BREAKING NEWS
ਮੁੱਖ ਮੰਤਰੀ ਵੱਲੋਂ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ ਸਾਰੇ ਯੋਗ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ 3 ਮੈਂਬਰੀ ਕੈਬਨਿਟ ਕਮੇਟੀ ਦਾ ਗਠਨਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾਂ ਪੁਲਿਸ ਰਿਮਾਂਡ ’ਤੇਦਿੱਲੀ : ਹਵਾਈ ਅੱਡੇ ’ਤੇ 4 ਲੋਕਾਂ ਕੋਲੋਂ 59 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦਮਣੀਪੁਰ : ਜ਼ਮੀਨ ਖਿਸਕਣ ਕਾਰਨ 72 ਜਵਾਨ ਲਾਪਤਾਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਨੇ ਪੀਐਮ ’ਤੇ ਸਾਧਿਆ ਨਿਸ਼ਾਨਾਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਕਾਰਕੁਨ ਗ੍ਰਿਫ਼ਤਾਰ : ਏਜੀਟੀਐਫ਼ਪੰਜਾਬ, ਹਰਿਆਣਾ ਤੇ ਹਿਮਾਚਲ ’ਚ ਪਹੁੰਚਿਆ ਮਾਨਸੂਨਪੰਜਾਬ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ‘ਅਗਨੀਪਥ’ ਸਕੀਮ ਤੇ ਪੰਜਾਬ ’ਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਖ਼ਿਲਾਫ਼ ਮਤੇ ਪਾਸਪੰਜਾਬ ਵਿਧਾਨ ਸਭਾ ਦੇ ਨਵੇਂ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਸਿੰਘ ਰੌੜੀਪੀ.ਐਸ.ਪੀ.ਸੀ.ਐਲ. ਵੱਲੋਂ ਇੱਕ ਦਿਨ ’ਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ

ਸੰਪਾਦਕੀ

ਲੋਕਾਂ ਦੇ ਮਸਲਿਆਂ ਲਈ ਲੜੇ ਬਗੈਰ ਪੁਨਰ-ਉਥਾਨ ਅਸੰਭਵ

May 17, 2022 11:40 AM

ਤਿੰਨ ਦਿਨਾਂ ਦੀ ਸੋਚ-ਵਿਚਾਰ ਬਾਅਦ ਕਾਂਗਰਸ ਦਾ ‘‘ਨਵ-ਸੰਕਲਪ ਚਿੰਤਨ ਸ਼ਿਵਿਰ’’ ਪਿਛਲੇ ਐਤਵਾਰ ਖ਼ਤਮ ਹੋ ਗਿਆ। ਰਾਜਸਥਾਨ ਦੇ ਉਦੈਪੁਰ ’ਚ ਲੱਗੇ ਇਸ ਚਿੰਤਨ ਕੈਂਪ ਦਾ ਉਦੇਸ਼ 2024 ਦੀਆਂ ਆਮ ਚੋਣਾਂ ਅਤੇ ਉਸ ਤੋਂ ਪਹਿਲਾਂ 10 ਰਾਜਾਂ ਵਿੱਚ ਆ ਰਹੀਆਂ ਚੋਣਾਂ ਲਈ ਕਾਂਗਰਸ ਨੂੰ ਤਿਆਰ ਕਰਨਾ ਸੀ। ਇਸ ਸਾਲ ਦੇ ਆਖਰੀ ਦੋ ਮਹੀਨਿਆਂ ’ਚ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਚੋਣਾਂ ਹੋਣੀਆਂ ਹਨ। ਜਦੋਂ ਕਿ ਅਗਲੇ ਸਾਲ ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਛਤੀਸਗੜ੍ਹ, ਤ੍ਰਿਪੁਰਾ, ਤੇਲੰਗਾਨਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਚੋਣਾਂ ਹੋਣਗੀਆਂ। ਵਰਤਮਾਨ ਸਿਆਸੀ ਦ੍ਰਿਸ਼ ਵਿੱਚ ਕਾਂਗਰਸ ਆਗੂਆਂ ਦਾ ਮੁੱਖ ਨਿਸ਼ਾਨਾ ਪਾਰਟੀ ਨੂੰ ਪੁਨਰ-ਉਥਾਨ ਲਈ ਖੜ੍ਹਾ ਕਰਨਾ ਹੈ, ਜਿਸ ਲਈ ਚਿੰਤਨ ਕੈਂਪ ਵਿੱਚ ਲੋਕਾਂ ਨਾਲ ਮੁੜ ਕੇ ਜੁੜਨ, ਜਥੇਬੰਦਕ ਸੁਧਾਰ ਕਰਨ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ਵਿਰੁੱਧ ਸੜਕਾਂ ’ਤੇ ਉਤਰਨ, ਆਦਿ, ਦੇ ਫੈਸਲੇ ਲਏ ਗਏ ਹਨ। ਭਾਰਤੀ ਜਨਤਾ ਪਾਰਟੀ ਦੀ ਭਾਰਤੀ ਸਮਾਜ ਵਿੱਚ ਵੰਡੀਆਂ ਪਾਉਣ ਦੀ ਨੀਤੀ ਵਿਰੁੱਧ ਕਾਂਗਰਸ ਨੇ 2 ਅਕਤੂਬਰ ਤੋਂ, ਮਹਾਤਮਾ ਗਾਂਧੀ ਦੇ ਜਨਮ ਦਿਨ ਤੋਂ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਜੋੜੋ ਯਾਤਰਾ ਕੱਢਣ ਦਾ ਫੈਸਲਾ ਲਿਆ ਹੈ। ਇਹ ਯਾਤਰਾ ਦਬਾਅ ਹੇਠ ਆਏ ਸਮਾਜਿਕ ਇਕਸੁਰਤਾ ਦੇ ਬੰਧਨ ਮਜ਼ਬੂਤ ਕਰਨ, ਦੇਸ਼ ਦੇ ਸੰਵਿਧਾਨ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਅਤੇ ਕਰੋੜਾਂ ਭਾਰਤੀਆਂ ਦੇ ਨਿੱਤ ਦੇ ਸਰੋਕਾਰਾਂ ਨੂੰ ਉਭਾਰਨ ਦਾ ਕੰਮ ਕਰੇਗੀ। ਜ਼ਾਹਿਰ ਹੈ ਕਿ ਇਸ ਯਾਤਰਾ ਰਾਹੀਂ ਕਾਂਗਰਸ ਦੇਸ਼ ਦੇ ਲੋਕਾਂ ਨਾਲ ਜੁੜਨ ਅਤੇ ਆਪਣੀ ਪਹਿਚਾਣ ਲੋਕਾਂ ’ਚ ਮੁੜ ਤੋਂ ਸਥਾਪਤ ਕਰਨ ਦਾ ਯਤਨ ਕਰੇਗੀ।
ਇਸ ਤੋਂ ਇਲਾਵਾਂ 2024 ਦੀਆਂ ਆਮ ਚੋਣਾਂ ਤੋਂ ਸ਼ੁਰੂ ਕਰ ਕੇ ਹਰੇਕ ਚੋਣ ਵਿੱਚ 50 ਪ੍ਰਤੀਸ਼ਤ ਟਿਕਟਾਂ 50 ਸਾਲ ਦੀ ਉਮਰ ਤੋਂ ਘੱਟ ਦੇ ਕਾਂਗਰਸੀ ਆਗੂਆਂ ਨੂੰ ਦਿੱਤੀਆਂ ਜਾਣਗੀਆਂ। ਐਲਾਨਨਾਮੇ ਵਿੱਚ ਚੁਣੇ ਗਏ ਨੁਮਾਇੰਦਿਆਂ ਦੀ ਸੇਵਾ-ਮੁਕਤੀ ਦੀ ਉਮਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਪਰ ਉਪਰਲੀ ਉਮਰ-ਸੀਮਾ ਹਾਲੇ ਨਿਸ਼ਚਿਤ ਨਹੀਂ ਕੀਤੀ ਗਈ। ਇਹ ਵੀ ਐਲਾਨ ਹੋਇਆ ਹੈ ਕਿ ਇਕ ਪਰਿਵਾਰ ’ਚ ਇਕ ਨੂੰ ਹੀ ਟਿਕਟ ਮਿਲਿਆ ਕਰੇਗੀ ਪਰ ਇਸ ਅਸੂਲ ’ਚ ਛੋਟ ਇਹ ਹੈ ਕਿ ਜੇਕਰ ਪਰਿਵਾਰ ਦੇ ਹੋਰ ਵਿਅਕਤੀ ਨੇ ਘੱਟੋ-ਘੱਟ 5 ਸਾਲ ਪਾਰਟੀ ਦਾ ਕੰਮ ਕੀਤਾ ਹੈ ਤਾਂ ਉਸ ਨੂੰ ਟਿਕਟ ਦੇਣ ਬਾਰੇ ਸੋਚਿਆ ਜਾਵੇਗਾ। ਜਥੇਬੰਦਕ ਸੁਧਾਰ ’ਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ 5 ਸਾਲ ਤੋਂ ਵਧੇਰੇ ਸਮੇਂ ਲਈ ਇਕ ਅਹੁਦੇ ’ਤੇ ਨਹੀਂ ਬਣਿਆ ਰਹੇਗਾ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ’ਚੋਂ ਪਾਰਟੀ ਪ੍ਰਧਾਨ ਇਕ ਸਲਾਹਕਾਰ ਕਮੇਟੀ ਨਿਰਮਤ ਕਰੇਗਾ ਜੋ ਸਿਆਸੀ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰੇਗੀ। ਹਰੇਕ ਰਾਜ ਵਿੱਚ ਸਿਆਸੀ ਮਾਮਲਿਆਂ ਬਾਰੇ ਵੀ ਇਕ ਕਮੇਟੀ ਬਣਾਈ ਜਾਵੇਗੀ। ਜਨਤਾ ਨਾਲ ਤਾਲਮੇਲ ਰੱਖਣ, ਚੋਣ-ਪ੍ਰਬੰਧ ਕਰਨ ਅਤੇ ਕਾਰਕੁਨਾਂ ਦੀ ਕੌਮੀ ਸਿਖਲਾਈ ਲਈ ਵਿਭਾਗ ਕਾਇਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਆਪਣਾ ਸਮਾਪਨ ਭਾਸ਼ਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਵਿਸ਼ਵਾਸ ਨਾਲ ਮੁਕਾਇਆ ਕਿ ਕਾਂਗਰਸ ਦਾ ਪੁਨਰ ਉਭਾਰ ਹੋ ਕੇ ਰਹੇਗਾ। ਚਿੰਤਨ ਕੈਂਪ ਦੇ ਦੂਜੇ ਦਿਨ ਸੋਨੀਆ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਵਿਰੁੱਧ ਬੋਲਦਿਆਂ ਕਿਹਾ ਸੀ ਕਿ ਇਹ ਪਾਰਟੀ ਦੇਸ਼ ਦੀਆਂ ਘੱਟ-ਗਿਣਤੀਆਂ ਪ੍ਰਤੀ ਨਿਰਦਈ ਹੈ ਜਦੋਂ ਕਿ ਸਭ ਬਰਾਬਰ ਦੇ ਨਾਗਰਿਕ ਹਨ। ਇਸੇ ਵਿਚਾਰ ਨੂੰ ਅਗਾਂਹ ਲਿਜਾਂਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਨਾਲ ਲੜਾਈ ਵਿਚਾਰਧਾਰਾ ਦੀ ਲੜਾਈ ਹੈ ਜੋ ਉਹ ਨਿਡਰਤਾ ਨਾਲ ਲੜਦੇ ਰਹਿਣਗੇ। ਬਹਰਹਾਲ ਕਾਂਗਰਸ ਨੇ ਹਮਖਿਆਲ ਸਿਆਸੀ ਪਾਰਟੀਆਂ ਨਾਲ ਮਿਲ ਕੇ ਚੱਲਣ ਦਾ ਫੈਸਲਾ ਵੀ ਕੀਤਾ ਹੈ।
ਇਸ ’ਚ ਸੰਦੇਹ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੀ ਨਕਲੀ ਦੇਸ਼ ਭਗਤੀ ਅਤੇ ਵੰਡ ਪਾਊ ਫਿਰਕੂ ਸਿਆਸਤ ਨੂੰ ਭਾਂਜ ਦੇਣ ਦੀ ਸਖ਼ਤ ਲੋੜ ਹੈ ਪਰ ਇਸ ਮੰਤਵ ਦੀ ਪ੍ਰਾਪਤੀ ਤਦ ਤੱਕ ਸੰਭਵ ਨਹੀਂ ਜਦੋਂ ਤੱਕ ਫ਼ਿਰਕੂ ਤਾਕਤਾਂ ਵਿਰੁੱਧ ਸੰਸਦ ਤੋਂ ਸੜਕ ਤੱਕ ਡਟ ਕੇ ਲੜਾਈ ਨਹੀਂ ਲੜੀ ਜਾਂਦੀ। ਇਸ ਲੜਾਈ ਵਿੱਚੋਂ ਹੀ ਅਸਲ ਨਵੇਂ ਭਾਰਤ ਦੇ ਨਿਰਮਾਤਾ ਪੈਦਾ ਹੋਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ