਸਣਾ ਬਣਦਾ ਹੈ ਕਿ ਪੀਐਮ ਮੋਦੀ ਆਪਣੇ ਵਿਸ਼ੇਸ਼ ਜਹਾਜ ਤੋਂ ਭਗਵਾਨ ਬੁੱਧ ਦੇ ਪ੍ਰੀਨਿਰਵਾਣ ਸਥਲ ਕੁਸ਼ੀਨਗਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ, ਜਿੱਥੋਂ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਉਹ ਭਗਵਾਨ ਬੁੱਧ ਦੇ ਜਨਮ ਅਸਥਾਨ ਨੇਪਾਲ ਸਥਿਤ ਲੁੰਬਿਨੀ ਲਈ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਤੋਂ ਰਵਾਨਾ ਹੋਏ।