ਪੀ.ਪੀ. ਵਰਮਾ
ਪੰਚਕੂਲਾ/20 ਮਈ : ਪੰਚਕੂਲਾ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਮੁਹਾਲੀ ਏਅਰਪੋਰਟ ਜਾਂਦੇ ਹੋਏ ਹਾਦਸਾ ਗ੍ਰਸ਼ਤ ਹੋ ਗਏ। ਇਸ ਹਾਦਸੇ ਵਿੱਚ ਸਪੀਕਰ ਦੀ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਹੋਰ ਵਾਹਨ ਨਾਲ ਇਹਨਾਂ ਦੀ ਗੱਡੀ ਨਾਲ ਟੱਕਰਾ ਗਿਆ। ਵਿਧਾਨ ਸਭਾ ਸਪੀਕਰ ਨੂੰ ਤੁਰੰਤ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਸੈਕਟਰ-6 ਵਿੱਚ ਮੈਡੀਕਲ ਲਈ ਲਿਆਂਦਾ ਗਿਆ। ਜਿੱਥੇ ਉਹਨਾਂ ਦੀ ਐਮਆਰਆਈ, ਬੀਪੀ ਅਤੇ ਹੋਰ ਮੈਡੀਕਲ ਜਾਂਚ ਕੀਤੀ ਗਈ। ਜਿਨ੍ਹਾਂ ਦੀਆਂ ਰਿਪੋਰਟਾਂ ਬਿਲਕੁਲ ਠੀਕ ਆਈਆਂ ਹਨ। ਮੈਡੀਕਲ ਕੀਤੇ ਜਾਣ ਦੀ ਪੁਸ਼ਟੀ ਚੀਫ ਮੈਡੀਕਲ ਅਫ਼ਸਰ ਡਾ. ਸੁਵੀਰ ਸਕਸੈਨਾ ਨੇ ਕੀਤੀ ਹੈ ਅਤੇ ਹਾਦਸੇ ਦੀ ਪੁਸ਼ਟੀ ਪੰਚਕੂਲਾ ਦੇ ਡੀਸੀ ਮਹਾਂਵੀਰ ਕੌਸ਼ਿਕ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਨੇ ਵੀ ਕੀਤੀ ਹੈ। ਦੇਰ ਸ਼ਾਮ ਤੱਕ ਸਿਆਸੀ ਨੇਤਾਵਾਂ ਦੀ ਭੀੜ ਗਿਆਨ ਚੰਦ ਗੁਪਤਾ ਦੇ ਘਰ ਲੱਗੀ ਰਹੀ ਜਿਹੜੇ ਸਪੀਕਰ ਗੁਪਤਾ ਦਾ ਹਾਲਚਾਲ ਪੁੱਛਣ ਲਈ ਆਉਂਦੇ ਰਹੇ।