ਏਜੰਸੀਆਂ
ਕਿੰਗਸਟਨ/17 ਮਈ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਨਾਮ ’ਤੇ ਬਣੀ ਇਕ ਸੜਕ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦੇ ਕੰਮਾਂ ਨੂੰ ਉਜਾਗਰ ਕਰਨ ਵਾਲੀ ਇੱਕ ਯਾਦਗਾਰ ਸੜਕ ਦਾ ਉਦਘਾਟਨ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ‘ਜਮਾਇਕਾ ਇਨਫਰਮੇਸ਼ਨ ਸਰਵਿਸ’ (ਜੇਆਈਐਸ) ਨੇ ਦੱਸਿਆ ਕਿ ‘ਡਾ. ਅੰਬੇਡਕਰ ਐਵੇਨਿਊ’ ਕਿੰਗਸਟਨ ਵਿੱਚ ਟਾਵਰ ਸਟਰੀਟ ਦਾ ਹਿੱਸਾ ਹੈ। ਸਰਕਾਰੀ ਪ੍ਰੋਗਰਾਮਾਂ, ਪ੍ਰੋਜੈਕਟਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦਾ ਜ਼ਿੰਮਾ ਜੇਆਈਐਸ ’ਤੇ ਹੀ ਹੈ। ਜੇਆਈਐਸ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਮੰਤਰੀ ਡੇਸਮੰਡ ਮੈਕੇਂਜੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਡਾ. ਅੰਬੇਡਕਰ ਦੇ ਵਡਮੁੱਲੇ ਕੰਮਾਂ ਨੂੰ ਉਜਾਗਰ ਕਰਨ ਵਾਲੀ ਇਕ ਯਾਦਗਾਰ ਦਾ ਵੀ ਉਦਘਾਟਨ ਕੀਤਾ।
ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿੰਗਸਟਨ ਸ਼ਹਿਰ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਸਨਮਾਨ ਵਿਚ ‘ਡਾ. ਅੰਬੇਡਕਰ ਐਵੇਨਿਊ’ ਦਾ ਉਦਘਾਟਨ ਕੀਤਾ।’
ਇਸ ਮੌਕੇ ’ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਮਹਾਨ ਸਪੂਤਾਂ ਵਿੱਚੋਂ ਇੱਕ ਨੂੰ ਉਸ ਦੇ ਘਰ ਤੋਂ ਬਹੁਤ ਦੂਰ ਪਛਾਣਿਆ ਜਾ ਰਿਹਾ ਹੈ। ਡਾ. ਬੀ.ਆਰ. ਅੰਬੇਡਕਰ ਨੂੰ ਰਸਮੀ ਤੌਰ ’ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤੀ ਸੰਵਿਧਾਨ ਵਿੱਚ ਵੰਚਿਤ ਵਰਗਾਂ ਦੇ ਸਮਾਜਿਕ ਅਤੇ ਆਰਥਿਕ ਸਸਕਤੀਕਰਨ ਲਈ ਅਗਾਂਹਵਧੂ ਵਿਚਾਰ ਪੇਸ ਕੀਤੇ। ਡਾ. ਅੰਬੇਡਕਰ ਨੇ ਅਸਮਾਨਤਾ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਲਈ ਲੋਕਾਂ ਨੂੰ ਸਿੱਖਿਅਤ ਅਤੇ ਪ੍ਰੇਰਿਤ ਕੀਤਾ।’
ਰਾਸ਼ਟਰਪਤੀ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਐਤਵਾਰ ਰਾਤ ਜਮਾਇਕਾ ਦੀ ਰਾਜਧਾਨੀ ਕਿੰਗਸਟਨ ਪਹੁੰਚੇ ਸਨ। ਕਿਸੇ ਭਾਰਤੀ ਰਾਸ਼ਟਰਪਤੀ ਦਾ ਕੈਰੇਬੀਅਨ ਦੇਸ਼ ਦਾ ਇਹ ਪਹਿਲਾ ਦੌਰਾ ਹੈ। ਰਾਸ਼ਟਰਪਤੀ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਮੌਕੇ ਜਮਾਇਕਾ ਪਹੁੰਚੇ ਹਨ।
ਜਮਾਇਕਾ ਅਤੇ ਭਾਰਤ ਦੇ ਦੋਸਤਾਨਾ ਸਬੰਧ ਹਨ। ਜਮਾਇਕਾ ਵੀ ਇੰਡੈਂਟਡ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਲਗਭਗ 70,000 ਭਾਰਤੀ ਪ੍ਰਵਾਸੀ ਰਹਿੰਦੇ ਹਨ। ਇਹ ਲੋਕ ਦੋਵਾਂ ਦੇਸ਼ਾਂ ਵਿਚਕਾਰ ਇੱਕ ਜਿਉੂਂਦੇ ਜਾਗਦੇ ਪੁਲ ਵਾਂਗ ਹਨ।