ਏਜੰਸੀਆਂ
ਨਵੀਂ ਦਿੱਲੀ/20 ਮਈ : ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਉਸ ਵੱਲੋਂ ਨਿਯੁਕਤ ਤਕਨੀਕੀ ਅਤੇ ਨਿਗਰਾਨ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਕਰਨ ਦੀ ਮਿਆਦ ਵਧਾ ਦਿੱਤੀ। ਸਰਵਉੱਚ ਅਦਾਲਤ ਨੇ ਕਿਹਾ ਕਿ ਇਜ਼ਰਾਈਲੀ ਸਪਾਈਵੇਅਰ ਲਈ 29 ਪ੍ਰਭਾਵਿਤ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਕਿਰਿਆ ਚਾਰ ਹਫਤਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਭਾਰਤ ਦੇ ਚੀਫ ਜਸਟਿਸ ਐੱਨਵੀ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਤਕਨੀਕੀ ਕਮੇਟੀ ਸਪਾਈਵੇਅਰ ਲਈ ਪ੍ਰਭਾਵਿਤ ਮੋਬਾਈਲ ਫੋਨਾਂ ਦੀ ਜਾਂਚ ਕਰ ਰਹੀ ਹੈ ਤੇ ਉਸ ਨੇ ਪੱਤਰਕਾਰਾਂ ਸਣੇ ਕੁੱਝ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਕਮੇਟੀ ਨੂੰ ਮੋਬਾਈਲ ਉਪਕਰਨਾਂ ਦੀ ਜਾਂਚ ’ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਚਾਰ ਹਫ਼ਤਿਆਂ ’ਚ ਆਪਣੀ ਰਿਪੋਰਟ ਨਿਗਰਾਨੀ ਕਰ ਰਹੇ ਜੱਜ ਨੂੰ ਭੇਜਣ। ਸਮਾਂ ਵਧਾਉਣ ਦੀ ਅਪੀਲ ਨੂੰ ਸਵਿਕਾਰ ਕਰਦਿਆਂ ਬੈਂਚ ਨੇ ਕਿਹਾ ਕਿ ਉਹ ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ’ਚ ਕਰੇਗੀ। ਅੰਤ੍ਰਿਮ ਰਿਪੋਰਟ ’ਚ ਸਮੁੱਚੀ ਕਵਾਇਦ ਨੂੰ ਪੂਰਾ ਕਰਨ ਅਤੇ ਸੁਪਰੀਮ ਕੋਰਟ ’ਚ ਇਕ ਵਿਆਪਕ ਰਿਪੋਰਟ ਦਾਇਰ ਕਰਨ ਲਈ 20 ਜੂਨ 2022 ਤੱਕ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ।