- ਬਲੱਡ ਪ੍ਰੈੱਸ਼ਰ ਇਕ ਸਾਈਲੈਂਟ ਕਿਲਰ : ਸਿਵਲ ਸਰਜਨ
ਸ੍ਰੀ ਫ਼ਤਹਿਗੜ੍ਹ ਸਾਹਿਬ/ 17 ਮਈ (ਰਵਿੰਦਰ ਸਿੰਘ ਢੀਂਡਸਾ) : ਅੱਜ ਦੁਨੀਆਂ ਦੀ 30 ਪ੍ਰਤੀਸ਼ਤ ਅਬਾਦੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਜੂਝ ਰਹੀ ਹੈ ਜੋ ਕਿ ਇਕ ਗੰਭੀਰ ਸਮੱਸਿਆ ਹੈ ਕਿਉਂਕਿ ਜਿਸ ਮਨੁੱਖ ਨੂੰ ਇਹ ਬਿਮਾਰੀ ਹੋ ਜਾਵੇ ਤਾਂ ਉਸ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਗੁਰਦਿਆਂ ਦੀ ਬਿਮਾਰੀ, ਹਾਰਟ ਅਟੈਕ, ਅਤੇ ਸਟਰੋਕ ਆਦਿ ਆ ਘੇਰਦੀਆਂ ਹਨ ਇਸ ਲਈ ਸਾਨੂੰ ਆਪਣਾ ਬਲੱਡ ਪ੍ਰੈਸ਼ਰ ਹਮੇਸ਼ਾਂ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਜ਼ਿਲ੍ਹਾ ਹਸਪਤਾਲ ਵਿਖੇ "ਵਿਸ਼ਵ ਹਾਈਪਰਟੈਂਸ਼ਨ ਦਿਵਸ" ਮਨਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਇਕ ਸਾਈਲੈਂਟ ਕਿੱਲਰ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੈ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਉਦੋਂ ਤਕ ਸਰੀਰ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਦਾ ਮੁੱਖ ਕਾਰਨ ਆਰਾਮਦਾਇਕ ਜੀਵਨਸ਼ੈਲੀ ,ਕਸਰਤ ਨਾ ਕਰਨਾ, ਬੇਤੁਕਾ, ਜਿਆਦਾ, ਅਸੰਤੁਲਿਤ ਤੇ ਤਲਿਆ ਹੋਇਆ ਭੋਜਨ ਖਾਣਾ ਆਦਿ ਇਸ ਦੇ ਮੁੱਖ ਕਾਰਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਰੋਜ਼ ਕਸਰਤ ਕਰਨ, ਨਮਕ ਤੇ ਮਿੱਠੇ ਦਾ ਇਸਤੇਮਾਲ ਘੱਟ ਕਰਨ ਅਤੇ ਤਣਾਅ ਮੁਕਤ ਜੀਵਨ ਜੀਉਣ ਨਾਲ ਅਸੀਂ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖ ਸਕਦੇ ਹਾਂ।
ਇਸ ਮੌਕੇ 'ਤੇ ਅਤਿ ਆਧੁਨਿਕ "ਆਰਮ ਇਨ ਆਟੋਮੈਟਿਕ ਬਲੱਡ ਪ੍ਰੈਸ਼ਰ ਮਸ਼ੀਨ" ਨਾਲ 183 ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਅਤੇ ਹਾਜ਼ਰ ਲੋਕਾਂ ਨੂੰ ਇਸ ਨੂੰ ਕਾਬੂ ਵਿੱਚ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ 'ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਮਰਜੀਤ ਸਿੰਘ ਸੋਹੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕਸ਼ੀਤਿਜ ਸੀਮਾ, ਹਾਈਪਰਟੈਂਸ਼ਨ ਪ੍ਰੋਗਰਾਮ ਦੇ ਇੰਚਾਰਜ ਜੋਤੀ ਗੁਲੀਆ ਆਦਿ ਹਾਜ਼ਰ ਸਨ।