ਏਜੰਸੀਆਂ
ਸੀਤਾਪੁਰ/20 ਮਈ : ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜਮ ਖਾਨ 27 ਮਹੀਨਿਆਂ ਬਾਅਦ ਜੇਲ ’ਚੋਂ ਰਿਹਾਅ ਹੋ ਗਏ ਹਨ। ਸੁਪਰੀਮ ਕੋਰਟ ਵੱਲੋਂ ਧੋਖਾਧੜੀ ਦੇ ਕੇਸ ਵਿੱਚ ਪੇਸ਼ਗੀ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖਾਨ ਸ਼ੁੱਕਰਵਾਰ ਸਵੇਰੇ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ੍ਹ ਵਿੱਚੋਂ ਬਾਹਰ ਆ ਗਏ। ਵੀਰਵਾਰ ਨੂੰ ਸੁਪਰੀਮ ਕੋਰਟ ’ਤੋਂ ਆਜ਼ਮ ਖਾਨ ਨੂੰ ਉਨ੍ਹਾਂ ਖ਼ਿਲਾਫ਼ ਦਰਜ 89ਵੇਂ ਮਾਮਲੇ ’ਚ ਪੇਸ਼ਗੀ ਜਮਾਨਤ ਮਿਲੀ ਸੀ। ਖਾਨ ਦੇ ਪੁੱਤਰ ਅਤੇ ਵਿਧਾਇਕ ਅਬਦੁੱਲਾ ਆਜ਼ਮ, ਪ੍ਰਗਤੀਸੀਲ ਸਮਾਜਵਾਦੀ ਪਾਰਟੀ (ਲੋਹੀਆ) ਦੇ ਨੇਤਾ ਸ਼ਿਵਪਾਲ ਸਿੰਘ ਯਾਦਵ ਅਤੇ ਵੱਡੀ ਗਿਣਤੀ ਸਮਰਥਕਾਂ ਨੇ 27 ਮਹੀਨਿਆਂ ਬਾਅਦ ਰਿਹਾਈ ਹੋਣ ’ਤੇ ਸੀਨੀਅਰ ਸਪਾ ਨੇਤਾ ਦਾ ਸਵਾਗਤ ਕੀਤਾ। ਆਜ਼ਮ ਖਾਨ ’ਤੇ ਜ਼ਮੀਨ ਹੜੱਪਣ ਸਮੇਤ 88 ਮਾਮਲੇ ਦਰਜ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਖਾਨ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਸੀਤਾਪੁਰ ਜੇਲ੍ਹ ਦੇ ਜੇਲ੍ਹਰ ਆਰਐਸ ਯਾਦਵ ਨੇ ਦੱਸਿਆ ਕਿ ਰਿਹਾਈ ਦਾ ਹੁਕਮ ਵੀਰਵਾਰ ਰਾਤ ਕਰੀਬ 11 ਵਜੇ ਪ੍ਰਾਪਤ ਹੋਇਆ ਸੀ ਅਤੇ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕਰਨ ਤੋਂ ਬਾਅਦ ਖਾਨ ਨੂੰ ਸੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ ਗਿਆ।