ਏਜੰਸੀਆਂ
ਨਵੀਂ ਦਿੱਲੀ/20 ਮਈ : ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ’ਤੇ ਜਲਦ ਪਹੁੰਚਣ ਤੋਂ ਬਾਅਦ ਦੱਖਣ-ਪੱਛਮੀ ਮਾਨਸੂਨ ਕੇਰਲ ਵੱਲ ਵਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਹਫਤੇ ਦੇ ਅੱਧ ਤੱਕ ਸੂਬੇ ਵਿੱਚ ਦਸਤਕ ਦੇਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਹਫ਼ਤੇ ਦੇ ਅੰਤ ਤੱਕ ਦੱਖਣ-ਪੱਛਮੀ ਮਾਨਸੂਨ ਦੇ ਕੇਰਲ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਰਹਿਣਗੇ। ਜੇਕਰ ਇਸ ਹਫਤੇ ਦੇ ਅੰਤ ਤੱਕ ਕੇਰਲ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਹਾਲ ਹੀ ਦੇ ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ। ਇਸ ਤੋਂ ਪਹਿਲਾਂ 2009 ’ਚ ਮਾਨਸੂਨ 23 ਮਈ ਨੂੰ ਕੇਰਲ ਪਹੁੰਚਿਆ ਸੀ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪੰਜ ਦਿਨ ਪਹਿਲਾਂ ਕੇਰਲ ਵਿੱਚ ਮਾਨਸੂਨ ਦੇ 27 ਮਈ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਸੀ। ਆਮ ਤੌਰ ’ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਉੱਤਰ-ਪੂਰਬ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।