ਬਲਜਿੰਦਰ ਬਰਾੜ
ਫਰੀਦਕੋਟ/20 ਮਈ : ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਜੇ ਤੱਕ ਵਫ਼ਾ ਨਹੀਂ ਕੀਤੇ ਅਤੇ ਅਜੇ ਵੀ ਉਕਤ ਸੱਤਾਧਾਰੀ ਪਾਰਟੀ ਟਾਲ-ਮਟੋਲ ਅਤੇ ਲਾਰਿਆਂ ਦੀ ਨੀਤੀ ਅਪਣਾ ਰਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਰੀਦਕੋਟ ਦੇ ਸਮਾਜਸੇਵੀ ਰਾਜੂ ਮੁਛਾਲ ਨੇ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਘਰੇਲੂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇਗਾ ਪਰ ਅਜੇ ਤੱਕ ਪੰਜਾਬ ਦੀ ਕਿਸੇ ਵੀ ਬੀਬੀ ਦੇ ਖਾਤੇ ਵਿਚ ਇੱਕ ਹਜਾਰ ਰੁਪਏ ਨਹੀਂ ਆਏ । ਉਨ੍ਹਾਂ ਕਿਹਾ ਕਿ ਆਮ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਤਿੱਨ ਸੌ ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗੱਲ ਕੀਤੀ ਸੀ ਪਰ ਤਿੱਨ ਸੌ ਯੂਨਿਟ ਮੁਫਤ ਬਿਜਲੀ ਤਾਂ ਛੱਡੋ, ਬਿਜਲੀ ਹੀ ਕਿਸ਼ਤਾਂ ਵਿੱਚ ਆ ਰਹੀ ਹੈ ਜਿਸ ਕਾਰਨ ਪੰਜਾਬ ਦੇ ਲੋਕ ਨਵੀਂ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਨਜ਼ਰ ਆ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਤਰ੍ਹਾਂ ਹੀ ਕਰਦੀ ਰਹੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਅਵਾਮ ਇਸ ਪਾਰਟੀ ਨੂੰ ਮੂੰਹ ਨਹੀਂ ਲਗਾਵੇਗਾ ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜੀ ਵੱਲੋਂ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਕੋਈ ਵੀ ਧਰਨਾ ਨਹੀਂ ਲਗਾਵੇਗਾ ਪਰ ਅੱਜ ਸਰਕਾਰੀ ਮੁਲਾਜ਼ਮ, ਠੇਕਾ ਮੁਲਾਜ਼ਮ, ਕਿਸਾਨ ਅਤੇ ਆਮ ਲੋਕ ਧਰਨੇ-ਮੁਜ਼ਾਹਰੇ ਕਰਨ ਲਈ ਮਜ਼ਬੂਰ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਮਿਲ ਸਕਣ।